ਨਵੀਂ ਦਿੱਲੀ: ਸਾਬਕਾ ਕਪਤਾਨ ਆਦਿਤਿਆ ਤਾਰੇ ਦੇ ਨਾਬਾਦ ਸੈਂਕੜੇ ਅਤੇ ਕਪਤਾਨ ਪ੍ਰਿਥਵੀ ਸ਼ਾਅ ਦੇ ਤੂਫਾਨੀ ਨੀਮ ਸੈਂਕੜੇ ਨਾਲ ਮੁੰਬਈ ਨੇ ਅੱਜ ਇੱਥੇ ਫਾਈਨਲ ਵਿੱਚ ਉੱਤਰ ਪ੍ਰਦੇਸ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਚੌਥੀ ਵਾਰ ਵਿਜੈ ਹਜ਼ਾਰੇ ਟਰਾਫੀ ਆਪਣੇ ਨਾਂ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਉੱਤਰ ਪ੍ਰਦੇਸ਼ ਦੀ ਟੀਮ ਨੇ ਮਾਧਵ ਕੌਸ਼ਿਕ ਦੀਆਂ 158 ਦੌੜਾਂ ਦੀ ਮਦਦ ਨਾਲ ਚਾਰ ਵਿਕਟਾਂ ਦੇ ਨੁਕਸਾਨ ’ਤੇ 312 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਮੁੰਬਈ ਨੇ ਤਾਰੇ (118) ਅਤੇ ਪ੍ਰਿਥਵੀ (73) ਦੀਆਂ ਪਾਰੀਆਂ ਦੀ ਬਦੌਲਤ 41.3 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 315 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। -ਪੀਟੀਆਈ