ਪੱਤਰ ਪ੍ਰੇਰਕ
ਪਠਾਨਕੋਟ, 28 ਅਗਸਤ
ਪਠਾਨਕੋਟ-ਜਲੰਧਰ ਜੰਮੂ ਨੈਸ਼ਨਲ ਹਾਈਵੇਅ ’ਤੇ ਟਰੱਕ ਦੇ ਵੱਜਣ ਨਾਲ ਕਾਰ ਪਲਟੀਆਂ ਖਾਂਦੀ ਹੋਈ ਪਲਟ ਗਈ। ਕਾਰ ਵਿੱਚ ਪਰਿਵਾਰ ਦੇ 5 ਮੈਂਬਰ ਸਵਾਰ ਸਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਵੱਜੀਆਂ। ਹਾਦਸਾ ਵਾਪਰਦੇ ਸਾਰ ਡਰਾਈਵਰ ਟਰੱਕ ਨੂੰ ਭਜਾ ਕੇ ਲੈ ਗਿਆ। ਪੁਲੀਸ ਨੇ ਟਰੱਕ ਦਾ ਪਿੱਛਾ ਕਰਦਿਆਂ ਡਮਟਾਲ ਜਾ ਕੇ ਟਰੱਕ ਨੂੰ ਫੜ ਲਿਆ ਅਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ।
ਜੰਮੂ ਵਾਸੀ ਗੌਰਵ ਨੇ ਦੱਸਿਆ ਕਿ ਉਨ੍ਹਾਂ ਦਾ ਜਠੇਰਿਆਂ ਦਾ ਮੇਲਾ ਸੀ। ਉਹ ਪਰਿਵਾਰ ਨਾਲ ਕਾਰ ਵਿੱਚ ਜੰਮੂ ਤੋਂ ਲੁਧਿਆਣਾ ਜਾ ਰਹੇ ਸਨ। ਦੂਸਰੀ ਕਾਰ ਵਿੱਚ ਉਸ ਦਾ ਭਰਾ ਆਪਣੇ ਪਰਿਵਾਰ ਨਾਲ ਅੱਗੇ ਜਾ ਰਿਹਾ ਸੀ। ਉਹ ਜਦੋਂ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ’ਤੇ ਪੁੱਜੇ ਤਾਂ ਸ੍ਰੀਨਗਰ ਪਾਸੇ ਤੋਂ ਜਲੰਧਰ ਵੱਲ ਜਾ ਰਹੇ ਟਰੱਕ ਨੇ ਕਾਰ ਨੂੰ ਸਾਈਡ ਮਾਰ ਦਿੱਤੀ। ਉਨ੍ਹਾਂ ਦੀ ਕਾਰ ਹਾਈਵੇਅ ’ਤੇ ਡਿਵਾਈਡਰ ਨਾਲ ਰਗੜੇ ਖਾਂਦੀ ਹੋਈ ਪਲਟ ਗਈ। ਟਰੱਕ ਡਰਾਈਵਰ ਨੇ ਰੁਕਣ ਦੀ ਬਜਾਏ ਟਰੱਕ ਨੂੰ ਭਜਾ ਕੇ ਲੈ ਗਿਆ। ਸੂਚਨਾ ਮਿਲਦਿਆਂ ਸਾਰ ਤੁਰੰਤ ਪੁਲੀਸ ਪਾਰਟੀ ਮੌਕੇ ’ਤੇ ਪੁੱਜ ਗਈ ਅਤੇ ਟਰੱਕ ਦਾ ਪਿੱਛਾ ਕਰ ਕੇ ਟਰੱਕ ਨੂੰ ਡਮਟਾਲ ਕੋਲ ਜਾ ਕੇ ਫੜ ਲਿਆ।