ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 10 ਅਗਸਤ
ਭਲਕੇ 11 ਅਗਸਤ ਤੋਂ ਸ਼ੁਰੂ ਹੋਣ ਵਾਲੇ ਬਾਬਾ ਬਕਾਲਾ ਸਾਹਿਬ ਦੇ ਰੱਖੜ ਪੁੰਨਿਆ ਦੇ ਤਿੰਨ ਦਿਨਾਂ ਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲੀਸ ਨੇ ਟਰੈਫਿਕ ਲਈ ਬਦਲਵੇਂ ਪ੍ਰਬੰਧ ਕੀਤੇ ਹਨ। ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਮੇਲਾ ਭਲਕੇ 11 ਅਗਸਤ ਨੂੰ ਸ਼ੁਰੂ ਹੋਣਾ ਹੈ ਅਤੇ 12 ਅਗਸਤ ਨੂੰ ਰਾਜ ਪੱਧਰੀ ਸਮਾਗਮ ਵੀ ਬਾਬਾ ਬਕਾਲਾ ਸਾਹਿਬ ਵਿੱਚ ਹੋਣਾ ਹੈ। ਇਸ ਲਈ ਬਟਾਲੇ ਤੋਂ ਜਲੰਧਰ ਜਾਣ ਵਾਲੀ ਟਰੈਫਿਕ ਨੂੰ ਸਠਿਆਲਾ ਤੋਂ ਬਲ ਸਰਾਂ ਵਾਇਆ ਬਿਆਸ ਜੀਟੀ ਰੋਡ ’ਤੇ ਪ੍ਰਵੇਸ਼ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਲੰਧਰ ਤੋਂ ਆਉਣ ਵਾਲੇ ਵਾਹਨ, ਜੋ ਬਟਾਲਾ ਜਾਣਾ ਚਾਹੁਣ, ਉਹ ਬਿਆਸ ਤੋਂ ਬਲ ਸਰਾਂ ਤੇ ਸਠਿਆਲਾ ਵਾਇਆ ਬਟਾਲਾ ਲਈ ਜਾਣਗੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਮਹਿਤਾ ਵਾਲੇ ਜਾਣ ਵਾਲੀਆਂ ਗੱਡੀਆਂ ਜਾਂ ਤਾਂ ਵੱਲਾ ਰਸਤੇ ਜਾਣਗੀਆਂ ਜਾਂ ਰਈਆ ਤੋਂ ਨਾਥ ਦੀ ਖੂਹੀ ਹੁੰਦੇ ਮਹਿਤੇ ਪਹੁੰਚ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਹ ਰਸਤਾ ਭਲਕੇ ਸਾਰੀ ਹੈਵੀ ਟਰੈਫਿਕ ਲਈ ਚੱਲੇਗਾ ਅਤੇ ਅਗਲੇ ਦੋ ਦਿਨ ਸਾਰੀਆਂ ਗੱਡੀਆਂ ਲਈ ਲਾਜ਼ਮੀ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਮ ਤੋਂ ਬਚਣ ਲਈ ਹਦਾਇਤਾਂ ਦਾ ਪਾਲਣ ਕਰਦੇ ਹੋਏ ਨਵੇਂ ਬਣਾਏ ਗਏ ਰੂਟ ਅਨੁਸਾਰ ਚੱਲਣ।