ਕਾਲਾਂਵਾਲੀ: ਇਲਾਕੇ ਵਿੱਚ ਆਈ ਹਨੇਰੀ ਅਤੇ ਮੀਂਹ ਕਾਰਨ ਪਿੰਡ ਔਢਾਂ ਦੀ ਨੂਹੀਆਂਵਾਲੀ ਰੋਡ ’ਤੇ ਕਈ ਦਰੱਖਤ ਸੜਕ ’ਤੇ ਡਿੱਗ ਪਏ। ਇਸੇ ਦੌਰਾਨ ਛੇ ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਜਿਸ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਨੇਰੀ ਆਉਣ ਕਾਰਨ ਪਿੰਡ ਔਢਾਂ ਦੀ ਨੂਹੀਆਂਵਾਲੀ ਰੋਡ ’ਤੇ 11 ਕੇਵੀ ਲਾਈਨ ਡਿੱਗਣ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪਿਆ। ਇਸ ਕਾਰਨ ਨੂਹੀਆਂਵਾਲੀ ਥਰਡ ਏਪੀ ਫੀਡਰ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਲਾਈਨ ਨਾਲ ਕਿਸਾਨਾਂ ਦੇ ਖੇਤਾਂ ਦੀਆਂ ਮੋਟਰਾਂ ਜੁੜੀਆਂ ਹੋਈਆਂ ਹਨ। ਇਸ ਦੀ ਸਪਲਾਈ ਹਾਲੇ ਵੀ ਬੰਦ ਹੈ। ਇਸ ਸਬੰਧੀ ਲਾਈਨਮੈਨ ਸੰਦੀਪ ਗੋਦਾਰਾ ਨੇ ਦੱਸਿਆ ਕਿ ਇਸ ਲਾਈਨ ਦੇ ਛੇ ਖੰਭੇ ਟੁੱਟੇ ਹੋਏ ਹਨ, ਜਿਨ੍ਹਾਂ ਨੂੰ ਜਲਦੀ ਹੀ ਬਦਲ ਕੇ ਸਪਲਾਈ ਸੁਚਾਰੂ ਢੰਗ ਨਾਲ ਕਰਵਾਈ ਜਾਵੇਗੀ। ਦੂਜੇ ਪਾਸੇ ਸੜਕ ’ਤੇ ਕਈ ਦਰੱਖਤ ਡਿੱਗਣ ਕਾਰਨ ਆਵਾਜਾਈ ਬੰਦ ਹੋ ਗਈ ਹੈ। -ਪੱਤਰ ਪ੍ਰੇਰਕ