ਪੱਤਰ ਪ੍ਰੇਰਕ
ਮਾਨਸਾ, 10 ਅਗਸਤ
ਨਗਰ ਕੌਸਲ ਮਾਨਸਾ ਦੇ 22 ਕੌਂਸਲਰਾਂ ਵੱਲੋਂ ਅੱਜ ਮੀਟਿੰਗ ਕਰਕੇ ਕੌਸਲ ਪ੍ਰਧਾਨ ਜਸਵੀਰ ਕੌਰ ਚੌਹਾਨ ਵਿਰੁੱਧ ਬੇਭਰੋਸਗੀ ਦਾ ਮਤਾ ਪਾਸ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਕੌਸਲਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਨਸਾ ਦੇ ਵਿਧਾਇਕ ਡਾ. ਵਿਜੈ ਕੁਮਾਰ ਸਿੰਗਲਾ ਦੀ ਵੀ ਹਮਾਇਤ ਹਾਸਲ ਹੈ। ਉਧਰ, ਇਸ ਮੀਟਿੰਗ ਵਿੱਚ ਨਗਰ ਕੌਸਲ ਦੀ ਪ੍ਰਧਾਨ ਜਸਵੀਰ ਕੌਰ ਅੱਜ ਨਹੀਂ ਆਏ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੌਸਲਰਾਂ ਦੁਆਰਾ ਰੱਖੀ ਗਈ ਇਹ ਮੀਟਿੰਗ ਹੋਰ ਸਰਕਾਰੀ ਰੁਝੇਵਿਆਂ ਕਾਰਨ ਇੱਕ ਵਾਰ ਮੁਲਤਵੀ ਕਰ ਦਿੱਤੀ ਗਈ ਹੈ ਜਿਸ ਨਾਲ ਇਸ ਨਗਰ ਕੌਸਲ ਵਿੱਚ ਪ੍ਰਧਾਨਗੀ ਦਾ ਕਾਟੋ-ਕਲੇਸ਼ ਵਧਣ ਦੀ ਉਮੀਦ ਖੜ੍ਹੀ ਹੋ ਗਈ ਹੈ।
ਇਸ ਤੋਂ ਪਹਿਲਾਂ ਨਗਰ ਕੌਸਲ ਦੇ 22 ਕੌਸਲਰਾਂ ਵੱਲੋਂ ਕੌਸਲ ਪ੍ਰਧਾਨ ਨੂੰ ਲਾਹੁਣ ਲਈ 25 ਜੁਲਾਈ ਨੂੰ ਰੈਕੂਜੀਸ਼ਨ ਦਿੱਤੀ ਸੀ ਜਿਸ ’ਤੇ ਨਗਰ ਕੌਸਲ ਪ੍ਰਧਾਨ ਨੇ 10 ਅਗਸਤ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਲਈ ਸੰਤ ਹਰਚੰਦ ਸਿੰਘ ਲੌਂਗਵਾਲ ਲਾਇਬਰੇਰੀ ਮਾਨਸਾ ਵਿਚ ਮੀਟਿੰਗ ਰੱਖੀ ਸੀ ਪਰ ਕੌਂਸਲ ਪ੍ਰਧਾਨ ਜਸਵੀਰ ਕੌਰ ਚੌਹਾਨ ਮੀਟਿੰਗ ਵਿੱਚ ਹਾਜ਼ਰ ਨਹੀਂ ਸਨ।
ਸਖ਼ਤ ਪੁਲੀਸ ਪ੍ਰਬੰਧਾਂ ਹੇਠ ਹੋਈ ਇਸ ਮੀਟਿੰਗ ਵਿੱਚ 22 ਕੌਸਲਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਧਾਨ ਨੂੰ ਕੁਰਸੀ ਤੋਂ ਉਤਾਰ ਦਿੱਤਾ ਗਿਆ ਅਤੇ ਮਿਉਂਸਿਪਲ ਐਕਟ ਮੁਤਾਬਕ ਮਤਾ ਪਾ ਕੇ ਪ੍ਰਧਾਨ ਨੂੰ ਸੈਸਪੈਂਡ ਕਰ ਦਿੱਤਾ ਅਤੇ ਮੀਟਿੰਗ ਦੀ ਕਾਰਵਾਈ ਸਥਾਨਕ ਸਰਕਾਰ ਦੇ ਸੈਕਟਰੀ ਕੋਲ ਭੇਜੀ ਗਈ। ਪ੍ਰਧਾਨ ਨੂੰ ਲਾਹੁਣ ਦਾ ਦਾਅਵਾ ਕੌਸਲਰ ਪ੍ਰਵੀਨ ਗਰਗ ਟੋਨੀ ਵੱਲੋਂ ਲਿਖਤੀ ਰੂਪ ’ਚ ਵੀ ਕੀਤਾ ਗਿਆ ਹੈ।
ਇਸ ਮੀਟਿੰਗ ਵਿੱਚ ਕੌਸਲਰ ਜਸਵੀਰ ਕੌਰ, ਰਾਮਪਾਲ ਸਿੰਘ, ਰਿੰਪਲ ਰਾਣੀ, ਦਵਿੰਦਰ ਜਿੰਦਲ, ਕੁਲਵਿੰਦਰ ਕੌਰ ਮਹਿਤਾ, ਅਮਨਦੀਪ ਸਿੰਘ ਢੂੰਡਾ, ਰੇਖਾ ਰਾਣੀ ਗੋਗਾ, ਕ੍ਰਿਸ਼ਨਾ ਦੇਵੀ, ਕੰਚਨ ਸੇਠੀ, ਪ੍ਰੇਮ ਸਾਗਰ ਭੋਲਾ, ਰੰਜਨਾ ਮਿੱਤਲ, ਸੁਨੀਲ ਨੀਨੂੰ, ਪ੍ਰਵੀਨ ਰਾਣੀ, ਅਜੈ ਕੁਮਾਰ ਬੋਨੀ, ਕਮਲੇਸ਼ ਰਾਣੀ, ਵਿਸ਼ਾਲ ਜੈਨ ਗੋਲਡੀ, ਆਯੁਸ਼ੀ ਸ਼ਰਮਾ, ਪ੍ਰਵੀਨ ਗਰਗ ਟੋਨੀ, ਵਿਜੈ ਕੁਮਾਰ ਸਿੰਗਲਾ, ਰਾਣੀ ਕੌਰ, ਕ੍ਰਿਸ਼ਨ ਸਿੰਘ, ਸੰਦੀਪ ਮਹੰਤ ਸਮੇਤ ਵਿਧਾਇਕ ਡਾ. ਵਿਜੈ ਸਿੰਗਲਾ ਵੀ ਸ਼ਾਮਲ ਹੋਏ।
ਇਸ ਮੀਟਿੰਗ ਵਿੱਚ ਪ੍ਰਧਾਨ ਜਸਵੀਰ ਕੌਰ ਚੌਹਾਨ, ਕੌਸਲਰ ਨੇਮ ਚੰਦ, ਪਵਨ ਕੁਮਾਰ, ਸਿਮਰਜੀਤ ਕੌਰ ਅਤੇ ਸ਼ੈਲੀ ਰਾਣੀ ਗੈਰਹਾਜ਼ਰ ਰਹੇ।
ਡੀਸੀ ਨੇ ਮੀਟਿੰਗ ਨੂੰ ਮੁਲਤਵੀ ਕਰਾਰ ਦਿੱਤਾ
ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਡਿਊਟੀ ਮੈਜਿਸਟਰੇਟ ਦੀ ਡਿਊਟੀ ਲਗਾਈ ਗਈ ਸੀ ਜਿੰਨ੍ਹਾਂ ਨੂੰ ਕਿਸੇ ਪ੍ਰਬੰਧਕੀ ਕਾਰਜ ਕਾਰਨ ਬਾਹਰ ਜਾਣਾ ਪਿਆ। ਉਨ੍ਹਾਂ ਕਿਹਾ ਕਿ ਇਸੇ ਕਾਰਨ ਇਹ ਮੀਟਿੰਗ ਇੱਕ ਵਾਰ ਮੁਲਤਵੀ ਕਰ ਦਿੱਤੀ ਗਈ ਹੈ।