ਡਾ. ਸ਼ਿਆਮ ਸੁੰਦਰ ਦੀਪਤੀ
ਦੇਸ਼ ਵਿਚ ਇਕ ਵਾਰੀ ਫਿਰ ਤੋਂ ਤਕਰੀਬਨ ਉਸੇ ਤਰ੍ਹਾਂ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਹਨ, ਜਿਹੋ ਜਿਹੇ ਪਿਛਲੇ ਸਾਲ ਇਨ੍ਹਾਂ ਦਿਨਾਂ ਦੌਰਾਨ ਸਨ। ਲਗਾਤਾਰ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਤੇ ਉਸੇ ਤਰ੍ਹਾਂ ਹੀ ਮੀਡੀਆ ਦੀ ਪੇਸ਼ਕਸ਼ ਅਤੇ ਤਕਰੀਬਨ ਉਹੀ ਹਦਾਇਤਾਂ, ਮਾਸਕ, ਦੂਰੀ। ਹਾਲਾਤ ’ਤੇ ਕਾਬੂ ਪਾਉਣ ਲਈ ਰਾਤ ਦਾ ਕਰਫ਼ਿਊ, ਰੈਲੀਆਂ, ਇਕੱਠਾ ’ਤੇ ਬੰਦਿਸ਼ਾਂ ਅਤੇ ਲੌਕਡਾਊੁਨ ਦੀ ਚਿਤਾਵਨੀ। ਹਰ ਪਾਸੇ ਕਹਿਰ ਧਮਾਕੇ ਵਰਗੇ ਸ਼ਬਦਾਂ ਦੀ ਗੂੰਜ। ਹਰ ਪਾਸੇ ਹੀ ਡਰ ਅਤੇ ਲੋਕਾਂ ਦਾ ਸਹਿਮੇ ਹੋਣਾ।
ਇਸ ਸਾਰੇ ਹਾਲਾਤ ਵਿਚ ਬੇਖੌਫ਼ ਹਨ, ਉਹ ਚੋਣਾਂ ਦੇ ਮਾਹੌਲ ਵਿਚ ਨੇਤਾ ਅਤੇ ਉਨ੍ਹਾਂ ਦੇ ਹਮਾਇਤੀ ਅਤੇ ਕੁੰਭ ਦੇ ਇਸ਼ਨਾਨ ਲਈ ਪਹੁੰਚੇ ਸੰਤ ਅਤੇ ਇਸ ਤਰ੍ਹਾਂ ਦੇ ਕਾਰਜਾਂ ਵਿਚ ਸ਼ਰਧਾ ਰੱਖਣ ਵਾਲੇ ਲੋਕ। ਚੋਣਾਂ ਵਾਲਾ ਰਾਜਨੀਤਿਕ ਅਤੇ ਹਰਿਦੁਆਰ ਕੁੰਭ ਵਾਲਾ ਧਾਰਮਿਕ ਇਕੱਠ ਸ਼ਰਧਾ ਕਾਰਨ ਹੀ ਹੈ। ਇਨ੍ਹਾਂ ਦੋਹਾਂ ਹਾਲਤਾਂ ਵਿਚ ਬੇਖੌਫ਼ ਹੋਣ ਪਿੱਛੇ, ਉਨ੍ਹਾਂ ਦੇ ਆਕਾਵਾਂ ਦਾ ਹੱਥ ਜੋ ਦਿਸਦਾ ਹੈ। ਜਿੱਥੋਂ ਤੱਕ ਬਿਮਾਰੀ ਨਜਿੱਠਣ ਦੀ ਗੱਲ ਹੈ, ਇਸ ਤਰ੍ਹਾਂ ਨਹੀਂ ਲੱਗਦਾ ਕਿ ਅਸੀਂ ਇਸ ਬਿਮਾਰੀ ਪ੍ਰਤੀ ਅਣਜਾਣ ਹੋਈਏ। ਇਹ ਬਿਮਾਰੀ ਇਕੋ ਦਮ ਆ ਧਮਕੀ ਹੋਵੇ ਤੇ ਅਸੀਂ ਬੌਂਦਲ ਗਏ ਹੋਈਏ, ਜਿਵੇਂ ਪਿਛਲੇ ਸਾਲ ਹੋਇਆ ਸੀ।
ਭਾਵੇਂ ਕਿ ਵਿਸ਼ਵ ਵਿਚ ਇਸ ਦੀ ਆਹਟ 2019 ਦਸਬੰਰ ਵਿਚ ਹੋਈ, ਸਾਡੇ ਮੁਲਕ ਵਿੱਚ ਜਨਵਰੀ 2020 ਨੂੰ ਤੇ ਅਸੀਂ ਇਸ ਨਾਲ ਪੇਸ਼ ਆਏ ਮਾਰਚ 2020 ਵਿਚ ਪਰ ਹੁਣ ਇਕ ਸਾਲ ਤੋਂ ਵੱਧ, ਸਾਡੇ ਮੁਲਕ ਨੂੰ ਹੋ ਗਏ, ਇਸ ਬਿਮਾਰੀ ਨੂੰ ਜਾਣਦੇ, ਪਰਖਦੇ, ਰਹਿੰਦੇ, ਨਜਿੱਠਦੇ। ਜੇਕਰ ਇਕ ਸਾਲ ਬਾਅਦ ਵੀ ਉਸੇ ਤਰ੍ਹਾਂ ਕੇਸਾਂ ਦਾ ਨਾਂ ਲੈ ਕੇ ਡਰਾਇਆ ਜਾ ਰਿਹਾ ਹੈ ਤੇ ਲੌਕਡਾਊਨ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ ਤਾਂ ਸਾਫ਼ ਹੈ ਕਿ ਅਸੀਂ ਇਸ ਬਿਮਾਰੀ ਬਾਰੇ ਕੁਝ ਨਹੀਂ ਜਾਣਿਆ ਅਤੇ ਸਿੱਖਿਆ ਹੈ।
ਕੀ ਇਹ ਸੱਚ ਹੈ ਅਸੀਂ ਬਿਮਾਰੀ ਪ੍ਰਤੀ ਅਣਜਾਣ, ਅਗਿਆਨੀ ਹਾਂ ਜਾਂ ਕੁਝ ਹੋਰ ਹੈ। ਕੀ ਅਸੀਂ ਇਸ ਨਾਲ ਨਜਿੱਠਣ ਲਈ ਕੋਈ ਵਧੀਆ, ਕਾਰਗਰ, ਸਿਹਤਮੰਦ ਤਰੀਕੇ ਲੱਭਣ ਵਿਚ ਨਾਕਾਮ ਰਹੇ ਹਾਂ? ਕੀ ਸਾਡਾ ਸਿਹਤ ਵਿਗਿਆਨ ਏਨਾ ਹੀ ਕਮਜ਼ੋਰ ਹੈ? ਜਦੋਂ ਕਿ ਅਸੀਂ ਵੈਕਸੀਨ ਨੂੰ, ਆਪਣੇ ਪੁਰਾਣੇ ਤਜ਼ਰਬਿਆਂ ਦੇ ਆਧਾਰ ’ਤੇ ਘੱਟ ਤੋਂ ਘੱਟ ਸਮੇਂ ਵਿਚ ਬਣਾ ਕੇ, ਲੋਕਾਂ ਤੱਕ ਪਹੁੰਚਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ।
ਬਿਮਾਰੀ ਬਾਰੇ, ਕੁਝ ਕੁ ਸਮਝ ਤਾਂ ਹਰ ਇੱਕ ਤੱਕ ਪਹੁੰਚੀ ਹੈ।
- ਵਾਇਰਸ ਨਾਲ ਹੋਣ ਵਾਲੀ ਇੱਕ ਬਿਮਾਰੀ ਹੈ।
- ਨੱਕ, ਗਲਾ, ਸਾਹ ਨਲੀ, ਫੇਫੜਿਆਂ ’ਤੇ ਹਮਲਾ ਹੁੰਦਾ ਹੈ।
- ਬੁਖਾਰ, ਖਾਂਸੀ, ਥਕਾਵਟ ਆਦਿ ਮੁੱਖ ਲੱਛਣ ਹਨ। ਕਿਤੇ ਕਿਤੇ ਸਵਾਦ ਅਤੇ ਸੁਗੰਧ ਵੀ ਪ੍ਰਭਾਵਿਤ ਹੁੰਦੀ ਹੈ।
- ਬਹੁਤੇ ਲੋਕ ਆਮ, ਠੀਕ ਠਾਕ ਵੀ ਤੁਰੇ ਫਿਰਦੇ ਹਨ ਭਾਵੇਂ ਟੈਸਟ ਕਰਵਾਉਣ ’ਤੇ ਪਾਜ਼ੇਟਿਵ ਆਉਂਦੇ ਹਨ।
- ਹੁਣ ਤੱਕ ਦੇ ਅੰਕੜਿਆਂ ਮੁਤਾਬਕ, ਇਕ ਕਰੋੜ 30 ਲੱਖ ਕੇਸ ਹੋਏ ਹਨ ਤੇ ਇਕ ਲੱਖ 70 ਹਜ਼ਾਰ ਮੌਤਾਂ, ਜੋ ਕਿ ਤਕਰੀਬਨ 1.5 ਫੀਸਦੀ ਹੈ।
ਕੀ ਇਸ ਜਾਣਕਾਰੀ ਦੇ ਆਧਾਰ ’ਤੇ ਕੁਝ ਕੁ ਕਾਰਗਰ ਫ਼ੈਸਲੇ ਨਹੀਂ ਲਏ ਜਾ ਸਕਦੇ? ਕਾਰਗਰ ਤੋਂ ਮਤਲਬ ਹੈ ਕਿ ਲੋਕਾਂ ਦੀ ਜ਼ਿੰਦਗੀ ਵਿਚ ਕੋਈ ਵੱਡਾ ਖਲ਼ਲ ਨਾ ਪਵੇ। ਉਨ੍ਹਾਂ ਦੀ ਆਰਥਿਕ ਸਥਿਤੀ, ਰੋਜ਼ੀ ਰੋਟੀ ਸਾਧਾਰਨ ਤਰਜ਼ ’ਤੇ ਚਲਦੀ ਰਹੇ।
ਇਸ ਸਭ ਦੇ ਲਈ, ਪਹਿਲੀ ਲੋੜ ਸੀ ਤੇ ਹੈ ਵੀ, ਕਿ ਲੋਕਾਂ ਦੇ ਮਨਾਂ ਵਿਚੋਂ ਡਰ ਕੱਢਿਆ ਜਾਵੇ। ਇਸ ਸਾਰੀ ਸਥਿਤੀ ਅਤੇ ਪਿਛਲੇ ਸਾਲ ਦੇ ਤਜ਼ਰਬੇ ਤੋਂ ਕਿਤੇ ਵੀ ਡਰ ਦੀ ਕਨਸੋਅ ਨਹੀਂ ਪੈਂਦੀ। ਡਰ ਦੀ ਸਥਿਤੀ ਬਣਾਈ ਜਾ ਰਹੀ ਹੈ, ਜਦੋਂ ਹਰ ਰੋਜ਼ ਹੀ ਹਾਲਾਤ ਦੀ ਪੇਸ਼ਕਾਰੀ ਹੁੰਦੀ ਹੈ।
ਕੇਸਾਂ ਦਾ ਰਿਕਾਰਡ ਟੁੱਟਾ। ਭਾਰਤ ਦੁਨੀਆਂ ਵਿਚੋਂ ਦੂਸਰੇ ਨੰਬਰ ’ਤੇ। ਇਸ ਦੇ ਨਾਲ ਮੌਤਾਂ ਦਾ ਵੇਰਵਾ, ਮੌਤਾਂ ਵਿਚ ਵੀ ਹੋਰ ਬਰੀਕੀ ਨਾਲ, ਉਨ੍ਹਾਂ ਮਰੀਜ਼ਾਂ ਦੀ ਪਹਿਲੋਂ ਚਲੀ ਆ ਰਹੀ ਸਿਹਤ ਬਾਰੇ ਵੇਰਵਾ ਨਹੀਂ ਹੁੰਦਾ।
ਸ਼ੈਸ਼ਨ ਜੱਜ ਨੂੰ ਹੋਇਆ ਕਰੋਨਾ, ਸਚਿਨ ਤੇਂਦੂਲਕਰ ਵੀ ਪਾਜ਼ੇਟਿਵ। ਇਸ ਖ਼ਬਰ ਦੇ ਕੀ ਮਾਇਨੇ ਹਨ, ਜੋ ਪ੍ਰਭਾਵ ਦੇਣ ਦੀ ਕੋਸ਼ਿਸ਼ ਹੈ ਕਿ, ਦੇਖੋ ਸਚਿਨ ਨੂੰ ਕਰੋਨਾ ਹੋਇਆ, ਸ਼ੈਸ਼ਨ ਜੱਜ ਵੀ ਦਾਖਲ ਹੈ, ….. ਤੂੰ ਕਿਸ ਬਾਗ ਦੀ ਮੂਲੀ ਹੈਂ, ਡਰ ਘਰੇ ਬੈਠ।
ਬਿਮਾਰੀ ਬਾਰੇ ਇਹ ਸੱਚ ਹੈ ਕਿ ਤੇਜ਼ੀ ਨਾਲ ਫੈਲਣ ਵਾਲੀ ਹੈ, ਜੋ ਕਿ ਪਿਛਲੇ ਸਾਲ ਸ਼ੁਰੂ ਤੋਂ ਹੀ ਪਤਾ ਸੀ। ਵਿਸ਼ਵ ਸਿਹਤ ਸੰਸਥਾ ਦਾ ਇਹ ਬਿਆਨ ਕਿ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ ਪਰ ਤੁਲਨਾਤਮਕ ਘੱਟ ਘਾਤਕ ਹੈ ਜਿਵੇਂ ਇਬੋਲਾ, ਜ਼ੀਕਾ ਜਾਂ ਸਵਾਇਨ ਫਲੂ ਪਰ ਹੁਣ ਇਕ ਸਾਲ ਦੇ ਅੰਕੜਿਆਂ ਦੇ ਮੁਕਾਬਲੇ ਆਪਣੇ ਦੇਸ਼ ਦੀਆਂ ਹੋਰ ਸਿਹਤ ਸਮੱਸਿਆਵਾਂ ਜਿਵੇਂ ਟੀਬੀ, ਏਡਜ਼, ਕੈਂਸਰ ਆਦਿ ਨਾਲ ਵੀ ਲੋਕ ਵੱਧ ਮਰਦੇ ਹਨ। ਸਿੱਖਣ ਦੀ ਗੱਲ ਹੈ ਕਿ ਫੈਲਣ ਤੋਂ ਕਿਵੇਂ ਰੋਕਿਆ ਜਾਵੇ? ਇੱਥੇ ਵੀ ਵਿਸ਼ਵ ਸਿਹਤ ਸੰਸਥਾ ਨੇ ਕਦੇ ਲੌਕਡਾਊਨ ਦੀ ਸਿਫਾਰਸ਼ ਨਹੀਂ ਕੀਤੀ। ਉਨ੍ਹਾਂ ਨੇ ਆਪਣੀ ਤਿਆਰੀ ਲਈ ਕਿਹਾ, ਮਤਲਬ ਸਿਹਤ ਸੇਵਾਵਾਂ ਦੀ ਮੁਸ਼ਤੈਦੀ। ਅਸੀਂ ਇਕ ਸਾਲ ਬਾਅਦ ਫਿਰ ਹਸਪਤਾਲ ਵਿਚ ਬੈੱਡਾਂ ਨੂੰ ਲੈ ਕੇ, ਆਕਸੀਜਨ ਦੀ ਘਾਟ ਨੂੰ ਲੈ ਕੇ ਚਿੰਤਾ ਪ੍ਰਗਟਾ ਰਹੇ ਹਾਂ। ਇਸ ਹਾਲਤ ਨੂੰ ਵੀ ਲੌਕਡਾਊਨ ਨਾਲ ਜੋੜ ਰਹੇ ਹਾਂ।
ਅਸੀਂ ਇਸ ਗੱਲ ਦਾ ਵਿਸ਼ਲੇਸ਼ਣ ਕਿਉਂ ਨਹੀਂ ਕੀਤਾ ਜਾਂ ਕੀਤਾ ਹੈ ਤਾਂ ਉਸ ਦਾ ਇਸਤੇਮਾਲ ਕਿਉਂ ਕਰ ਰਹੇ ਹਾਂ ਕਿ ਹਰ ਪਾਜ਼ੇਟਿਵ ਕੇਸ ਨੂੰ ਹਸਪਤਾਲ ਦੀ ਲੋੋੜ ਨਹੀਂ ਹੈ। ਪਾਜ਼ੇਟਿਵ ਕੇਸਾਂ ਵਿਚ ਵਾਇਰਸ ਫੇਫੜਿਆਂ ਤੱਕ ਕਿੰਨੇ ਕੁ ਲੋਕਾਂ ਵਿੱਚ ਪਹੁੰਚਿਆ ਹੈ ਤੇ ਨਿਮੋਨੀਆ ਕਿੰਨੇ ਕੁ ਲੋਕਾਂ ਵਿੱਚ ਵਿਕਸਿਤ ਹੋਇਆ ਹੈ। ਹੋਰ ਬਿਮਾਰੀਆਂ ਦੀ ਤਰ੍ਹਾਂ ‘ਘਰੇ ਰਹਿ ਕੇ ਇਲਾਜ’ ਦਾ ਤਰੀਕਾ ਕਿਉਂ ਨਹੀਂ ਚੁਣਿਆ ਹੈ ਜਾਂ ਅਪਣਾਇਆ ਜਾ ਰਿਹਾ। ਸਿਹਤ ਸੇਵਾਵਾਂ ’ਤੇ ਬੋਝ ਦੀ ਗੱਲ ਵੀ ਸਵਾਲ ਹੇਠ ਹੈ ਕਿ ਇਕ ਤਾਂ ਸਰਕਾਰੀ ਸਿਹਤ ਸੰਸਥਾਵਾਂ ਪੀ.ਐੱਚ.ਸੀ., ਸੀ.ਐੱਚ.ਸੀ. ਆਦਿ ਤੇ ਕਰੋਨਾ ਕੇਸਾਂ ਨੂੰ ਸੰਭਾਲਣ ਦੀ ਵਿਵਸਥਾ ਨਹੀਂ ਬਣਾਈ ਗਈ ਹੈ, ਇਸ ਲਈ ਸਿਵਲ ਹਸਪਤਾਲ ਜਾਂ ਮੈਡੀਕਲ ਕਾਲਜ ਹੀ ਸਾਰਾ ਭਾਰ ਸੰਭਾਲ ਰਹੇ ਹਨ। ਦੂਸਰਾ ਇਸ ਡਰ ਦੇ ਮਾਹੌਲ ਨੇ ਛੋਟੇ-ਮੋਟੇ ਪ੍ਰਾਈਵੇਟ ਸਿਹਤ ਵਿਵਸਥਾ ਨੂੰ ਵੀ ਪਰ੍ਹੇ ਧੱਕ ਦਿੱਤਾ ਹੈ ਤੇ ਵੱਡੇ ਕਾਰਪੋਰੇਟ ਹਸਪਤਾਲ ਹੀ ਇਸ ਦਾ ਲਾਹਾ ਲੈ ਰਹੇ ਹਨ।
ਇਹ ਗੱਲ ਵੀ ਇਕ ਆਮ ਸੁਣਾਈ ਦਿੰਦੀ ਹੈ ਕਿ ਬਿਮਾਰੀ ਹਲਕੇ ਵਿਚ ਲੈਣ ਵਾਲੀ ਨਹੀਂ ਹੈ। ਲੋਕੀਂ ਮਰ ਵੀ ਤਾਂ ਰਹੇ ਹਨ। ਇਸ ਵਿਚ ਕੋਈ ਇਨਕਾਰ ਨਹੀਂ ਹੈ। ਪਹਿਲੀ ਗੱਲ ਤਾਂ ਕਿਸੇ ਵੀ ਬਿਮਾਰੀ ਨੂੰ ਹਲਕੇ ਵਿਚ ਲਿਆ ਹੀ ਨਹੀਂ ਜਾਣਾ ਚਾਹੀਦਾ। ਹਲਕੀ ਹਾਲਤ ਵੀ ਅਣਗਹਿਲੀ ਕਾਰਨ ਗੰਭੀਰ ਹੋ ਜਾਂਦੀ ਹੈ। ਕੋਈ ਅਣਗਹਿਲੀ ਕਰਦਾ ਹੈ, ਜਿਸ ਨੂੰ ਅਸੀਂ ਇਕ ਮਿੰਟ ਵਿਚ ਗ਼ੈਰ ਜ਼ਿੰਮੇਦਾਰ ਕਹਿ ਦਿੰਦੇ ਹਾਂ ਪਰ ਉਸ ਅਣਗਹਿਲੀ ਪਿੱਛੇ ਕੀ ਕਾਰਨ ਹਨ, ਅਸੀਂ ਨਹੀਂ ਜਾਂਦੇ ਤੇ ਸਭ ਤੋਂ ਵੱਡਾ ਕਾਰਨ ਹੈ, ਆਰਥਿਕਤਾ, ਜੇਬ ਵਿਚ ਪੈਸੇ ਨਾ ਹੋਣੇ ਤੇ ਦੂਸਰਾ ਹੈ, ਸਿਹਤ ਸਹੂਲਤਾਂ ਦੀ ਘਾਟ, ਸਭ ਤੱਕ ਬਰਾਬਰ ਪਹੁੰਚ ਨਾ ਹੋਣਾ। ਕੋਈ ਜਾਣ-ਬੁੱਝ ਕੇ, ਖਾਂਸੀ-ਜ਼ੁਕਾਮ ਵੀ ਨਹੀਂ ਚਾਹੁੰਦਾ।
ਜਿਥੋਂ ਤੱਕ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਚਰਚਾ ਹੁੰਦੀ ਹੈ ਤਾਂ ਕੀ ਹੋਰ ਬਿਮਾਰੀਆਂ ਨਾਲ ਮੌਤਾਂ ਨਹੀਂ ਹੁੰਦੀਆਂ। ਇਕ ਮੋਟਾ ਮੋਟਾ ਵਿਸ਼ਲੇਸ਼ਣ ਹੈ ਕਿ 80 ਫ਼ੀਸਫੀ ਤੋਂ ਵੱਧ ਮੌਤਾਂ 65 ਸਾਲ ਤੋਂ ਉਪਰ ਹੋ ਰਹੀਆਂ ਹਨ ਤੇ ਉਹ ਵੀ ਜੋ ਕਿਸੇ ਨਾ ਕਿਸੇ ਹੋਰ ਬਿਮਾਰੀ ਤੋਂ ਪਹਿਲਾਂ ਪੀੜਿਤ ਹਨ। ਮੌਤ ਨੂੰ ਤਾਂ ਇੱਕ ਬਹਾਨਾ ਚਾਹੀਦਾ ਹੀ ਹੁੰਦਾ ਹੈ। ਵੈਸੇ ਵੀ ਦੇਸ਼ ਦੀ ਮੌਤ ਦਰ ਦੇ ਮੁਤਾਬਕ, ਸਾਲ ਵਿੱਚ ਤਕਰੀਬਨ 9 ਕਰੋੜ ਲੋਕ ਹਰ ਸਾਲ ਮਰਦੇ ਹਨ। ਕਿਸੇ ਨਾ ਕਿਸੇ ਕਾਰਨ ਤੋਂ, ਹੁਣ ਇਨ੍ਹਾਂ 9 ਕਰੋੜ ਵਿਚੋਂ ਡੇਢ ਲੱਖ ਲੋਕ ਕਰੋਨਾ ਕਰਕੇ ਹਨ, ਉਹ ਵੀ ਅਸਿੱਧੇ ਤੌਰ ’ਤੇ। ਇਹ ਸਥਿਤੀ ਵੀ ਸਮਝਣ ਸਮਝਾਉਣ ਦੀ ਹੈ ਇਹ ਬਿਮਾਰੀ ਜ਼ਰੂਰ ਹੈ ਪਰ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਹੋਰ ਬਿਮਾਰੀ ਵਾਂਗ।
ਅਸੀਂ ਪਹਿਲੇ ਦਿਨ ਤੋਂ ਸੁਣਦੇ ਆਏ ਹਾਂ ਕਿ ਇਸ ਦਾ ਕੋਈ ਇਲਾਜ ਨਹੀਂ ਹੈ। ਬਚਾਅ ਹੀ ਇਲਾਜ ਹੈ। ਬਚਾਅ ਦੇ ਤਰੀਕੇ ਜਾਣੇ ਤੇ ਉਨ੍ਹਾਂ ਨੂੰ ਪ੍ਰਚਾਰਿਆ। ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ, ‘ਜਦ ਤਕ ਦਵਾਈ ਨਹੀਂ, ਤਦ ਤਕ ਢਿਲਾਈ ਨਹੀਂ।’ ਮਤਲਬ ਸਾਰੇ ਤਰੀਕੇ ਵਰਤੋਂ।
ਸਿਹਤ ਸੇਵਾਵਾਂ ਦਾ ਇਕ ਬਹੁਤ ਵੱਡਾ ਹਿੱਸਾ ਹੈ, ਸਿਹਤ ਜਾਗਰੂਕਤਾ। ਇਸ ਦੇ ਲਈ ਇਕ ਮਹਿਕਮਾ ਹੈ, ਜੋ ਕਿਤਾਬਚੇ, ਪੈਂਫ਼ਲੈਟ ਛਾਪਦਾ ਹੈ ਤੇ ਪ੍ਰਦਰਸ਼ਨੀਆਂ ਵੀ ਲਗਾਉਂਦਾ ਹੈ। ਸਿਹਤ ਪ੍ਰਚਾਰ, ਜਾਂ ਕੋਈ ਵੀ ਪ੍ਰਚਾਰ ਦੇ ਲਈ, ਅਸੀਂ ਇਕ ਵੱਖਰਾ ਬ੍ਰਾਂਡ ਐਂਬਸਡਰ ਚੁਣਦੇ ਹਾਂ। ਉਹ ਚਿਹਰਾ ਜਿਸ ਨੂੰ ਦੇਖ ਕੇ, ਜਿਸ ਦੀਆਂ ਹਿਦਾਇਤ ਨੂੰ ਉਹ ਮੰਨਣ ਅਤੇ ਅਪਨਾਉਣ। ਉਹ ਚਾਹੇ ਪ੍ਰਧਾਨ ਮੰਤਰੀ ਹੀ ਕਹੇ ਜਾਂ ਰਾਜ ਦਾ ਮੁੱਖ ਮੰਤਰੀ।
ਸਿਹਤ ਜਾਗਰੂਤਾ ਵਾਲੇ ਆਗੂ ਦੀ ਇਕ ਵੱਡੀ ਸ਼ਰਤ ਹੈ ਕਿ ਉਸ ਦਾ ਆਪਣਾ ਕਿਰਦਾਰ ਦੋਗਲਾ ਨਾ ਹੋਵੇ। ਰਾਜਨੇਤਾਵਾਂ ਪ੍ਰਤੀ ਕੀ ਇਹ ਪੂਰੇ ਧੜੱਲੇ ਨਾਲ ਕਿਹਾ ਜਾ ਸਕਦਾ ਹੈ? ਸ਼ਾਇਦ ਨਹੀਂ, ਇਸੇ ਲਈ ਪ੍ਰਧਾਨ ਮੰਤਰੀ ਦੀ ਕਾਵਿਕ ਤੁਕਬੰਦੀ ਇਸ ਤਰ੍ਹਾਂ ਸਾਹਮਣੇ ਆਉਂਦੀ ਹੈ ਕਿ ‘ਜਦੋਂ ਤਕ ਦਵਾਈ ਨਹੀਂ, ਉਦੋਂ ਤਕ ਢਿਲਾਈ ਨਹੀਂ ਪਰ ਜਿੱਥੇ ਚੋਣਾਂ ਨੇ, ਉਥੇ ਇਹ ਅਪਲਾਈ ਨਹੀਂ।’
ਮੁੱਕਦੀ ਗੱਲ ਹੈ ਕਿ ਬਿਮਾਰੀ ਹੋਵੇ ਜਾਂ ਕੋਈ ਵੀ ਅਜਿਹੀ ਆਪਾਤ ਸਥਿਤੀ, ਅਸੀਂ ਪੁਰਾਣੇ ਤਜ਼ਰਬਿਆਂ ਦੇ ਆਧਾਰ ’ਤੇ ਕਾਰਜਸ਼ੀਲ ਹੁੰਦੇ ਹਾਂ। ਕੰਮ ਕਰਦੇ ਹੋਏ ਅਸੀਂ ਹੋਰ ਬਹੁਤ ਕੁਝ ਸਿੱਖਦੇ ਹਾਂ ਜੋ ਸਾਨੂੰ ਭਵਿੱਖ ਵਿਚ ਚੰਗੇ ਕਦਮ ਪੁੱਟਣ ਵਿਚ ਮਦਦਗਾਰ ਹੁੰਦਾ ਹੈ। ਸਾਡੇ ਮਨੁੱਖੀ ਵਿਕਾਸ ਅਤੇ ਸੰਘਰਸ਼ ਦੀ ਗਾਥਾ ਦਾ ਇਹੀ ਨਿਚੋੜ ਹੈ। ਅੱਜ ਵੀ ਇਸੇ ਸਮਝ ਦੀ ਲੋੜ ਹੈ ਪਰ ਇਸ ਦੇ ਲਈ ਵਿਗਿਆਨਕ ਸੂਝ ਪਰਖ਼ ਦਾ ਸਹਾਰਾ ਲੈਣਾ ਪੈਂਦਾ ਹੈ, ਜੋ ਕਿ ਰਾਜਨੇਤਾਵਾਂ ਕੋਲ ਨਹੀਂ ਹੁੰਦੀ ਜਾਂ ਉਹ ਇਸ ਰਾਹ ’ਤੇ ਤੁਰਦੇ ਨਹੀਂ, ਕਿਉਂਕਿ ਇਹ ਉਨ੍ਹਾਂ ਦੀ ਫ਼ਿਤਰਤ ਦੇ ਖਿਲਾਫ਼ ਜਾਂਦੀ ਹੈ, ਜਿਸ ਤਰ੍ਹਾਂ ਦੇ ਲਾਭ-ਲਾਹੇ ਉਨ੍ਹਾਂ ਨੇ ਲੈਣੇ ਹੁੰਦੇ ਹਨ।
ਸੰਪਰਕ: 9815608506