ਕੁਲਦੀਪ ਸਿੰਘ
ਚੰਡੀਗੜ੍ਹ, 12 ਫ਼ਰਵਰੀ
ਪੰਜਾਬ ਯੂਨੀਵਰਸਿਟੀ ਅਧੀਨ ਕੰਸਟੀਚੂਐਂਟ ਕਾਲਜ ਬਲਾਚੌਰ ਵਿੱਚ ਪੋਸਟਮੈਟ੍ਰਿਕ ਸਕਾਲਰਸ਼ਿਪ ’ਤੇ ਪੜ੍ਹਨ ਵਾਲੇ ਲੋੜਵੰਦ ਪਰਿਵਾਰਾਂ ਦੇ ਐਸ.ਸੀ. ਵਿਦਿਆਰਥੀਆਂ ਤੋਂ ਭਾਰੀਆਂ ਫੀਸਾਂ ਵਸੂਲਣ ਦੇ ਜਾਰੀ ਕੀਤੇ ਗਏ ਨੋਟਿਸਾਂ ਖਿਲਾਫ਼ ਅੱਜ ਵਿਦਿਆਰਥੀਆਂ ਵੱਲੋਂ ਪੀ.ਐੱਸ.ਯੂ. (ਲਲਕਾਰ) ਦੀ ਅਗਵਾਈ ਹੇਠ ਪੀਯੂ ਵਿੱਚ ਉਪ-ਕੁਲਪਤੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਲਜ ਤੋਂ ਪੰਜਾਬ ਯੂਨਿਵਰਸਿਟੀ ਪ੍ਰਸ਼ਾਸਨ ਕੋਲ ਆਪਣਾ ਮਸਲਾ ਲੈ ਕੇ ਪਹੁੰਚੇ 16 ਵਿਦਿਆਰਥੀਆਂ ਦੇ ਵਫ਼ਦ ਸਮੇਤ ਇਕੱਠੇ ਹੋਏ ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਪੀ.ਐੱਸ.ਯੂ. (ਲਲਕਾਰ) ਦੇ ਆਗੂ ਅਮਨਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੰਸਟੀਚੂਐਂਟ ਕਾਲਜ ਬਲਾਚੌਰ ਵਿੱਚ ਪੋਸਟਮੈਟ੍ਰਿਕ ਸਕਾਲਰਸ਼ਿਪ ’ਤੇ ਪੜ੍ਹਨ ਵਾਲੇ ਲੋੜਵੰਦ ਪਰਿਵਾਰਾਂ ਦੇ ਐੱਸਸੀ ਵਿਦਿਆਰਥੀ ਹੁਣ ਤੱਕ ਨਿਯਮਾਂ ਅਨੁਸਾਰ ਬਿਨਾਂ ਫੀਸ ਤੋਂ ਪੜ੍ਹਦੇ ਆ ਰਹੇ ਹਨ। ਉਨ੍ਹਾਂ ਦੀ ਫੀਸ ਸਰਕਾਰ ਵੱਲੋਂ ਸਕਾਲਰਸ਼ਿਪ ਦੇ ਰੂਪ ਵਿੱਚ ਯੂਨੀਵਰਸਿਟੀ ਨੂੰ ਭੇਜੀ ਜਾਂਦੀ ਹੈ ਪਰ ਦਸੰਬਰ 2019 ਵਿੱਚ ਯੂਨੀਵਰਸਿਟੀ ਨੇ ਨਿਯਮ ਬਦਲ ਕੇ ਇਹ ਫ਼ੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਕੋਰਸ ਦੀ ਬਣਦੀ ਫ਼ੀਸ ਤੋਂ ਘੱਟ ਸਕਾਲਰਸ਼ਿਪ ਜਾਰੀ ਕਰਦੀ ਹੈ ਤਾਂ ਬਕਾਇਆ ਫ਼ੀਸ ਵਿਦਿਆਰਥੀਆਂ ਤੋਂ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਕ ਕਥਿਤ ਮਿਲੀਭੁਗਤ ਨਾਲ ਲਿਆ ਗਿਆ ਹੈ। ਇਹ ਫ਼ੁਰਮਾਨ ਲਾਗੂ ਕਰਦੇ ਹੋਏ ਕੰਸਟੀਚੂਐਂਟ ਕਾਲਜਾਂ ਨੇ ਯੂਨੀਵਰਸਿਟੀ ਦੇ ਹੁਕਮਾਂ ਅਨੁਸਾਰ ਐੱਸਸੀ ਵਿਦਿਆਰਥੀਆਂ ਤੋਂ ਫ਼ੀਸਾਂ ਵਸੂਲਣ ਦਾ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 17 ਫਰਵਰੀ ਤੋਂ ਹੋਣ ਵਾਲੀਆਂ ਸਮੈਸਟਰ ਪ੍ਰੀਖਿਆਵਾਂ ਲਈ ਰੋਲ ਨੰਬਰ ਲੈਣ ਲਈ ਵੀ ਲਾਜ਼ਮੀ ਫ਼ੀਸ ਜਮ੍ਹਾਂ ਕਰਾਉਣ ਦੀ ਸ਼ਰਤ ਰੱਖੀ ਗਈ ਹੈ।
ਫ਼ੀਸਾਂ ਜਮ੍ਹਾਂ ਨਾ ਕਰਵਾਉਣ ਦਾ ਫੈਸਲਾ
ਵਿਦਿਆਰਥੀਆਂ ਨੇ ਫ਼ੈਸਲਾ ਲਿਆ ਕਿ ਫ਼ੀਸਾਂ ਜਮ੍ਹਾਂ ਨਹੀਂ ਕਰਵਾਈਆਂ ਜਾਣਗੀਆਂ ਅਤੇ ਸਕਾਲਰਸ਼ਿਪ ਦੇ ਆਪਣੇ ਹੱਕ ਬਹਾਲ ਕਰਾਉਣ ਲਈ ਸੰਘਰਸ਼ ਕੀਤਾ ਜਾਵੇਗਾ। ਵਿਦਿਆਰਥੀਆਂ ਨੇ ਸਕਾਲਰਸ਼ਿਪ ਫੰਡਾਂ ਵਿੱਚ ਕਟੌਤੀਆਂ ਵਿਰੁੱਧ ਅਤੇ ਸਕਾਲਰਸ਼ਿਪ ਪੂਰੀ ਤਰਾਂ ਬਹਾਲ ਕਰਾਉਣ ਲਈ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਯੂਨੀਵਰਸਿਟੀ ਅਧਿਕਾਰੀਆਂ ਤੇ ਡੀ.ਯੂ.ਆਈ. ਨੇ ਵਿਦਿਆਰਥੀਆਂ ਤੋਂ ਮੰਗ-ਪੱਤਰ ਲਿਆ ਅਤੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ।