ਨਵੀਂ ਦਿੱਲੀ, 10 ਅਗਸਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਦੇ ਐਲਾਨ ਮਗਰੋਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਸੂਬੇ ਵਿੱਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਖ਼ਿਲਾਫ਼ ‘ਬਗ਼ਾਵਤ’ ਹੁੰਦੀ ਨਜ਼ਰ ਆ ਰਹੀ ਹੈ। ‘ਆਪ’ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਫ਼ਤ ਸਹੂਲਤਾਂ ਦੇ ਵਿਰੋਧ ਦੇ ਬਾਵਜੂਦ ਮੁੱਖ ਮੰਤਰੀ ਯੋਗੀ ‘ਕੇਜਰੀਵਾਲ ਮਾਡਲ’ ਨੂੰ ਅਪਣਾ ਰਹੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਨੇ ਟਵਿੱਟਰ ’ਤੇ ਐਲਾਨ ਕੀਤਾ ਸੀ, ‘‘ਅਸੀਂ ਉਤਰ ਪ੍ਰਦੇਸ਼ ਵਿੱਚ ਬਹੁਤ ਛੇਤੀ 60 ਸਾਲ ਤੋਂ ਵੱਧ ਉਮਰ ਦੀਆਂ ਮਾਵਾਂ-ਭੈਣਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਜਾ ਰਹੇ ਹਾਂ।’’
ਆਦਿੱਤਿਆਨਾਥ ਦੇ ਇਸ ਟਵੀਟ ’ਤੇ ਪ੍ਰਤੀਕਿਰਿਆ ਦਿੰਦਿਆਂ ‘ਆਪ’ ਦੇ ਬੁਲਾਰੇ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ, ‘‘ਬਿਹਾਰ ਤੋਂ ਬਾਅਦ ਯੂਪੀ ਵਿੱਚ ਮੋਦੀ ਜੀ ਖ਼ਿਲਾਫ਼ ਬਗ਼ਾਵਤ ਹੁੰਦੀ ਨਜ਼ਰ ਆ ਰਹੀ ਹੈ।’’ ਕਾਲਕਾਜੀ ਤੋਂ ‘ਆਪ’ ਵਿਧਾਇਕ ਆਤਿਸ਼ੀ ਨੇ ਕਿਹਾ, ‘‘ਮੋਦੀ ਮੁਫ਼ਤ ਸਹੂਲਤਾਂ ਦਾ ਵਿਰੋਧ ਕਰ ਰਹੇ ਹਨ ਅਤੇ ਯੋਗੀ ਮੁਫ਼ਤ ਸਹੂਲਤਾਂ ਦੇ ਰਹੇ ਹਨ। ਭਾਜਪਾ ਅੰਦਰ ਲੜਾਈ ਦੀਆਂ ਲਾਈਨਾਂ ਖਿੱਚੀਆਂ ਗਈਆਂ ਹਨ।’’ -ਪੀਟੀਆਈ