ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਜੂਨ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਚੌਥੇ ਦਿਨ ਵੀ ਪਿੰਡਾਂ ਵਿੱਚ ਧਰਨਿਆਂ ਦਾ ਦੌਰ ਜਾਰੀ ਰਿਹਾ। ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਅਤੇ ਜਗਸੀਰ ਸਿੰਘ ਝੁੰਬਾ ਨੇ ਦਾਅਵਾ ਕੀਤਾ ਕਿ ਅੱਜ ਬਠਿੰਡਾ ਜ਼ਿਲ੍ਹੇ ਦੇ 120 ਪਿੰਡਾਂ ਵਿੱਚ ਧਰਨੇ ਲੱਗੇ। ਬੁਲਾਰਿਆਂ ਨੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਬੈਂਕ ਤੋਂ ਪਾਣੀ ਤੇ ਖੇਤੀ ਬਚਾਉਣ ਲਈ ਪਿੰਡਾਂ ’ਚ ਇਹ ਧਰਨੇ ਲਾਏ ਜਾ ਰਹੇ ਹਨ। ਧਰਨਿਆਂ ਨੂੰ ਬਸੰਤ ਸਿੰਘ ਕੋਠਾਗੁਰੂ, ਜਗਸੀਰ ਸਿੰਘ ਝੁੰਬਾ, ਸੁਖਦੇਵ ਸਿੰਘ ਰਾਮਪੁਰਾ, ਹਰਿੰਦਰ ਕੌਰ ਬਿੰਦੂ, ਕਰਮਜੀਤ ਕੌਰ ਲਹਿਰਾਖਾਨਾ, ਬਲਜੀਤ ਸਿੰਘ ਪੂਹਲਾ, ਗੁਰਮੇਲ ਸਿੰਘ ਬਬਲੀ, ਕੁਲਵੰਤ ਸ਼ਰਮਾ, ਅਮਰੀਕ ਸਿੰਘ ਸਿਵੀਆਂ, ਗੁਰਤੇਜ ਸਿੰਘ ਗੁਰੂਸਰ ਆਦਿ ਨੇ ਸੰਬੋਧਨ ਕੀਤਾ।