ਮੁਕੇਸ਼ ਕੁਮਾਰ
ਚੰਡੀਗੜ੍ਹ, 8 ਮਈ
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਨਗਰ ਨਿਗਮ ਦੇ 81 ਮੈਂਬਰੀ ਵਫਦ ਵੱਲੋਂ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ ਗਿਆ। ਚੰਡੀਗੜ੍ਹ ਦੀ ਖ਼ੂਬਸੂਰਤੀ ਨੇ ਰਾਏਪੁਰ ਨਿਗਮ ਦੇ ਵਫਦ ਨੂੰ ਕੀਲਿਆ। ਇਸ ਵਫ਼ਦ ਵਿੱਚ ਮੇਅਰ ਐਜਾਜ਼ ਢੇਬਰ, ਚੇਅਰਮੈਨ ਪ੍ਰਮੋਦ ਦੂਬੇ ਅਤੇ ਵਿਰੋਧੀ ਧਿਰ ਦੀ ਨੇਤਾ ਮੀਨਲ ਛਗਨ ਚੌਬੇ ਹਾਜ਼ਰ ਸਨ। ਨਗਰ ਨਿਗਮ ਦਾ ਇਹ ਵਫਦ ‘ਸੋਲਿਡ ਵੇਸਟ ਮੈਨੇਜਮੈਂਟ ਐਂਡ ਬੈਸਟ ਪ੍ਰੈਕਟਿਸਿਜ਼ ਆਫ ਮਿਊਂਸਿਪਲ ਕਾਰਪੋਰੇਸ਼ਨ’ ਸਬੰਧੀ ਦੋ ਰੋਜ਼ਾ ਦੌਰੇ ਲਈ ਬੀਤੀ ਸ਼ਾਮ ਇਥੇ ਪਹੁੰਚਿਆ ਸੀ। ਚੰਡੀਗੜ੍ਹ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ, ਮੇਅਰ ਸਰਬਜੀਤ ਕੌਰ ਅਤੇ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੇ ਵਫਦ ਦਾ ਸਵਾਗਤ ਕੀਤਾ।
ਰਾਏਪੁਰ ਨਗਰ ਨਿਗਮ ਦੇ ਵਫਦ ਨੂੰ ਚੰਡੀਗੜ੍ਹ ਨਿਗਮ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਮੇਅਰ ਸਰਬਜੀਤ ਕੌਰ ਨੇ ਵਫਦ ਦਾ ਸਵਾਗਤ ਕੀਤਾ। ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਚੰਡੀਗੜ੍ਹ ਵਿੱਚ ਸੌਲਿਡ ਵੇਸਟ ਮੈਨੇਜਮੈਂਟ ਸਿਸਟਮ, ਸੜਕਾਂ, ਜਲ ਸਪਲਾਈ, ਪਾਰਕ ਅਤੇ ਗ੍ਰੀਨ ਬੈਲਟਾਂ, ਸਟਰੀਟ ਲਾਈਟਾਂ, ਗਊਸ਼ਾਲਾਵਾਂ ਦੇ ਪ੍ਰਬੰਧਨ, ਵੈਂਡਰਾਂ ਲਈ ਮੁੜ ਵਸੇਬਾ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ।
ਇਸ ਮਗਰੋਂ ਰਾਏਪੁਰ ਦੇ ਮੇਅਰ, ਚੰਡੀਗੜ੍ਹ ਦੀ ਮੇਅਰ ਅਤੇ ਨਿਗਮ ਅਧਿਕਾਰੀਆਂ ਨੇ ਸਵੱਛਤਾ ਵਿਸ਼ੇ ’ਤੇ ਕਿਤਾਬਚਾ ਜਾਰੀ ਕੀਤਾ। ਇਥੇ ਹੋਟਲ ਵਿੱਚ ਕੀਤੀ ਮੀਟਿੰਗ ਤੋਂ ਬਾਅਦ ਰਾਏਪੁਰ ਦੇ ਵਫਦ ਵੱਲੋਂ ਸੀਟੀਯੂ ਦੀਆਂ ਇਲੈਕਟ੍ਰਿਕ ਬੱਸਾਂ ਰਾਹੀਂ ਸ਼ਹਿਰ ਵਿੱਚ ਨਗਰ ਨਿਗਮ ਦੇ ਪ੍ਰਾਜੈਕਟਾਂ ਦਾ ਦੌਰਾ ਕੀਤਾ ਗਿਆ। ਵਫਦ ਨੇ ਸਨਅਤੀ ਖੇਤਰ ਸਥਿਤ ਐੱਮਆਰਐੱਫ ਸਟੇਸ਼ਨ, ਫਰੈਗ੍ਰੈਂਸ ਗਾਰਡਨ ਸੈਕਟਰ 36, ਰੋਜ਼ ਗਾਰਡਨ, ਸੀਵਰੇਜ ਟਰੀਟਮੈਂਟ ਪਲਾਂਟ ਮਲੋਆ ਅਤੇ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਸੈਕਟਰ-17 ਦਾ ਦੌਰਾ ਕੀਤਾ।
ਵਫਦ ਨੇ ਸੁਖਨਾ ਝੀਲ ਨੇੜੇ ਬਰਡ ਪਾਰਕ ਸਮੇਤ ਰੌਕ ਗਾਰਡਨ ਅਤੇ ਕੈਪੀਟਲ ਕੰਪਲੈਕਸ ਦਾ ਦੌਰਾ ਵੀ ਕੀਤਾ। ਰਾਏਪੁਰ ਦੇ ਮੇਅਰ ਐਜਾਜ਼ ਢੇਬਰ ਅਤੇ ਵਫਦ ਵਿੱਚ ਸ਼ਾਮਲ ਰਾਏਪੁਰ ਨਗਰ ਨਿਗਮ ਦੇ ਕੌਂਸਲਰਾਂ ਨੇ ਚੰਡੀਗੜ੍ਹ ਦੀਆਂ ਸੜਕਾਂ, ਸਾਫ਼-ਸੁਥਰੇ ਪਾਰਕਾਂ, ਯੋਜਨਾਬੱਧ ਮਾਰਕੀਟਾਂ ਸਮੇਤ ਚੰਡੀਗੜ੍ਹ ਦੀ ਸੁੰਦਰਤਾ ਦੀ ਸ਼ਲਾਘਾ ਕੀਤੀ।
ਇਸੇ ਦੌਰਾਨ ਚੰਡੀਗੜ੍ਹ ਨਗਰ ਨਿਗਮ ਨੇ ਰਾਇਪੁਰ ਨਿਗਮ ਦੇ ਵਫਦ ਨੂੰ ਸ਼ਹਿਰ ਦੀ ਅਸਲ ਤਸਵੀਰ ਦਿਖਾਉਣ ਵਾਲੇ ਇਲਾਕਿਆਂ ਦਾ ਦੌਰਾ ਕਰਵਾਉਣ ਤੋਂ ਕਥਿਤ ਤੌਰ ’ਤੇ ਪਰਹੇਜ਼ ਕੀਤਾ। ਸ਼ਹਿਰ ਵਿੱਚ ਕੂੜੇ ਦੀ ਸੰਭਾਲ ਦੀ ਮਾੜੀ ਹਾਲਤ ਅਤੇ ਜਨਤਕ ਥਾਵਾਂ ’ਤੇ ਗੈਰਕਾਨੂੰਨੀ ਕਬਜ਼ੇ ਜੱਗ ਜ਼ਾਹਰ ਹਨ।
ਵਫਦ ਦੀ ਪ੍ਰਾਹੁਣਚਾਰੀ ’ਤੇ ਨਿਗਮ ਨੇ ਖਰਚੇ 12 ਲੱਖ ਰੁਪਏ: ਰਾਏਪੁਰ ਨਿਗਮ ਦੀ ਪ੍ਰਾਹੁਣਚਾਰੀ ’ਤੇ ਚੰਡੀਗੜ੍ਹ ਨਗਰ ਨਿਗਮ ਵੱਲੋਂ 12 ਲੱਖ ਰੁਪਏ ਖਰਚੇ ਗਏ। ਇਸ ਖਰਚੇ ਦੇ ਖਰੜੇ ਨੂੰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਹਰੀ ਝੰਡੀ ਦਿੱਤੀ ਗਈ ਸੀ। ਇਥੇ ਇਹ ਹੈਰਾਨੀ ਵਾਲੀ ਗੱਲ ਹੈ ਕਿ ‘ਸਵੱਛ ਸਰਵੇਖਣ 2021’ ਵਿੱਚ ਦੇਸ਼ ਭਰ ਵਿੱਚ ਛੇਵੇਂ ਨੰਬਰ ’ਤੇ ਆਉਣ ਵਾਲੇ ਰਾਏਪੁਰ ਸ਼ਹਿਰ ਦੀ ਨਗਰ ਨਿਗਮ ਚੰਡੀਗੜ੍ਹ ਦੇ ਸਟੱਡੀ ਦੌਰੇ ’ਤੇ ਆਈ ਹੈ ਤੇ ਚੰਡੀਗੜ੍ਹ ਸਵੱਛਤਾ ਰੈੰਕਿੰਗ ਵਿੱਚ 66ਵੇਂ ਨੰਬਰ ਉੱਤੇ ਰਿਹਾ ਹੈ। ਇਸ ਦੇ ਨਾਲ ਹੀ ਆਰਥਿਕ ਤੰਗੀ ਦੀ ਮਾਰ ਸਹਿ ਰਹੀ ਚੰਡੀਗੜ੍ਹ ਨਗਰ ਨਿਗਮ ਵੱਲੋਂ ਰਾਏਪੁਰ ਵਫਦ ਦੀ ਪ੍ਰਾਹੁਣਚਾਰੀ ’ਤੇ ਖਰਚ ਕੀਤੇ ਗਏ 12 ਲੱਖ ਰੁਪਏ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਮੁਹਾਲੀ ਦੀ ਹਰਿਆਲੀ ਦੇਖ ਕੇ ਪ੍ਰਭਾਵਿਤ ਹੋਏ ਰਾਏਪੁਰ ਦੇ ਮੇਅਰ ਤੇ ਕੌਂਸਲਰ
ਮੁਹਾਲੀ (ਪੱਤਰ ਪ੍ਰੇਰਕ): ਰਾਏਪੁਰ ਨਗਰ ਨਿਗਮ ਦੇ ਵਫਦ ਨੇ ਅੱਜ ਮੁਹਾਲੀ ਨਗਰ ਨਿਗਮ ਦਾ ਦੌਰਾ ਵੀ ਕੀਤਾ। ਵਫਦ ਦੇ ਮੁਹਾਲੀ ਪਹੁੰਚਣ ’ਤੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਸਵਾਗਤ ਕੀਤਾ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਕਾਫ਼ੀ ਸਮੇਂ ਤੱਕ ਇਸ ਵਫ਼ਦ ਨੂੰ ਮਿਲਣ ਲਈ ਇੰਤਜ਼ਾਰ ਕਰਦੇ ਰਹੇ ਪਰ ਵਫਦ ਕਈ ਘੰਟੇ ਲੇਟ ਹੋਣ ਕਾਰਨ ਸਿੱਧੂ ਨੂੰ ਜ਼ਰੂਰੀ ਕੰਮ ਲਈ ਬਾਹਰ ਜਾਣਾ ਪਿਆ। ਮੁਹਾਲੀ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਰਾਏਪੁਰ ਦੇ ਮੇਅਰ ਅਤੇ ਕੌਂਸਲਰਾਂ ਨੇ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਵਫ਼ਦ ਨੂੰ ਸ਼ਹਿਰ ਵਿੱਚ ਹਰਿਆਲੀ ਅਤੇ 700 ਪਾਰਕਾਂ ਦੀ ਗਿਣਤੀ ਨੂੰ ਬਹੁਤ ਪ੍ਰਭਾਵਿਤ ਕੀਤਾ। ਇਹੀ ਨਹੀਂ ਨਗਰ ਨਿਗਮ ਵਿੱਚ 50 ਫੀਸਦੀ ਔਰਤ ਕੌਂਸਲਰਾਂ ਬਾਰੇ ਜਾਣ ਕੇ ਵਫ਼ਦ ਨੇ ਕਾਬਜ਼ ਧਿਰ ਦੀ ਸ਼ਲਾਘਾ ਕੀਤੀ। ਉਧਰ, ਮੁਹਾਲੀ ਨਗਰ ਨਿਗਮ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਨਗਰ ਨਿਗਮ ਰਾਏਪੁਰ ਵਿਚ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਕੋਈ ਅਹੁਦਾ ਹੀ ਨਹੀਂ ਹੈ। ਉੱਥੇ ਸਿਰਫ਼ ਮੇਅਰ ਤੋਂ ਇਲਾਵਾ ਸਭਾਪਤੀ ਅਤੇ ਵਿਰੋਧੀ ਧਿਰ ਦੀ ਨੇਤਾ ਦੇ ਸੰਵਿਧਾਨਕ ਅਹੁਦੇ ਹਨ। ਇਸ ਮੌਕੇ ਵਿਰੋਧੀ ਧਿਰ ਦੀ ਆਗੂ ਮਿਨਾਲ ਸ਼ਗਨ ਚੌਬੇ ਨੇ ਕਿਹਾ ਕਿ ਉਹ ਛੱਤੀਸਗੜ੍ਹ ਸਰਕਾਰ ਨੂੰ ਵੀ 50 ਫੀਸਦੀ ਔਰਤਾਂ ਲਈ ਸੀਟਾਂ ਰਾਖਵੀਆਂ ਕਰਨ ਦੀ ਮੰਗ ਕਰਨਗੇ। ਇਹੀ ਨਹੀਂ ਵਫ਼ਦ ਨੇ ਦੱਸਿਆ ਕਿ ਰਾਏਪੁਰ ਵਿੱਚ ਛੇ ਏਕੜ ਵਿੱਚ ਲਾਇਬਰੇਰੀ ਬਣੀ ਹੋਈ ਹੈ ਜੋ ਚੌਵੀ ਘੰਟੇ ਖੁੱਲ੍ਹੀ ਰਹਿੰਦੀ ਹੈ, ਜਿਥੇ ਵਿਦਿਆਰਥੀਆਂ ਨੂੰ ਆਉਣ ਦੀ ਖੁੱਲ੍ਹ ਹੈ ਅਤੇ ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਕਾਫ਼ੀ ਫਾਇਦਾ ਹੁੰਦਾ ਹੈ, ਜਿਨ੍ਹਾਂ ਕੋਲ ਘਰ ਵਿੱਚ ਪੜ੍ਹਨ ਲਈ ਢੁਕਵੀਂ ਥਾਂ ਨਹੀਂ ਹੈ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਮੁਹਾਲੀ ਵਿੱਚ ਵੀ ਅਜਿਹਾ ਕੁਝ ਕਰਨ ਲਈ ਮੇਅਰ ਜੀਤੀ ਸਿੱਧੂ ਨਾਲ ਵਿਚਾਰ ਚਰਚਾ ਕਰਨਗੇ।ਇਸ ਤੋਂ ਪਹਿਲਾਂ ਮੁਹਾਲੀ ਨਿਗਮ ਵੱਲੋਂ ਡਿਮਾਂਸਟਰੇਸ਼ਨ ਦੌਰਾਨ ਵਫ਼ਦ ਨੂੰ ਚੱਪੜਚਿੜੀ ਜੰਗੀ ਯਾਦਗਾਰ, ਪੀਸੀਏ ਸਟੇਡੀਅਮ ਅਤੇ ਮੁਹਾਲੀ ਦੀਆਂ ਹੋਰ ਵਿਸ਼ੇਸ਼ ਥਾਵਾਂ ਵੀ ਦਿਖਾਈਆਂ। ਰਾਏਪੁਰ ਦੇ ਮੇਅਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਇੱਕ ਵਾਰ ਪੀਸੀਏ ਸਟੇਡੀਅਮ ਵਿੱਚ ਮੈਚ ਦੇਖਣ ਆ ਚੁੱਕੇ ਹਨ। ਉਨ੍ਹਾਂ ਨੇ ਮੁਹਾਲੀ ਨਗਰ ਨਿਗਮ ਨੂੰ ਰਾਏਪੁਰ ਆਉਣ ਦਾ ਸੱਦਾ ਵੀ ਦਿੱਤਾ।