ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਅਗਸਤ
ਭਾਰਤੀ ਫ਼ੌਜ ਦੇ ਹੈਲੀਕਾਪਟਰ ਹਾਦਸੇ ਵਿੱਚ ਬੀਤੇ ਦਿਨੀਂ ਮਾਰੇ ਗਏ ਲੈਫਟੀਨੈਂਟ ਕਰਨਲ ਏ ਐੱਸ ਬਾਠ ਦਾ ਅੱਜ ਇੱਥੇ ਗੁਰਦੁਆਰਾ ਸ਼ਹੀਦਾਂ ਨੇੜੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਲੋਕਾਂ ਨੇ ਦੱਸਿਆ ਕਿ ਕਰਨਲ ਬਾਠ ਪਠਾਨਕੋਟ ਵਿੱਚ ਤਾਇਨਾਤ ਸਨ। ਉਨ੍ਹਾਂ ਦੀ ਪਤਨੀ ਤੇ ਬੇਟਾ ਮਾਮੂਨ ਕੈਂਟ ਵਿੱਚ ਰਹਿੰਦੇ ਸਨ ਜਦਕਿ ਉਨ੍ਹਾਂ ਦੀ ਮਾਂ ਅੰਮ੍ਰਿਤਸਰ ਵਿੱਚ ਰਹਿੰਦੀ ਸੀ। ਉਨ੍ਹਾਂ ਦੇ ਪਿਤਾ ਸਰਬਜੀਤ ਸਿੰਘ ਵੀ ਫ਼ੌਜੀ ਅਧਿਕਾਰੀ ਸਨ। ਕਰਨਲ ਬਾਠ ਇੱਥੋਂ ਹੀ ਵਿੱਦਿਆ ਪ੍ਰਾਪਤ ਕਰ ਕੇ ਸਾਲ 2002 ਵਿੱਚ ਭਾਰਤੀ ਫ਼ੌਜ ’ਚ ਭਰਤੀ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਦਾ ਇੱਕ ਹੈਲੀਕਾਪਟਰ ਬੀਤੀ 3 ਅਗਸਤ ਨੂੰ ਹਾਦਸਾਗ੍ਰਸਤ ਹੋਣ ਮਗਰੋਂ ਰਣਜੀਤ ਸਾਗਰ ਝੀਲ ਵਿੱਚ ਡਿੱਗ ਗਿਆ ਸੀ। ਕੁਝ ਦਿਨਾਂ ਤੋਂ ਹੈਲੀਕਾਪਟਰ ਦੇ ਪਾਇਲਟ ਲੈਫਟੀਨੈਂਟ ਕਰਨਲ ਏ ਐੱਸ ਬਾਠ ਅਤੇ ਸਹਿ-ਪਾਇਲਟ ਜੈਯੰਤ ਜੋਸ਼ੀ ਬਾਰੇ ਕੁਝ ਵੀ ਪਤਾ ਨਹੀ ਲੱਗ ਰਿਹਾ ਸੀ। ਬੀਤੇ ਦਿਨ ਹੀ ਕਰਨਲ ਬਾਠ ਦੀ ਲਾਸ਼ ਝੀਲ ’ਚੋਂ ਬਰਾਮਦ ਹੋਈ ਜਦੋਂਕਿ ਉਸ ਦੇ ਦੂਜੇ ਸਾਥੀ ਬਾਰੇ ਹਾਲੇ ਵੀ ਕੁਝ ਪਤਾ ਨਹੀਂ ਲੱਗਿਆ ਹੈ।
ਪਿੰਡ ਬਾਮੂਵਾਲ ਵਿੱਚ ਸੋਗ ਦਾ ਮਾਹੌਲ
ਭੁਲੱਥ (ਦਲੇਰ ਸਿੰਘ ਚੀਮਾ): ਲੈਫਟੀਨੈਂਟ ਕਰਨਲ ਏ ਐੱਸ ਬਾਠ ਇੱਥੋਂ ਨੇੜਲੇ ਪਿੰਡ ਬਾਮੂਵਾਲ ਦਾ ਜੰਮਪਲ ਸਨ। ਉਨ੍ਹਾਂ ਦੇ ਦੇਹਾਂਤ ’ਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਉਨ੍ਹਾਂ ਆਪਣੀ ਮੁੱਢਲੀ ਪੜ੍ਹਾਈ ਕਰਾਈਸਟ ਕਿੰਗ ਕਾਨਵੈਂਟ ਸਕੂਲ, ਕਪੂਰਥਲਾ ਅਤੇ ਉੱਚ ਸਿੱਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਸੀ। ਇਸ ਦੌਰਾਨ ਪਿੰਡ ਛੱਡ ਕੇ ਉਹ ਅੰਮ੍ਰਿਤਸਰ ਚਲੇ ਗਏ ਸਨ। ਕੁਝ ਦਿਨ ਪਹਿਲਾਂ ਉਹ ਆਪਣੇ ਪਿੰਡ ਬਾਮੂਵਾਲ ਤੇ ਨਡਾਲਾ ਖੇਤਰ ਦਾ ਗੇੜਾ ਲਾ ਕੇ ਗਏ ਸਨ।