ਮੁੱਖ ਅੰਸ਼
- ਬਸਪਾ ਮੁਖੀ ’ਤੇ ਲਾਇਆ ਦਲਿਤਾਂ ਲਈ ਆਵਾਜ਼ ਨਾ ਚੁੱਕਣ ਦਾ ਦੋਸ਼
- ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ’ਤੇ ਆਰਐੱਸਐੱਸ ਦੇ ਕਬਜ਼ੇ ਦਾ ਕੀਤਾ ਦਾਅਵਾ
ਨਵੀਂ ਦਿੱਲੀ, 9 ਅਪਰੈਲ
ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੂੰ ਉੱਤਰ ਪ੍ਰਦੇਸ਼ ’ਚ ਗੱਠਜੋੜ ਕਰਨ ਤੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਇਸ ਬਾਰੇ ਗੱਲ ਤੱਕ ਨਹੀਂ ਕੀਤੀ। ਰਾਹੁਲ ਨੇ ਇਹ ਦਾਅਵਾ ਕੀਤਾ ਕਿ ਸੀਬੀਆਈ, ਈਡੀ ਤੇ ਪੈਗਾਸਸ ਰਾਹੀਂ ਬਣਾਏ ਜਾ ਰਹੇ ਦਬਾਅ ਕਾਰਨ ਮਾਇਆਵਤੀ ਦਲਿਤਾਂ ਲਈ ਨਹੀਂ ਲੜ ਰਹੀ ਅਤੇ ਭਾਜਪਾ ਨੂੰ ਖੁੱਲ੍ਹਾ ਰਸਤਾ ਦੇ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਮੇਂ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ’ਤੇ ਆਰਐੱਸਐੱਸ ਦਾ ਕਬਜ਼ਾ ਹੈ।
ਰਾਹੁਲ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸਾਬਕਾ ਅਧਿਕਾਰੀ ਤੇ ਕਾਂਗਰਸ ਆਗੂ ਕੇ ਰਾਜੂ ਦੀ ਪੁਸਤਕ ‘ਦਿ ਦਲਿਤ ਟਰੁੱਥ: ਦਿ ਬੈਟਲਜ਼ ਫਾਰ ਰਿਅਲਾਈਜ਼ਿੰਗ ਅੰਬੇਡਕਰਜ਼ ਵਿਜ਼ਨ’ ਦੇ ਰਿਲੀਜ਼ ਮੌਕੇ ਹਾਲ ਹੀ ’ਚ ਹੋਈਆਂ ਯੂਪੀ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸੀਬੀਆਈ, ਈਡੀ ਤੇ ਪੈਗਾਸਸ ਰਾਹੀਂ ਰਾਜਨੀਤਕ ਸਿਸਟਮ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਅਸੀਂ (ਯੂਪੀ ਚੋਣਾਂ ਮੌਕੇ) ਮਾਇਆਵਤੀ ਜੀ ਨੂੰ ਸੁਨੇਹਾ ਦਿੱਤਾ ਕਿ ਗੱਠਜੋੜ ਕਰੋ, ਮੁੱਖ ਮੰਤਰੀ ਬਣੋ ਪਰ ਉਨ੍ਹਾਂ ਗੱਲ ਤੱਕ ਨਹੀਂ ਕੀਤੀ।’ ਉਨ੍ਹਾਂ ਮਾਇਆਵਤੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘ਕਾਂਸ਼ੀਰਾਮ ਜੀ ਨੇ ਖ਼ੂਨ ਪਸੀਨਾ ਵਹਾ ਕੇ ਦਲਿਤਾਂ ਲਈ ਆਵਾਜ਼ ਉਠਾਈ, ਪਰ ਅੱਜ ਮਾਇਆਵਤੀ ਜੀ ਕਹਿ ਰਹੀ ਹੈ ਕਿ ਉਹ ਇਸ ਆਵਾਜ਼ ਲਈ ਨਹੀਂ ਲੜੇਗੀ। ਉਨ੍ਹਾਂ ਭਾਜਪਾ ਨੂੰ ਖੁੱਲ੍ਹਾ ਰਾਹ ਦੇ ਦਿੱਤਾ। ਇਸ ਦੀ ਵਜ੍ਹਾ ਸੀਬੀਆਈ, ਈਡੀ ਤੇ ਪੈਗਾਸਸ ਹੈ।’ ਰਾਹੁਲ ਨੇ ਕਿਹਾ, ‘ਸੰਵਿਧਾਨ ਇੱਕ ਹਥਿਆਰ ਹੈ ਪਰ ਇਹ ਸੰਸਥਾਵਾਂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਅਸੀਂ ਸੰਵਿਧਾਨ ਦੀ ਰਾਖੀ ਦੀ ਗੱਲ ਕਰਦੇ ਹਾਂ, ਪਰ ਬਿਨਾਂ ਸੰਸਥਾਵਾਂ ਤੋਂ ਸੰਵਿਧਾਨ ਨੂੰ ਲਾਗੂ ਕਿਵੇਂ ਕੀਤਾ ਜਾ ਸਕਦਾ ਹੈ। ਸਾਰੀਆਂ ਸੰਸਥਾਵਾਂ ’ਤੇ ਆਰਐੱਸਐੱਸ ਦਾ ਕਬਜ਼ਾ ਹੈ।’ ਉਨ੍ਹਾਂ ਕਿਹਾ ਕਿ ਅੰਬੇਡਕਰ ਨੇ ਸੰਵਿਧਾਨ ਦਾ ਨਿਰਮਾਣ ਕਰਕੇ ਦੇਸ਼ ਦੇ ਲੋਕਾਂ ਨੂੰ ਇੱਕ ਹਥਿਆਰ ਦਿੱਤਾ ਪਰ ਇਸ ਹਥਿਆਰ ਦਾ ਕੋਈ ਮਤਲਬ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅੱਜ ਮੀਡੀਆ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਅਤੇ ਸਪਾਈਵੇਅਰ ਰਾਹੀਂ ਸਿਆਸੀ ਆਗੂਆਂ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਦੇਸ਼ ਦੇ ਆਰਥਿਕ ਹਾਲਾਤ ਬਾਰੇ ਸ੍ਰੀ ਗਾਂਧੀ ਨੇ ਕਿਹਾ ਕਿ ਇਹ ਸਮਾਂ ਲੜਾਈ ਲੜਨ ਦਾ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਤੇ ਡਾ. ਅੰਬੇਡਕਰ ਨੇ ਜੋ ਰਾਹ ਦਿਖਾਇਆ ਸੀ, ਉਸ ’ਤੇ ਚੱਲਣ ਦੀ ਲੋੜ ਹੈ। -ਪੀਟੀਆਈ