ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਅਪਰੈਲ
ਸੀਬੀਐਸਈ ਵੱਲੋਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਤੇ 12ਵੀਂ ਦੀਆਂ ਮੁਲਤਵੀ ਕਰਨ ਤੋਂ ਬਾਅਦ ਕਾਊਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਸ਼ਨ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਵਾਉਣ ਲਈ ਸੋਸ਼ਲ ਮੀਡੀਆ ’ਤੇ ਮੁਹਿੰਮ ਤੇਜ਼ ਹੋ ਗਈ ਹੈ। ਵਿਦਿਆਰਥੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ ਜਾਂ ਆਨਲਾਈਨ ਲਈਆਂ ਜਾਣ। ਇਸ ਮੁਹਿੰਮ ਨਾਲ ਵੱਡੀ ਗਿਣਤੀ ਵਿਦਿਆਰਥੀ ਜੁੜ ਚੁੱਕੇ ਹਨ। ਦੂਜੇ ਪਾਸੇ ਆਈਸੀਐਸਈ ਬੋਰਡ ਨੇ ਅੱਜ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ’ਤੇ ਸਮੀਖਿਆ ਕੀਤੀ ਜਾਵੇਗੀ। ਟਵਿੱਟਰ ’ਤੇ ‘ਕੈਂਸਲ ਬੋਰਡ ਐਗਜ਼ਾਮ 2021’ ਮੁਹਿੰਮ ਚਲ ਰਹੀ ਹੈ ਜਿਸ ਰਾਹੀਂ ਵਿਦਿਆਰਥੀਆਂ ਨੇ ਟਵੀਟ ਕਰ ਕੇ ਕਿਹਾ ਹੈ ਕਿ ਕਰੋਨਾ ਦੇ ਕੇਸ ਲਗਾਤਾਰ ਵਧਣ ਦੇ ਬਾਵਜੂਦ ਬੋਰਡ ਪ੍ਰੀਖਿਆਵਾਂ ਆਫਲਾਈਨ ਕਰਵਾਈਆਂ ਜਾ ਰਹੀਆਂ ਹਨ ਪਰ ਇਹ ਪ੍ਰੀਖਿਆ ਕੇਂਦਰ ਕਰੋਨਾ ਫੈਲਾਉਣ ਦੇ ਕੇਂਦਰ ਬਣ ਸਕਦੇ ਹਨ।
ਮੋਹਿਤ ਸ਼ਰਮਾ ਨੇ ਟਵਿੱਟਰ ਰਾਹੀਂ ਮੰਗ ਕੀਤੀ ਹੈ ਕਿ ਕਰੋਨਾ ਦੇ ਕੇਸ ਇਕ ਦਿਨ ਵਿਚ ਦੇਸ਼ ਭਰ ਵਿਚ ਪੌਣੇ ਦੋ ਲੱਖ ਦੇ ਕਰੀਬ ਸਾਹਮਣੇ ਆ ਰਹੇ ਹਨ, ਇਸ ਕਰ ਕੇ ਬੋਰਡ ਪ੍ਰੀਖਿਆਵਾਂ ਇਕ ਮਹੀਨੇ ਅੱਗੇ ਪਾਈਆਂ ਜਾਣ ਤੇ ਉਸ ਵੇਲੇ ਹਾਲਾਤ ਦੇਖ ਕੇ ਹੀ ਮੁੜ ਪ੍ਰੀਖਿਆਵਾਂ ਕਰਵਾਈਆਂ ਜਾਣ। ਇਕ ਹੋਰ ਵਿਦਿਆਰਥੀ ਨੇ ਰਹਿੰਦੀਆਂ ਪ੍ਰੀਖਿਆਵਾਂ ਆਨਲਾਈਨ ਕਰਵਾਉਣ ਦੀ ਮੰਗ ਕੀਤੀ ਹੈ।
ਕਾਊਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਸ਼ਨ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਦੇ ਸਕੱਤਰ ਗੈਰੀ ਐਥਰੋਨ ਨੇ ਟਵੀਟ ਕਰ ਕੇ ਦੱਸਿਆ ਕਿ ਬੋਰਡ ਵਲੋਂ ਪ੍ਰੀਖਿਆਵਾਂ ਰੱਦ ਕਰਨ ਜਾਂ ਮੁਲਤਵੀ ਕਰਨ ਬਾਰੇ ਸਮੀਖਿਆ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਸ ਬਾਰੇ ਐਲਾਨ ਕਰ ਦਿੱਤਾ ਜਾਵੇਗਾ।