ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੂਨ
ਸੀਆਈਏ ਸਟਾਫ਼-1 ਦੀ ਪੁਲੀਸ ਪਾਰਟੀ ਵੱਲੋਂ ਜੂਏਬਾਜ਼ਾਂ ਖ਼ਿਲਾਫ਼ ਕਾਰਵਾਈ ਕਰਦਿਆਂ 12 ਜਣਿਆਂ ਨੂੰ ਕਾਬੂ ਕਰ ਕੇ ਹਜ਼ਾਰਾਂ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਸੀਆਈਏ ਸਟਾਫ-1 ਦੀ ਪੁਲੀਸ ਪਰਟੀ ਨੂੰ ਇਤਲਾਹ ਮਿਲੀ ਸੀ ਕਿ ਮਨਪ੍ਰੀਤ ਉਰਫ਼ ਮਨੀ ਬੱਗਾ ਅਤੇ ਜਸਪ੍ਰੀਤ ਸਿੰਘ ਉਰਫ਼ ਅਮਨ ਬੱਗਾ ਦੀ ਬਾਬਾ ਥਾਨ ਸਿੰਘ ਨੇੜੇ ਕੱਪੜੇ ਦੀ ਆਪਣੀ ਦੁਕਾਨ ਹੈ ਜਿੱਥੇ ਉਹ ਜੂਆ ਖਿਡਾਉਣ ਦਾ ਵੱਡੇ ਪੱਧਰ ’ਤੇ ਕੰਮ ਕਰ ਰਹੇ ਹਨ। ਪੁਲੀਸ ਪਾਰਟੀ ਨੇ ਜਦੋਂ ਛਾਪਾ ਮਾਰਿਆ ਤਾਂ ਦੁਕਾਨ ਅੰਦਰ ਕਈ ਜਣੇ ਬੈਠੇ ਜੂਆ ਖੇਡ ਰਹੇ ਸਨ।
ਪੁਲੀਸ ਪਾਰਟੀ ਨੂੰ ਵੇਖਕੇ ਮਨਪ੍ਰੀਤ ਉਰਫ਼ ਮਨੀ ਬੱਗਾ ਅਤੇ ਜਸਪ੍ਰੀਤ ਸਿੰਘ ਉਰਫ਼ ਅਮਨ ਬੱਗਾ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਮਨਦੀਪ ਸਿੰਘ ਉਰਫ ਸ਼ਿੰਕੀ, ਗਨੀਤ ਸਿੰਘ ਉਰਫ਼ ਗੰਨੂ, ਪਰਦੁੱਮਣ, ਵਿਨੇ, ਕਿਸ਼ਨ ਕੁਮਾਰ, ਮਨਪ੍ਰੀਤ ਸਿੰਘ ਉਰਫ਼ ਸੰਜੂ, ਰਣਦੀਪ ਸਿੰਘ ਉਰਫ਼ ਮਿੱਠੂ, ਵਿਪਨ ਕੁਮਾਰ, ਅਸ਼ੋਕ ਕੁਮਾਰ ਉਰਫ਼ ਸ਼ੌਕਾ, ਅਰਜੁਨ, ਅਮਿਤ ਕੱਕੜ ਅਤੇ ਸੁੱਖਪਾਲ ਸਿੰਘ ਉਰਫ਼ ਰਾਜ ਉਰਫ ਸੁੱਖਾ ਨੂੰ ਕਾਬੂ ਕਰ ਲਿਆ ਜੋ ਜੂਆ ਖੇਡ ਰਹੇ ਸਨ। ਪੁਲੀਸ ਵੱਲੋਂ ਉਨ੍ਹਾਂ ਪਾਸੋਂ 60 ਹਜ਼ਾਰ 500 ਰੁਪਏ ਦੇ ਕਰੰਸੀ ਨੋਟ ਅਤੇ 156 ਤਾਸ਼ ਦੇ ਪੱਤੇ ਵੀ ਬਰਾਮਦ ਕੀਤੇ ਗਏ ਹਨ। ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।