ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਮਈ
ਯੂਨਾਈਟਿਡ ਯੂਥ ਫੈਡਰੇਸ਼ਨ ਵੱਲੋਂ ਭਾਈ ਦਯਾ ਸਿੰਘ ਜੀ ਸੰਤ ਸੇਵਕ ਜਥਾ ਅਤੇ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਦੇ ਵਡਮੁੱਲੇ ਸਹਿਯੋਗ ਸਦਕਾ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ 299ਵਾਂ ਜਨਮ ਦਿਹਾੜਾ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਗਿਆ।
ਇਸ ਮੌਕੇ ਜਥੇਬੰਦੀ ਦੇ ਮੁਖੀ ਸੋਹਣ ਸਿੰਘ ਗੋਗਾ ਸਾਬਕਾ ਚੇਅਰਮੈਨ ਦੀ ਦੇਖਰੇਖ ਹੇਠ ਹੋਏ ਸਮਾਗਮ ਦੌਰਾਨ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਭਾਈ ਦਯਾ ਸਿੰਘ ਜੀ ਸੰਤ ਸੇਵਕ ਜਥੇ ਨੇ ਕੀਤਾ। ਉਪਰੰਤ ਸੰਤ ਨਿਰਮਲ ਸਿੰਘ ਜੀ ਹਾਪੁੜ ਅਤੇ ਪਰਮਿੰਦਰ ਸਿੰਘ ਰਤਵਾੜਾ ਸਾਹਿਬ ਵੱਲੋਂ ਕੀਰਤਨ ਅਤੇ ਗੁਰਮਤਿ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਪੰਥਕ ਕਵੀ ਚਰਨਜੀਤ ਸਿੰਘ ਚੰਨ ਅਤੇ ਜੋਗਿੰਦਰ ਸਿੰਘ ਕੰਗ ਨੇ ਵੀ ਕਵਿਤਾਵਾਂ ਪੇਸ਼ ਕੀਤੀਆਂ। ਸੰਸਥਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਅੱਠ ਸ਼ਖ਼ਸੀਅਤਾਂ ਤਰਨਪ੍ਰੀਤ ਸਿੰਘ ਸੋਂਧ ਖੰਨਾ, ਸ਼ੈਰੀ ਕਲਸੀ ਬਟਾਲਾ, ਜੀਵਨਜੋਤ ਕੌਰ ਅੰਮ੍ਰਿਤਸਰ ਸਾਹਿਬ (ਸਾਰੇ ਵਿਧਾਇਕ), ਰਾਜਿੰਦਰ ਸਿੰਘ ਯੂਟੀਐੱਮ, ਨਿਰਮੋਲਕ ਸਿੰਘ ਗੁਰੂ ਕੈਨੇਡਾ, ਨਿਹਾਲ ਸਿੰਘ ਉੱਭੀ ਅਹਿਮਦਗੜ੍ਹ, ਵਰਿੰਦਰ ਸਿੰਘ ਜਲੰਧਰ ਅਤੇ ਰਛਪਾਲ ਸਿੰਘ ਪਾਲ ਜਲੰਧਰ ਨੂੰ ਫ਼ਖਰ-ਏ-ਕੌਮ ਜੱਸਾ ਸਿੰਘ ਰਾਮਗੜ੍ਹੀਆ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਅਮਰਜੀਤ ਸਿੰਘ ਸਿਆਣ (ਐੱਨਆਰਆਈ), ਗੁਰਦੁਆਰੇ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ, ਚੇਅਰਮੈਨ ਹਰਜਿੰਦਰ ਸਿੰਘ ਸੰਧੂ ਅਤੇ ਨਰਿੰਦਰ ਸਿੰਘ ਉੱਭੀ ਦਾ ਵੀ ਸਨਮਾਨ ਕੀਤਾ ਗਿਆ।