ਪੱਤਰ ਪ੍ਰੇਰਕ
ਰਾਜਪੁਰਾ, 10 ਅਗਸਤ
ਇਥੋਂ ਦੇ ਨਿਊ ਗਣੇਸ਼ ਨਗਰ ਦੇ ਦਰਜਨਾਂ ਘਰਾਂ ਦੀਆਂ ਟੁੂਟੀਆਂ ਵਿੱਚ ਪੀਣ ਵਾਲੇ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਇੱਕ ਦਰਜਨ ਤੋਂ ਵੱਧ ਲੋਕ ਬਿਮਾਰ ਹੋ ਗਏ। ਕਲੋਨੀ ਦੇ ਵਸਨੀਕ ਜਥੇਦਾਰ ਅਵਤਾਰ ਸਿੰਘ ਹਰਪਾਲਪੁਰ ਅਤੇ ਗਗਨਦੀਪ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਉਨ੍ਹਾਂ ਦੇ ਘਰਾਂ ਦੀਆਂ ਟੁੂਟੀਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ ਜਿਸ ਕਾਰਨ ਉਹ ਖੁਦ, ਪਰਿਵਾਰ ਦੇ ਬੱਚੇ ਜੱਸੀ, ਦੀਪ ਕੌਰ ਅਤੇ ਮਾਧਵੀ ਸ਼ਰਮਾ ਸਮੇਤ ਨੇੜਲੇ ਘਰਾਂ ਦੇ ਕਰੀਬ ਇੱਕ ਦਰਜਨ ਜੀਅ ਉਲਟੀਆਂ, ਟੱਟੀਆਂ ਲੱਗਣ ਕਾਰਨ ਬਿਮਾਰ ਹੋ ਗਏ। ਅਵਤਾਰ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਨੂੰ ਉਹ ਆਪਣੇ ਬੱਚੇ ਜੱਸੀ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਗਏ ਸਨ। ਜਿਥੇ ਮੌਜੂਦ ਡਾਕਟਰ ਨੇ ਕੁਝ ਗੋਲੀਆਂ ਤੇ ਇੱਕ ਘੋਲ ਦਾ ਪੈਕਟ ਦੇ ਕੇ ਘਰ ਨੂੰ ਤੋਰ ਦਿੱਤਾ ਤੇ ਹੁਣ ਉਹ ਪ੍ਰਾਈਵੇਟ ਡਾਕਟਰਾਂ ਪਾਸੋਂ ਦਵਾਈ ਲੈ ਰਹੇ ਹਨ। ਇਸ ਸਬੰਧੀ ਐੱਸਐੱਮਓ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਅਜਿਹਾ ਕੋਈ ਕੇਸ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ। ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐਸ.ਡੀ.ਓ ਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਅੱਜ ਹੀ ਉਕਤ ਕਲੋਨੀ ਵਿੱਚ ਪਾਣੀ ਦੀ ਸਪਲਾਈ ਚੈੱਕ ਕਰਵਾ ਰਹੇ ਹਨ ਤੇ ਕਲੋਨੀ ’ਚ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।