ਨਵੀਂ ਦਿੱਲੀ, 22 ਨਵੰਬਰ
ਪਾਰਟੀ ਦੇ ਜਥੇਬੰਦਕ ਪੁਨਰਗਠਨ ਤੇ ਹੋਰ ਸੁਧਾਰਾਂ ਦੀ ਮੰਗ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਉਹ ਸੁਧਾਰਵਾਦੀ ਹਨ, ਬਾਗ਼ੀ ਨਹੀਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ‘ਫਾਈਵ ਸਟਾਰ’ ਸਭਿਆਚਾਰ ਘੱਟੋ-ਘੱਟ ਚੋਣਾਂ ਦੌਰਾਨ ਤਾਂ ਤਿਆਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੇ ਕਾਂਗਰਸੀ ਆਗੂਆਂ ਵਿਚਾਲੇ ਤਾਲਮੇਲ ਦੀ ਵੱਡੀ ਘਾਟ ਹੈ। ਆਜ਼ਾਦ ਨੇ ਕਿਹਾ ਕਿ ਕਾਂਗਰਸ ਨੂੰ ਸੂਬਾ, ਜ਼ਿਲ੍ਹਾ ਤੇ ਬਲਾਕ ਪੱਧਰ ਉਤੇ ਚੋਣਾਂ ਕਰਵਾ ਕੇ ਪਾਰਟੀ ਮੁਖੀ ਚੁਣਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਬਿਹਾਰ ਵਿਚ 70 ਸੀਟਾਂ ਉਤੇ ਚੋਣ ਲੜੀ ਸੀ ਤੇ 19 ਉਤੇ ਹੀ ਜਿੱਤ ਦਰਜ ਕਰ ਸਕੀ ਸੀ। ਦੱਸਣਯੋਗ ਹੈ ਕਿ ਆਜ਼ਾਦ ਉਨ੍ਹਾਂ ਸੀਨੀਅਰ 23 ਆਗੂਆਂ ਵਿਚ ਸ਼ਾਮਲ ਸਨ ਜਿਨ੍ਹਾਂ ਪਹਿਲਾਂ ਵੀ ਪਾਰਟੀ ਦੇ ਜਥੇਬੰਦਕ ਪੁਨਰਗਠਨ ਦੀ ਮੰਗ ਰੱਖੀ ਸੀ। ਆਜ਼ਾਦ ਨੇ ਕਿਹਾ ਕਿ ਪਾਰਟੀ ਆਗੂਆਂ ਨੂੰ ਲੋਕਾਂ ਦੇ ਲਗਾਤਾਰ ਸੰਪਰਕ ਵਿਚ ਰਹਿਣਾ ਚਾਹੀਦਾ ਹੈ ਤੇ ਇਹ ਤਾਲਮੇਲ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਵਿਚ ਸਿਖ਼ਰਲੇ ਅਹੁਦਿਆਂ ਉਤੇ ਰਹੇ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ‘ਪੰਜ ਤਾਰਾ’ ਸਭਿਆਚਾਰ ਪਾਰਟੀ ਦੇ ਅੰਦਰ ਤੱਕ ਵੜ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਨੂੰ ਜ਼ਮੀਨ ’ਤੇ ਲੋਕਾਂ ਵਿਚਾਲੇ ਆਉਣਾ ਪਵੇਗਾ। ਬਿਹਾਰ ਵਿਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਪਹਿਲੀ ਬਾਰ ਬੋਲਦਿਆਂ ਆਜ਼ਾਦ ਨੇ ਕਿਹਾ ਕਿ ਵੱਡੇ ਆਗੂਆਂ ਨੂੰ ਸੂਬੇ ਦੇ ਆਗੂਆਂ ਨਾਲ ਰਾਜ ਵਿਚ ਘੁੰਮਣਾ ਚਾਹੀਦਾ ਹੈ ਨਾ ਕਿ ਫਾਈਵ ਸਟਾਰ ਹੋਟਲਾਂ ਵਿਚ ਠਹਿਰ ਕੇ ਵਾਪਸ ਪਰਤ ਜਾਣਾ ਚਾਹੀਦਾ ਹੈ। ਹਰੇਕ ਆਗੂ ਨੂੰ ਹਰ ਵਿਧਾਨ ਸਭਾ ਹਲਕੇ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ। ਸਿਰਫ਼ ਦਿੱਲੀ ਤੋਂ ਜਾ ਕੇ ਹੋਟਲਾਂ ਵਿਚ ਠਹਿਰ ਕੇ ਪਰਤ ਆਉਣ ਨਾਲ ਗੱਲ ਨਹੀਂ ਬਣੇਗੀ। ਇਹ ਸਿਰਫ਼ ਪੈਸੇ ਦੀ ਬਰਬਾਦੀ ਹੈ। ਇਸ ਤਰ੍ਹਾਂ ਦੇ ਰਵੱਈਏ ਨੂੰ ਪਾਰਟੀ ਦੀ ਬਿਹਾਰ ਵਿਚ ਹਾਰ ਦਾ ਮੁੱਖ ਕਾਰਨ ਕਰਾਰ ਦਿੰਦਿਆਂ ਆਜ਼ਾਦ ਨੇ ਕਿਹਾ ਕਾਂਗਰਸ ਵਿਚ ਹਰ ਪੱਧਰ ਉਤੇ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਆਜ਼ਾਦ ਨੇ ਕਿਹਾ ਕਿ ਉਹ ਹੋਰਾਂ ਆਗੂਆਂ ਨਾਲ ਇਹ ਮੁੱਦੇ ਪਾਰਟੀ ਦੇ ਹਿੱਤ ਵਿਚ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੀਡਰਸ਼ਿਪ ਦੇ ਖ਼ਿਲਾਫ਼ ਨਹੀਂ ਹਨ ਬਲਕਿ ਤਜਵੀਜ਼ਸ਼ੁਦਾ ਸੁਧਾਰਾਂ ਲਈ ਇਸ ਦੇ ਹੱਥ ਮਜ਼ਬੂਤ ਕਰ ਰਹੇ ਹਨ। ਆਜ਼ਾਦ ਨੇ ਸਿਖ਼ਰਲੀ ਲੀਡਰਸ਼ਿਪ ਨੂੰ ਹਾਰ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਪਰ ਆਗੂਆਂ ਤੇ ਲੋਕਾਂ ਵਿਚਾਲੇ ਤਾਲਮੇਲ ਦੀ ਘਾਟ ਨੂੰ ਜ਼ਿੰਮੇਵਾਰ ਦੱਸਿਆ। -ਪੀਟੀਆਈ