ਧਿਆਨ ਸਿੰਘ ਭਗਤ/ਪੀਟੀਆਈ
ਕਪੂਰਥਲਾ, 10 ਅਗਸਤ
ਇਥੇ ਇੱਕ ਨਾਲੇ ਵਿੱਚ ਕੱਲ੍ਹ ਡਿੱਗੇ ਡੇਢ ਸਾਲ ਦੇ ਬੱਚੇ ਦੀ ਭਾਲ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨਡੀਆਰਐੱਫ) ਦੀ 29 ਮੈਂਬਰਾਂ ਦੀ ਟੀਮ ਲਗਾਤਾਰ ਕਾਰਜਸ਼ੀਲ ਹੈ, ਪਰ ਹਾਲੇ ਵੀ ਬੱਚੇ ਦਾ ਪਤਾ ਨਹੀਂ ਲੱਗ ਸਕਿਆ ਹੈ।
ਬੱਚੇ ਦੀ ਪਛਾਣ ਪਰਵਾਸੀ ਮਜ਼ਦੂਰ ਸੁਰਜੀਤ ਅਤੇ ਮਨੀਸ਼ਾ ਦੇ ਪੁੱਤਰ ਅਭਿਲਾਸ਼ ਵਜੋਂ ਹੋਈ ਹੈ। ਉਹ ਆਪਣੀ ਚਾਰ ਸਾਲਾ ਭੈਣ ਨਾਲ ਨਾਲੇ ਨੂੰ ਪਾਰ ਕਰਨ ਸਮੇਂ ਉਸ ’ਤੇ ਰੱਖੇ ਕੰਕਰੀਟ ਦੇ ਅੱਧਾ ਫੁੱਟ ਚੌੜੇ ਇੱਕ ਪੋਲ ਤੋਂ ਪੈਰ ਤਿਲਕ ਜਾਣ ਕਾਰਨ ਨਾਲੇ ਵਿੱਚ ਡਿੱਗ ਗਿਆ ਸੀ। ਡਿੱਗਦੇ ਬੱਚੇ ਨੂੰ ਵੇਖ ਕੇ ਉਸ ਦੀ ਮਾਂ ਮਨੀਸ਼ਾ ਨੇ ਵੀ ਬੱਚੇ ਨੂੰ ਬਚਾਉਣ ਲਈ ਨਾਲੇ ਵਿੱਚ ਛਾਲ ਮਾਰ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਨੇ ਮਾਂ ਨੂੰ ਤਾਂ ਤੁਰੰਤ ਬਾਹਰ ਕੱਢ ਲਿਆ, ਪਰ ਬੱਚੇ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ।
ਸਥਾਨਕ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਬਚਾਅ ਦਲ ਦੀ ਟੀਮ ਵੱਲੋਂ ਨਾਲੇ ਵਿੱਚੋਂ ਕੂੜਾ ਕੱਢ ਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਕਾਮਯਾਬੀ ਹਾਸਲ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬੱਚਾ ਨਹੀਂ ਮਿਲ ਜਾਂਦਾ, ਉਦੋਂ ਤੱਕ ਭਾਲ ਜਾਰੀ ਰੱਖੀ ਜਾਵੇਗੀ। ਸੂਚਨਾ ਮਿਲਣ ’ਤੇ ਕਪੂਰਥਲਾ ਦੇ ਡੀਸੀ ਵਿਸ਼ੇਸ਼ ਸਾਰੰਗਲ ਨੇ ਬਠਿੰਡਾ ਤੋਂ ਐੱਨਡੀਆਰਐੱਫ ਦੀ ਟੀਮ ਬੁਲਾ ਕੇ ਬਚਾਅ ਮੁਹਿੰਮ ਆਰੰਭੀ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਕਪੂਰਥਲਾ ਵਿੱਚ ਮਾਹਰ ਡਾਕਟਰਾਂ ਦੀ ਟੀਮ ਬੱਚੇ ਦੀ ਸਿਹਤ ਸੰਭਾਲ ਵਾਸਤੇ ਤਿਆਰ ਰੱਖੀ ਗਈ ਹੈ। ਇਸ ਤੋਂ ਪਹਿਲਾਂ ਸਥਾਨਕ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਵੀ ਜੇਸੀਬੀ ਮਸ਼ੀਨ ਦੀ ਮਦਦ ਨਾਲ ਬੰਦ ਹੋਏ ਨਾਲੇ ਦੀ ਸਫ਼ਾਈ ਕਰਕੇ ਬੱਚੇ ਨੂੰ ਲੱਭਣ ਦਾ ਯਤਨ ਕੀਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬਚਾਅ ਮੁਹਿੰਮ ਦੌਰਾਨ ਹਾਲੇ ਤੱਕ ਕਰੀਬ ਡੇਢ ਸੋ ਫੁੱਟ ਨਾਲੇ ਉੱਪਰ ਬਣੇ ਲੈਂਟਰ ਦਾ ਫਰਸ਼ ਤੋੜ ਦਿੱਤਾ ਗਿਆ ਹੈ, ਪਰ ਹਾਲੇ ਬੱਚੇ ਦੀ ਕੋਈ ਖਬਰ ਨਹੀਂ ਮਿਲ ਸਕੀ ਹੈ।