ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਦਸੰਬਰ
ਯੁਗਾਂਡਾ ਦੀ ਇੱਕ ਮਹਿਲਾ ਨੂੰ ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੇਸ਼ ਵਿੱਚ 14 ਕਰੋੜ ਰੁਪਏ ਦੀ ਕੋਕੀਨ ਦੀ ਕਥਿਤ ਤੌਰ ‘ਤੇ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ। ਸੂਤਰਾਂ ਨੇ ਦੱਸਿਆ ਕਿ 30 ਸਾਲਾਂ ਦੀ ਯਾਤਰੀ, ਜਿਸ ਨੂੰ ਏਡਜ਼ ’ਤੋਂ ਪੀੜਤ ਹੋਣ ਦਾ ਸ਼ੱਕ ਹੈ ਨੇ ਕੋਕੀਨ ਵਾਲੀਆਂ 91 ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਗੋਲੀਆਂ ਖਾਧੀਆਂ ਹੋਈਆਂ ਸਨ। ਯਾਤਰੀ ਦੇ ਅਸਾਧਾਰਨ ਵਿਵਹਾਰ ਨੂੰ ਦੇਖਦੇ ਹੋਏ, ਕਸਟਮ ਅਧਿਕਾਰੀਆਂ ਨੇ ਉਸ ‘ਤੇ ਨਜ਼ਰ ਰੱਖੀ। ਯਾਤਰੀ ਨੇ ਗ੍ਰੀਨ ਚੈਨਲ ਨੂੰ ਪਾਰ ਕੀਤਾ ਤੇ ਅੰਤਰਰਾਸ਼ਟਰੀ ਆਗਮਨ ਹਾਲ ਦੇ ਨਿਕਾਸ ਗੇਟ ਵੱਲ ਜਾ ਰਹੀ ਸੀ ਜਦੋਂ ਕਸਟਮ ਅਧਿਕਾਰੀਆਂ ਨੇ ਉਸ ਨੂੰ ਰੋਕਿਆ। ਪੁੱਛਗਿੱਛ ਕਰਨ ‘ਤੇ ਯਾਤਰੀ ਨੇ ਆਖਰਕਾਰ ਖੁਲਾਸਾ ਕੀਤਾ ਕਿ ਉਸ ਨੇ ਨਸ਼ੀਲੇ ਪਦਾਰਥ ਦੇ 91 ਕੈਪਸੂਲ ਨਿਗਲ ਲਏ ਸਨ। ਔਰਤ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਐਕਸ-ਰੇ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਯਾਤਰੀ ਦਾ ਸਿਗਮੋਇਡ ਕੌਲਨ ਅੰਡਾਕਾਰ ਗੋਲੀਆਂ ਨਾਲ ਭਰਿਆ ਹੋਇਆ ਸੀ। ਕੁੱਲ 91 ਗੋਲੀਆਂ ਦੀ ਬਰਾਮਦਗੀ ਹੋਈ।