ਨਿਜੀ ਪੱਤਰ ਪ੍ਰੇਰਕ
ਸੰਗਰੂਰ, 15 ਅਪਰੈਲ
ਰਾਸ਼ਟਰੀ ਘੱਟਗਿਣਤੀ ਦਲਿਤ ਦਲ ਪੰਜਾਬ ਦੀ ਅਗਵਾਈ ਹੇਠ ਔਰਤਾਂ ਵਲੋਂ ਲੱਖਾ ਸਿਧਾਣਾ ਦੇ ਭਰਾ ਦੀ ਦਿੱਲੀ ਪੁਲੀਸ ਵਲੋਂ ਕੀਤੀ ਕੁੱਟਮਾਰ ਦੇ ਖ਼ਿਲਾਫ਼ ਅਤੇ ਹੋਰ ਮੰਗਾਂ ਨੂੰ ਲੈ ਕੇ ਇੱਥੇ ਡੀਸੀ ਕੰਪਲੈਕਸ ਅੱਗੇ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਰੋਸ ਮਾਰਚ ਕਰਦਿਆਂ ਪ੍ਰਦਰਸ਼ਨਕਾਰੀ ਔਰਤਾਂ ਵਲੋਂ ਲੱਖਾ ਸਿਧਾਣਾ ਦੇ ਹੱਕ ਵਿਚ ਅਤੇ ਕੇਂਦਰ ਸਰਕਾਰ,ਪੰਜਾਬ ਸਰਕਾਰ ਅਤੇ ਦਿੱਲੀ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਵਲੋਂ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਦੀ ਅਗਵਾਈ ਹੇਠ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਦਿੱਲੀ ਪੁਲੀਸ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਕਰਨ ਵਾਲੇ ਦਿੱਲੀ ਪੁਲੀਸ ਦੇ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਔਰਤਾਂ ਸਿਰ ਫਾਇਨਾਂਸ ਕੰਪਨੀਆਂ ਦੇ ਚੜ੍ਹੇ ਕਰਜ਼ੇ ਮੁਆਫ਼ ਕੀਤੇ ਜਾਣ, ਬਿਜਲੀ ਬਿਲ ਮੁਆਫ਼ ਕੀਤੇ ਜਾਣ, ਛੋਟੇ ਛੋਟੇ ਕਾਰੋਬਾਰ ਚਲਾਉਣ ਲਈ ਔਰਤਾਂ ਨੂੰ ਸਰਕਾਰੀ ਤੌਰ ’ਤੇ ਘੱਟ ਵਿਆਜ਼ ’ਤੇ ਕਰਜ਼ੇ ਦਿੱਤੇ ਜਾਣ। ਇਸ ਮੌਕੇ ਪ੍ਰੇਮ ਸਿੰਘ, ਇੰਦਰਜੀਤ ਕੌਰ ਦਿਆਲਗੜ੍ਹ, ਅਵਤਾਰ ਕੌਰ ਧੂਰੀ, ਜਗਸੀਰ ਸਿੰਘ, ਧਰਮਪਾਲ ਸਿੰਘ, ਸੰਤੋਸ਼ ਦਿੜ੍ਹਬਾ, ਕਰਮਜੀਤ ਕੌਰ ਭਸੌੜ ਆਦਿ ਨੇ ਵੀ ਸੰਬੋਧਨ ਕੀਤਾ।