“ਸਾਨੂੰ ਕੋਈ ਨਹੀਂ ਰੋਕਦਾ, ਆਪਣਾ ਇਤਿਹਾਸ ਲਿਖਣ ਤੋਂ। ਹੁਣ ਅਸੀਂ ਆਜ਼ਾਦ ਹਾਂ। ਕਿਸੇ ਦੇ ਮੁਹਤਾਜ ਨਹੀਂ ਹਾਂ। ਅਸੀਂ ਆਪਣਾ ਇਤਿਹਾਸ ਖ਼ੁਦ ਲਿਖ ਸਕਦੇ ਹਾਂ।’’ ਇਹ ਸ਼ਬਦ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਨ ਜੋ ਉਸ ਨੇ ਓਮੇਂਦਰ ਰਤਨੂੰ ਦੀ ਕਿਤਾਬ ‘ਮਹਾਰਾਣਾ: ਸਹੰਸਰ ਵਰਸ਼ੋਂ ਕਾ ਧਰਮਯੁੱਧ’ ਰਿਲੀਜ਼ ਕਰਦਿਆਂ ਸ਼ੁੱਕਰਵਾਰ ਦਿੱਲੀ ਵਿਚ ਬੋਲੇ। ਉਸ ਨੇ ਕਿਹਾ, ‘‘ਇਹ ਤੱਥ ਹੈ ਕਿ ਕੁਝ ਲੋਕਾਂ ਨੇ ਇਤਿਹਾਸ ਵਿਗਾੜ ਦਿੱਤਾ ਹੈ।’’ ਆਪਣੇ ਭਾਸ਼ਣ ਵਿਚ ਸ਼ਾਹ ਨੇ ਇਤਿਹਾਸਕਾਰਾਂ ਅਤੇ ਫ਼ਿਲਮ ਨਿਰਮਾਤਾਵਾਂ ਨੂੰ ‘ਸੱਚਾਈ ਨੂੰ ਸਾਹਮਣੇ ਲਿਆਉਣ’ ਲਈ ਕਿਹਾ। ਅਮਿਤ ਸ਼ਾਹ ਨੇ ਪਿਛਲੇ ਦਿਨੀਂ ਰਿਲੀਜ਼ ਹੋਈ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੇ ਵਿਸ਼ੇਸ਼ ਸ਼ੋਅ ਵਿਚ ਵੀ ਹਿੱਸਾ ਲਿਆ ਸੀ। ਅਮਿਤ ਸ਼ਾਹ ਅਨੁਸਾਰ ਇਤਿਹਾਸਕਾਰਾਂ ਨੇ ਮੁਗ਼ਲ ਬਾਦਸ਼ਾਹਾਂ ਨੂੰ ਬਹੁਤ ਮਹੱਤਵ ਦਿੱਤਾ ਹੈ ਅਤੇ ਮੋਰੀਆ, ਚੋਲਾ, ਗੁਪਤਾ, ਅਹੋਮ ਆਦਿ ਸਾਮਰਾਜਾਂ ਨੂੰ ਵਿਸਾਰਿਆ ਜਾਂ ਉਨ੍ਹਾਂ ਬਾਰੇ ਘੱਟ ਲਿਖਿਆ ਹੈ। ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਸਵੈਮਸੇਵਕ ਸੰਘ ਅਤੇ ਅਜਿਹੀਆਂ ਹੋਰ ਪਾਰਟੀਆਂ, ਸੰਸਥਾਵਾਂ ਤੇ ਉਨ੍ਹਾਂ ਨਾਲ ਸਬੰਧਿਤ ਚਿੰਤਕ ਅਤੇ ਇਤਿਹਾਸਕਾਰ ਇਹ ਦੋਸ਼ ਲਗਾਉਂਦੇ ਰਹੇ ਹਨ ਕਿ ਇਤਿਹਾਸ ਜ਼ਿਆਦਾ ਕਰ ਕੇ ਖੱਬੇ-ਪੱਖੀ ਇਤਿਹਾਸਕਾਰਾਂ ਦੁਆਰਾ ਲਿਖਿਆ ਗਿਆ ਜਿਸ ਵਿਚ ਇਤਿਹਾਸ ਦੀ ਸਹੀ ਪੇਸ਼ਕਾਰੀ ਨਹੀਂ ਹੋਈ।
ਅਜਿਹੀ ਪਹੁੰਚ ਤੱਥਾਂ ਅਨੁਸਾਰ ਸਹੀ ਨਹੀਂ। ਪੁਰਾਤਨ ਭਾਰਤ ਬਾਰੇ ਬਹੁਤ ਜ਼ਿਆਦਾ ਖੋਜ ਹੋਈ ਅਤੇ ਵੱਖ ਵੱਖ ਵਿਚਾਰਧਾਰਾਵਾਂ ਨਾਲ ਸਬੰਧ ਰੱਖਣ ਵਾਲੇ ਇਤਿਹਾਸਕਾਰਾਂ ਨੇ ਆਪੋ-ਆਪਣੇ ਦ੍ਰਿਸ਼ਟੀਕੋਣਾਂ ਅਨੁਸਾਰ ਇਤਿਹਾਸ ਲਿਖਿਆ। ਖੱਬੇ-ਪੱਖੀ ਇਤਿਹਾਸਕਾਰਾਂ ਵਿਚੋਂ ਡੀਡੀ ਕੋਸੰਬੀ, ਰੋਮੀਲਾ ਥਾਪਰ, ਆਰਐੱਸ ਸ਼ਰਮਾ, ਡੀਐੱਨ ਝਾਅ ਅਤੇ ਹੋਰਨਾਂ ਨੇ ਪੁਰਾਤਨ ਇਤਿਹਾਸ ਬਾਰੇ ਲਿਖਿਆ। ਸੱਜੇ-ਪੱਖੀ ਇਤਿਹਾਸਕਾਰਾਂ ਦੇ ਨਿਸ਼ਾਨੇ ’ਤੇ ਆਉਣ ਵਾਲੀ ਰੋਮੀਲਾ ਥਾਪਰ ਦਾ ਪ੍ਰਮੁੱਖ ਖੋਜ ਖੇਤਰ ਮੋਰੀਆ ਰਾਜ ਨਾਲ ਸਬੰਧਿਤ ਹੈ। ਡੀਡੀ ਕੋਸੰਬੀ ਨੇ ਵੀ ਮਿਥਿਹਾਸ ਅਤੇ ਇਤਿਹਾਸ ਵਿਚਲੇ ਸਬੰਧਾਂ ’ਤੇ ਮੁੱਲਵਾਨ ਕੰਮ ਕੀਤਾ। ਇਹ ਠੀਕ ਹੈ ਕਿ ਉਨ੍ਹਾਂ ਨੇ ਇਤਿਹਾਸ ਲਿਖਦਿਆਂ ਰਾਜਿਆਂ-ਮਹਾਰਾਜਿਆਂ ਦੇ ਕਸੀਦੇ ਨਹੀਂ ਗਾਏ ਸਗੋਂ ਆਪਣਾ ਧਿਆਨ ਉਨ੍ਹਾਂ ਸਮਿਆਂ ਦੀਆਂ ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਸਿਆਸੀ ਬਣਤਰਾਂ ਅਤੇ ਸਥਿਤੀਆਂ ’ਤੇ ਕੇਂਦਰਿਤ ਕੀਤਾ ਪਰ ਇਹ ਵੀ ਮੰਨਣਯੋਗ ਨਹੀਂ ਕਿ ਉਨ੍ਹਾਂ ਨੇ ਕਿਸੇ ਸਮਰਾਟ, ਰਾਜੇ ਜਾਂ ਰਾਜ-ਕਾਲ ਨੂੰ ਵਿਸਾਰਿਆ। ਇਸੇ ਤਰ੍ਹਾਂ ਸੱਜੇ-ਪੱਖੀ ਸਮਝੇ ਜਾਂਦੇ ਇਤਿਹਾਸਕਾਰਾਂ ਆਰਸੀ ਮਜੂਮਦਾਰ, ਐੱਚਸੀ ਰਾਏ ਚੌਧਰੀ, ਕੇਪੀ ਜਾਇਸਵਾਲ ਅਤੇ ਹੋਰਨਾਂ ਨੇ ਵੀ ਇਤਿਹਾਸ ਲਿਖਿਆ ਜਿਸ ਵਿਚ ਗੁਪਤਾ ਯੁੱਗ ਨੂੰ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਦੱਸਿਆ ਗਿਆ। ਇਸ ਤਰ੍ਹਾਂ ਇਹ ਦਲੀਲ ਕਿ ਇਤਿਹਾਸਕਾਰਾਂ ਨੇ ਆਪਣਾ ਧਿਆਨ ਸਿਰਫ਼ ਮੁਗ਼ਲ ਬਾਦਸ਼ਾਹਤ ’ਤੇ ਕੇਂਦਰਿਤ ਕੀਤਾ, ਉੱਚਿਤ ਨਹੀਂ ਹੈ। ਇਸ ਸਭ ਕੁਝ ਦੇ ਬਾਵਜੂਦ ਇਨ੍ਹਾਂ ਇਤਿਹਾਸਕਾਰਾਂ ਵਿਚ ਇਕ ਗੱਲ ਸਾਂਝੀ ਸੀ/ਹੈ ਕਿ ਉਨ੍ਹਾਂ ਨੇ ਆਪੋ-ਆਪਣੀ ਖੋਜ ’ਚੋਂ ਲੱਭੇ ਤੱਥਾਂ ਦੇ ਆਧਾਰ ’ਤੇ ਇਤਿਹਾਸ ਲਿਖਿਆ। ਜਿਸ ਇਤਿਹਾਸ ਨੂੰ ਹੁਣ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਇਤਿਹਾਸ ਨਾਲੋਂ ਮਿਥਿਹਾਸ ਦੇ ਜ਼ਿਆਦਾ ਨਜ਼ਦੀਕ ਹੈ। ਮਿਥਿਹਾਸ ਦਾ ਆਪਣਾ ਮਹੱਤਵ ਤੇ ਰਮਜ਼ਾਂ ਹੁੰਦੀਆਂ ਹਨ ਪਰ ਉਹ ਇਤਿਹਾਸ ਨਹੀਂ ਹੋ ਸਕਦਾ। ਉਦਾਹਰਨ ਦੇ ਤੌਰ ’ਤੇ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਵਿਚ ਪ੍ਰਿਥਵੀਰਾਜ ਚੌਹਾਨ ਨੂੰ ਭਾਰਤ ਦਾ ਆਖ਼ਰੀ ਹਿੰਦੂ ਸਮਰਾਟ ਦੱਸਿਆ ਗਿਆ ਹੈ। ਪ੍ਰਿਥਵੀਰਾਜ ਦਾ ਸਮਾਂ 12ਵੀਂ ਸਦੀ ਦਾ ਹੈ। ਪ੍ਰਿਥਵੀਰਾਜ ਦੀ ਮੌਤ ਸਮੇਂ ਉੜੀਸਾ ’ਚ ਪੂਰਬੀ ਗੰਗਾ ਸਾਮਰਾਜ ਸੀ ਜਿਸ ਦੇ ਰਾਜਿਆਂ ਨੇ 13ਵੀਂ ਸਦੀ ’ਚ ਕੋਨਾਰਕ ਮੰਦਰ ਬਣਾਇਆ। ਉਸ ਦੀ ਮੌਤ ਤੋਂ ਬਾਅਦ ਦੱਖਣ ’ਚ ਪਾਂਡਯਾ ਸਾਮਰਾਜ ਆਪਣੀ ਸਿਖ਼ਰ ’ਤੇ ਪਹੁੰਚਿਆ ਜਿਸ ਵਿਚ ਕਈ ਮਹਾਨ ਸਮਰਾਟ ਹੋਏ। 14ਵੀਂ ਸਦੀ ਵਿਚ ਦੱਖਣ ਵਿਚ ਵਿਸ਼ਾਲ ਵਿਜੈਨਗਰ ਸਾਮਰਾਜ ਕਾਇਮ ਹੋਇਆ ਜਿਸ ਦੇ ਹੰਪੀ ਵਿਖੇ ਵਿਸ਼ਾਲ ਖੰਡਰ ਵਿਸ਼ਵ ਵਿਰਾਸਤ ਦਾ ਹਿੱਸਾ ਮੰਨੇ ਜਾਂਦੇ ਸਨ। ਇਸ ਸਾਮਰਾਜ ਦੌਰਾਨ ਵਪਾਰ, ਇਮਾਰਤਸਾਜ਼ੀ ਅਤੇ ਕਰਨਾਟਕ ਸੰਗੀਤ ਨੇ ਸਿਖ਼ਰਾਂ ਛੂਹੀਆਂ। ਇਹ ਸਾਰੇ ਸਮਰਾਟ ਜਾਂ ਰਾਜੇ-ਮਹਾਰਾਜੇ ਹਿੰਦੂ ਸਨ।
ਜੇ ਇਤਿਹਾਸਕਾਰ ਆਪਣੇ ਸਰੋਤਾਂ ਪ੍ਰਤੀ ਇਮਾਨਦਾਰ ਹੈ ਤਾਂ ਉਸ ਦੇ ਲਿਖੇ ਇਤਿਹਾਸ ਵਿਚ ਤੱਥ ਸਾਹਮਣੇ ਆਉਣਗੇ। ਉੱਘੇ ਇਤਿਹਾਸਕਾਰ ਈਐੱਚ ਕਾਰ ਅਨੁਸਾਰ ਇਤਿਹਾਸਕਾਰਾਂ ਕੋਲ ਤੱਥ ਹੁੰਦੇ ਹਨ ਪਰ ਇਹ ਇਤਿਹਾਸਕਾਰ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਤੱਥਾਂ ਨੂੰ ਚੁਣਦਾ ਅਤੇ ਉਨ੍ਹਾਂ ਨੂੰ ਇਤਿਹਾਸ ਬਣਾ ਕੇ ਪੇਸ਼ ਕਰਦਾ ਹੈ। ਸਰੋਤਾਂ ਪ੍ਰਤੀ ਇਮਾਨਦਾਰੀ ਅਤੇ ਤੱਥਾਂ ਦੀ ਚੋਣ ਹੀ ਇਤਿਹਾਸ ਦੀ ਬੁਨਿਆਦ ਹੈ। ਕੁਝ ਵਰ੍ਹਿਆਂ ਤੋਂ ਇਨ੍ਹਾਂ ਦੋਹਾਂ ਪੱਖਾਂ ਵਿਚ ਵਿਗਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ-ਪੱਖੀ ਇਤਿਹਾਸਕਾਰਾਂ ਨੂੰ ਆਪਣੇ ਤੱਥ ਪੂਰੀ ਇਮਾਨਦਾਰੀ ਨਾਲ ਪੇਸ਼ ਕਰਨੇ ਚਾਹੀਦੇ ਹਨ ਤਾਂ ਕਿ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਹੀ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ।