ਪੱਤਰ ਪ੍ਰੇਰਕ
ਦਸੂਹਾ, 10 ਅਗਸਤ
ਇੱਥੇ ਰਾਤ ਕਰੀਬ 10 ਵਜੇ ਵਿਜੇ ਮਾਰਕੀਟ ਵਿੱਚ ਸਥਿਤ ਰਾਘਵ ਸਿਲਕ ਸਟੋਰ ਨਾਮੀਂ ਕੱਪੜੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਕੱਪੜਾ ਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸ਼ਰਕਟ ਦੱਸਿਆ ਜਾ ਰਿਹਾ ਹੈ। ਇਹ ਅੱਗ ਇੰਨੀ ਭਿਆਨਕ ਸੀ ਕਿ ਨਗਰ ਕੌਂਸਲ ਦਸੂਹਾ ਤੇ ਨਗਰ ਕੌਂਸਲ ਗੜ੍ਹਦੀਵਾਲ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਭਾਰੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਹਾਲਾਂਕਿ ਇਸ ਦੌਰਾਨ ਜਿੱਥੇ ਵੱਡੀ ਮਾਤਰਾ ’ਚ ਦੁਕਾਨ ਅੰਦਰ ਪਿਆ ਕੱਪੜਾ ਅੱਗ ਦੀ ਭੇਟ ਚੜ੍ਹ ਗਿਆ, ਉੱਥੇ ਹੀ ਬਿਜਲੀ ਦੀਆਂ ਤਾਰਾਂ ਅੱਗ ਦੀ ਲਪੇਟ ’ਚ ਆਉਣ ਕਾਰਨ ਕਈ ਘੰਟੇ ਇਲਾਕੇ ਦੀ ਬਿਜਲੀ ਪ੍ਰਭਾਵਿਤ ਹੋਈ। ਜਾਣਕਾਰੀ ਮੁਤਾਬਕ ਦੁਕਾਨ ਦਾ ਮਾਲਕ ਕੁਲਦੀਪ ਸਿੰਘ ਕਾਲਾ ਕੁਝ ਸਮਾਂ ਪਹਿਲਾਂ ਹੀ ਦੁਕਾਨ ਬੰਦ ਕਰ ਕੇ ਗਿਆ ਸੀ ਕਿ ਪਿੱਛੋਂ ਉਸ ਨੂੰ ਫੋਨ ’ਤੇ ਜਾਣਕਾਰੀ ਮਿਲੀ ਕਿ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਸ ਨੇ ਦੁਕਾਨ ਖੋਲ੍ਹੀ ਤਾਂ ਅੰਦਰ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਸ ਨੇ ਦੱਸਿਆ ਅੱਗ ਲੱਗਣ ਕਾਰਨ ਕਰੀਬ 25-30 ਲੱਖ ਰੁਪਏ ਦਾ ਕੱਪੜਾ ਸੜ ਗਿਆ ਹੈ। ਇਸ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਗੱਗੀ ਠੁਕਰਾਲ ਤੇ ਨਗਰ ਕੌਂਸਲ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ ਸਮੇਤ ਵੱਡੀ ਗਿਣਤੀ ’ਚ ਵਪਾਰੀ ਪੀੜਤ ਦੁਕਾਨਦਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਇਕੱਤਰ ਹੋ ਗਏ ਅਤੇ ਹਰ ਕੋਈ ਅੱਗ ’ਤੇ ਕਾਬੂ ਪਾਉਣ ਲਈ ਯਤਨਸ਼ੀਲ ਰਿਹਾ।