ਸ਼ਗਨ ਕਟਾਰੀਆ
ਬਠਿੰਡਾ, 28 ਦਸੰਬਰ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਜਾਰੀ ਉਮੀਦਵਾਰਾਂ ਦੀ ਪੰਜਵੀਂ ਸੂਚੀ ’ਚ ਬਠਿੰਡਾ (ਸ਼ਹਿਰੀ) ਤੋਂ ਜਗਰੂਪ ਸਿੰਘ ਗਿੱਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸ੍ਰੀ ਗਿੱਲ ਇਸ ਹਲਕੇ ਦੇ ਇੰਚਾਰਜ ਵਿਚਰ ਰਹੇ ਸਨ। ਉਹ ਨਿਰੰਤਰ ਛੇ ਵਾਰ ਸ਼ਹਿਰ ਦੇ ਕੌਂਸਲਰ ਬਣੇ ਅਤੇ ਹੁਣ ਵੀ ਕੌਂਸਲਰ ਹਨ। ਉਹ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ’ਤੇ ਵੀ ਰਹੇ ਹਨ। ਉਨ੍ਹਾਂ ਲੰਘੀਆਂ ਨਿਗਮ ਚੋਣਾਂ ’ਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਚੋਣ ਲੜੀ ਅਤੇ ਸਫ਼ਲ ਰਹੇ। ਕਾਬਿਲੇ ਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਬਠਿੰਡਾ (ਸ਼ਹਿਰੀ) ਹਲਕੇ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਟਿਕਟ ਅਲਾਟ ਕੀਤੀ ਗਈ ਹੈ ਜਦ ਕਿ ਕਾਂਗਰਸ ਵੱਲੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੁੜ ਟਿਕਟ ਦੇਣ ਦੀ ਵੱਡੀ ਸੰਭਾਵਨਾ ਹੈ। ਹਲਕੇ ’ਚ ਵਿਆਪਕ ਆਧਾਰ ਰੱਖਣ ਤੋਂ ਇਲਾਵਾ ਜਗਰੂਪ ਸਿੰਘ ਗਿੱਲ ਸਾਫ਼ ਅਤੇ ਬੇਦਾਗ਼ ਛਵੀ ਵਾਲੇ ਆਗੂ ਹੋਣ ਕਰਕੇ ਮੁਕਾਬਲਾ ਰੌਚਿਕ ਹੋਣ ਦੇ ਆਸਾਰ ਬਣ ਗਏ ਹਨ। ਉਧਰ ਜਗਰੂਪ ਸਿੰਘ ਗਿੱਲ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਉਣ ’ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।