ਚਰਨਜੀਤ ਭੁੱਲਰ
ਚੰਡੀਗੜ੍ਹ, 22 ਨਵੰਬਰ
ਰੇਲ ਮੰਤਰਾਲੇ ਨੇ ਪੰਜਾਬ ’ਚ ਭਲਕੇ 23 ਨਵੰਬਰ ਤੋਂ ਰੇਲ ਗੱਡੀਆਂ ਚਲਾਉਣ ਲਈ ਪ੍ਰਕਿਰਿਆ ਵਿੱਢ ਦਿੱਤੀ ਗਈ ਹੈ ਜਿਸ ਤਹਿਤ ਅੱਜ ਪੰਜਾਬ ’ਚ ਰੇਲ ਮਾਰਗਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਉੱਤਰੀ ਰੇਲਵੇ ਵੱਲੋਂ ਰੇਲ ਮਾਰਗਾਂ ਦੇ ਫਿਟਨੈੱਸ ਸਰਟੀਫਿਕੇਟ ਮਿਲਣ ਮਗਰੋਂ ਭਲਕੇ ਕਰੀਬ ਗਿਆਰਾਂ ਵਜੇ ਮੀਟਿੰਗ ਰੱਖੀ ਗਈ ਹੈ ਜਿਸ ਦੌਰਾਨ ਗੱਡੀਆਂ ਦੇ ਸ਼ਡਿਊਲ ਬਾਰੇ ਸਮੀਖਿਆ ਹੋਵੇਗੀ। ਬੀਤੇ ਦਿਨ ਤੀਹ ਕਿਸਾਨ ਧਿਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੌਰਾਨ ਮਾਲ ਗੱਡੀਆਂ ਦੇ ਨਾਲ 10 ਦਸੰਬਰ ਤੱਕ ਮੁਸਾਫ਼ਰ ਗੱਡੀਆਂ ਚਲਾਏ ਜਾਣ ’ਤੇ ਸਹਿਮਤੀ ਦੇ ਦਿੱਤੀ ਸੀ।
ਪ੍ਰਾਪਤ ਵੇਰਵਿਆਂ ਅਨੁਸਾਰ ਅੰਬਾਲਾ ਅਤੇ ਫਿਰੋਜ਼ਪੁਰ ਡਿਵੀਜ਼ਨ ਅਧੀਨ ਕਰੀਬ 2200 ਕਿਲੋਮੀਟਰ ਲੰਮਾ ਰੇਲ ਟਰੈਕ ਪੈਂਦਾ ਹੈ ਜਿਸ ਦੀ ਅੱਜ ਸਵੇਰ ਤੋਂ ਰੇਲਵੇ ਦੀ ਟਰੈਕ ਮੇਨਟੀਨੈਂਸ ਟੀਮ ਅਤੇ ਜੀਆਰਪੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਦੇਰ ਸ਼ਾਮ ਤੱਕ ਇਹ ਟੀਮਾਂ ਫਿਟਨੈੱਸ ਸਰਟੀਫਿਕੇਟ ਭੇਜ ਦੇਣਗੀਆਂ। ਉੱਤਰੀ ਰੇਲਵੇ ਵੱਲੋਂ ਪਹਿਲਾਂ ਸਕਿਉਰਿਟੀ ਕਲੀਅਰੈਂਸ ਵੀ ਲਈ ਜਾਵੇਗੀ। ਰੇਲਵੇ ਅਧਿਕਾਰੀ ਭਲਕੇ 11 ਵਜੇ ਪੰਜਾਬ ਲਈ ਯਾਤਰੀ ਗੱਡੀਆਂ ਦੀ ਬੁਕਿੰਗ ਦਾ ਮੁਲਾਂਕਣ ਵੀ ਕਰਨਗੇ। ਜਿਨ੍ਹਾਂ ਗੱਡੀਆਂ ਵਿੱਚ ਪੰਜਾਹ ਫੀਸਦੀ ਤੋਂ ਉੱਪਰ ਬੁਕਿੰਗ ਹੋਵੇਗੀ, ਉਨ੍ਹਾਂ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਮਾਲ ਗੱਡੀਆਂ ਉਸ ਤੋਂ ਪਹਿਲਾਂ ਹੀ ਚੱਲ ਸਕਦੀਆਂ ਹਨ।
ਰੇਲਵੇ ਵੱਲੋਂ 17 ਮੁਸਾਫ਼ਰ ਗੱਡੀਆਂ ਚਲਾਉਣ ਦਾ ਐਲਾਨ
ਰੇਲਵੇ ਨੇ ਦੇਰ ਸ਼ਾਮ ਪੰਜਾਬ ਲਈ 17 ਮੁਸਾਫਰ ਗੱਡੀਆਂ ਬਹਾਲ ਕਰਨ ਦਾ ਐਲਾਨ ਕੀਤਾ ਹੈ। ਰੇਲਵੇ ਅਨੁਸਾਰ ਇਨ੍ਹਾਂ ’ਚੋਂ ਦੋ ਰੇਲ ਗੱਡੀਆਂ 23 ਨਵੰਬਰ ਤੋਂ ਅਤੇ ਬਾਕੀ ਰੇਲ ਗੱਡੀਆਂ ਪੜਾਅਵਾਰ ਚੱਲਣਗੀਆਂ। ਇਸੇ ਦੌਰਾਨ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐੱਮ ਰਾਜੇਸ਼ ਅਗਰਵਾਲ ਨੇ ਕਿਹਾ ਕਿ ਜੰਡਿਆਲਾ ਗੁਰੂ ਸਟੇਸ਼ਨ ਹਾਲੇ ਕਲੀਅਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਟਰੈਕ ਮੇਨਟੀਨੈਂਸ ਅਤੇ ਸਕਿਉਰਿਟੀ ਕਲੀਅਰੈਂਸ ਮਗਰੋਂ ਹੀ ਗੱਡੀਆਂ ਚਾਲੂ ਹੋਣਗੀਆਂ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਜੀਐੱਮ ਸਿੰਘ ਨੇ ਕਿਹਾ ਕਿ ਜੀਆਰਪੀ ਅਤੇ ਟਰੈਕ ਮੇਨਟੀਨੈਂਸ ਟੀਮਾਂ ਵੱਲੋਂ ਸਾਂਝੇ ਤੌਰ ’ਤੇ ਰੇਲ ਮਾਰਗਾਂ ਦੀ ਜਾਂਚ ਕੀਤੀ ਜਾ ਰਹੀ ਹੈ। ਭਲਕੇ ਦੁਪਹਿਰ ਤੱਕ ਸਾਰੀ ਸਥਿਤੀ ਸਾਫ਼ ਹੋ ਜਾਵੇਗੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪਣੇ ਫ਼ੈਸਲੇ ’ਤੇ ਅੜੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਯਾਤਰੀ ਗੱਡੀਆਂ ਨੂੰ ਲਾਂਘਾ ਨਾ ਦੇਣ ਦਾ ਫ਼ੈਸਲਾ ਕਰ ਲਿਆ ਹੈ ਜਿਸ ਤੋਂ ਸਥਿਤੀ ਨਵਾਂ ਮੋੜ ਲੈ ਸਕਦੀ ਹੈ। ਇਸ ਧਿਰ ਦੀ ਅਗਵਾਈ ਵਿਚ ਕਿਸਾਨ ਜੰਡਿਆਲਾ ਗੁਰੂ ਦੇ ਰੇਲਵੇ ਪਾਰਕ ’ਚ ਡਟੇ ਹੋਏ ਹਨ। ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਪੰਨੂ ਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਵੱਲੋਂ 10 ਦਸੰਬਰ ਤੱਕ ਮਾਲ ਗੱਡੀਆਂ ਨੂੰ ਲਾਂਘਾ ਦਿੱਤਾ ਜਾਵੇਗਾ ਅਤੇ ਯਾਤਰੀ ਗੱਡੀਆਂ ਨਹੀਂ ਚੱਲਣ ਦਿੱਤਾ ਜਾਵੇਗਾ। ਉੱਧਰ ਸੂਤਰਾਂ ਦਾ ਕਹਿਣਾ ਹੈ ਕਿ ਜੰਡਿਆਲਾ ਗੁਰੂ ਦੇ ਰੇਲ ਪਾਰਕ ’ਚ ਬੈਠੇ ਕਿਸਾਨਾਂ ਦੇ ਅਲੱਗ ਪੈਂਤੜੇ ਕਾਰਨ ਰੇਲਵੇ ਕੋਈ ਨਵਾਂ ਬਹਾਨਾ ਵੀ ਘੜ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਟਰੈਕ ਤੋਂ ਬਿਨਾਂ ਬਾਕੀ ਪੰਜਾਬ ਵਿਚ ਰੇਲ ਆਵਾਜਾਈ ਬਹਾਲ ਹੋ ਜਾਵੇ।
ਦਿੱਲੀ ਚੱਲੋ: ਕਿਸਾਨ ਅੰਦੋਲਨ ਨੂੰ ‘ਤਾਰਪੀਡੋ’ ਕਰਨ ਦੀ ਚਾਲ
ਚੰਡੀਗੜ੍ਹ: ਹੁਣ ‘ਦਿੱਲੀ ਚੱਲੋ’ ਅੰਦੋਲਨ ਨੂੰ ‘ਤਾਰਪੀਡੋ’ ਕਰਨ ਲਈ ਟੇਢੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਕਨਵੀਨਰ ਵੀ.ਐਮ. ਸਿੰਘ ਨੇ ਅੱਜ ਫੇਸਬੁੱਕ ’ਤੇ ਲਾਈਵ ਹੋ ਕੇ ਆਖ ਦਿੱਤਾ ਹੈ ਕਿ ਕਰੋਨਾਵਾਇਰਸ ਦੇ ਕੇਸ ਵਧਣ ਦੇ ਮੱਦੇਨਜ਼ਰ ਕਿਸਾਨ ਆਪੋ ਆਪਣੇ ਘਰਾਂ ਵਿਚ ਰਹਿ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜ਼ਾਹਿਰ ਕਰਨ। ਇਸ ਤੋਂ ਬਾਅਦ ਕਿਸਾਨਾਂ ’ਚ ਭੰਬਲਭੂਸਾ ਪੈਦਾ ਹੋ ਗਿਆ। ਹਾਲਾਂਕਿ ਤੀਹ ਕਿਸਾਨ ਧਿਰਾਂ ਅਤੇ ਤੇ ਸੰਯੁਕਤ ਕਿਸਾਨ ਮੋਰਚਾ ਦੀ ਸੱਤ ਮੈਂਬਰੀ ਟੀਮ ਦੇ ਪੰਜ ਮੈਂਬਰਾਂ ਨੇ ਕੇਂਦਰ ਦੀ ਇਸ ਸ਼ੱਕੀ ਚਾਲ ਨੂੰ ਖੁੰਢਾ ਕਰ ਦਿੱਤਾ। ਸੱਤ ਮੈਂਬਰੀ ਤਾਲਮੇਲ ਕਮੇਟੀ ਦੇ ਪੰਜ ਮੈਂਬਰਾਂ ਦੇ ਨੁਮਾਇੰਦੇ ਵਜੋਂ ਬਲਵੀਰ ਸਿੰਘ ਰਾਜੇਵਾਲ ਅਤੇ ਤੀਹ ਕਿਸਾਨ ਧਿਰਾਂ ਵੱਲੋਂ ਡਾ. ਦਰਸ਼ਨ ਪਾਲ ਨੇ ਸਪੱਸ਼ਟ ਕੀਤਾ ਕਿ ‘ਦਿੱਲੀ ਚੱਲੋ’ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। 26 ਅਤੇ 27 ਨਵੰਬਰ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਡਾ. ਦਰਸ਼ਨ ਪਾਲ ਅਤੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਵੀਐਮ ਸਿੰਘ ਦਾ ਬਾਕੀ ਮੈਂਬਰਾਂ ਨਾਲ ਗੱਲ ਕੀਤੇ ਬਿਨਾਂ ਅਜਿਹੀ ਆਖ ਦੇਣਾ ਮੰਦਭਾਗਾ ਹੈ। ਇਨ੍ਹਾਂ ਮੈਂਬਰਾਂ ਨੇ ਕਿਹਾ ਹੈ ਕਿ 26 ਨਵੰਬਰ ਦੇ ਪ੍ਰੋਗਰਾਮ ਤਹਿਤ ਕਿਸਾਨ ਹੁੰਮ-ਹੁਮਾ ਕੇ ਦਿੱਲੀ ਪੁੱਜਣ। ਆਗੂਆਂ ਨੇ ਕਿਹਾ ਕਿ ਕਿਸਾਨ ਕਿਸੇ ਵੀ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ। ਵੇਰਵਿਆਂ ਮੁਤਾਬਕ ਪੰਜਾਬ ਦੀਆਂ ਕਿਸਾਨ ਧਿਰਾਂ ਵੱਲੋਂ ਹੁਣ ‘ਦਿੱਲੀ ਚੱਲੋ’ ਦੀ ਤਿਆਰੀ ਜੰਗੀ ਪੱਧਰ ਉਤੇ ਕੀਤੀ ਜਾ ਰਹੀ ਹੈ ਤੇ ਪਿੰਡਾਂ ’ਚ ਮੁਹਿੰਮ ਵਿੱਢ ਦਿੱਤੀ ਗਈ ਹੈ। ਤੀਹ ਕਿਸਾਨ ਧਿਰਾਂ ਨੇ ਆਪੋ ਆਪਣੇ ਪੱਧਰ ’ਤੇ ਪ੍ਰੋਗਰਾਮ ਉਲੀਕ ਲਏ ਹਨ। ਵੇਰਵਿਆਂ ਅਨੁਸਾਰ ਕਿਸਾਨ ਪੰਜਾਬ ਤੋਂ ਦਸ ਰਸਤਿਆਂ ਜ਼ਰੀਏ ਹਰਿਆਣਾ ਵਿਚ ਦਾਖ਼ਲ ਹੋਣਗੇ। ਹਰਿਆਣਾ ਸਰਕਾਰ ਨੇ ਰਾਹ ਨਾ ਰੋਕੇ ਤਾਂ ਕਿਸਾਨ ਹਰਿਆਣਾ ਤੋਂ ਦਿੱਲੀ ਨਾਲ ਲੱਗਦੇ ਪੰਜ ਰਸਤਿਆਂ ਰਾਹੀਂ ਕੌਮੀ ਰਾਜਧਾਨੀ ਵਿਚ ਦਾਖ਼ਲ ਹੋਣਗੇ। ਹਰਿਆਣਾ ਸਰਕਾਰ ਨੇ ਰੋਕਾਂ ਲਾਈਆਂ ਤਾਂ ਕਿਸਾਨ ਧਿਰਾਂ ਵੱਲੋਂ ਉੱਥੇ ਹੀ ਸੜਕ ਮਾਰਗ ’ਤੇ ਧਰਨੇ ਲਾ ਦਿੱਤੇ ਜਾਣਗੇ। ਕੇਂਦਰ ਸਰਕਾਰ ਜੇ ਸਾਰੇ ਰਾਹ ਰੋਕ ਵੀ ਲੈਂਦੀ ਹਾਂ ਤਾਂ ਵੀ ਕਿਸਾਨ ਦਿੱਲੀ ਦੇ ਜੰਤਰ ਮੰਤਰ ’ਤੇ ਸੰਕੇਤਕ ਪ੍ਰਦਰਸ਼ਨ ਕਰਨਗੇ ਜਿਸ ਬਾਰੇ ਰਣਨੀਤੀ ਘੜੀ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਦੋ ਦਿਨ ਪਹਿਲਾਂ ਬਰਨਾਲਾ ਵਿਚ ਸੂਬਾ ਪੱਧਰੀ ਮੀਟਿੰਗ ਕਰ ਕੇ ਤਿਆਰੀ ਕਰ ਲਈ ਹੈ। ਯੂਨੀਅਨ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਕਿਸਾਨਾਂ ਅਤੇ ਔਰਤਾਂ ਦੇ ਹਜ਼ਾਰਾਂ ਦੇ ਇਕੱਠਾਂ ਵਾਲੇ ਜਥੇ ਦਿੱਲੀ ਵੱਲ ਰਵਾਨਾ ਹੋਣਗੇ ਜਿਸ ਬਾਰੇ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ‘ਪਿੰਡ ਜਗਾਓ, ਪਿੰਡ ਹਿਲਾਓ ਮੁਹਿੰਮ’ ਦੌਰਾਨ ਦੋ ਦਿਨਾਂ ਵਿਚ 10 ਜ਼ਿਲ੍ਹਿਆਂ ਦੇ 351 ਪਿੰਡਾਂ ਵਿੱਚ ਔਰਤ ਮੁਜ਼ਾਹਰੇ ਗਲੀ-ਗਲੀ ਕੀਤੇ ਗਏ ਹਨ ਅਤੇ ਦੇਰ ਸ਼ਾਮ ਨੂੰ ਨੌਜਵਾਨਾਂ ਦੇ ਮਸ਼ਾਲ ਮਾਰਚ ਵੀ ਕੀਤੇ ਜਾ ਰਹੇ ਹਨ। ਪਿੰਡਾਂ ਵਿਚ ਔਰਤਾਂ ਦੇ ਜਥਿਆਂ ਵੱਲੋਂ ਜਾਗੋ ਵੀ ਕੱਢੀ ਜਾ ਰਹੀ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪਿੰਡਾਂ ਵਿਚ ਮੋਦੀ ਹਕੂਮਤ ਵਿਰੁੱਧ ਅੰਤਾਂ ਦਾ ਰੋਹ ਅਤੇ ‘ਦਿੱਲੀ ਚੱਲੋ’ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧਰਨਾਕਾਰੀਆਂ ਲਈ ਸੰਘਰਸ਼ ਫੰਡ, ਰਾਸ਼ਨ/ ਬਾਲਣ ਅਤੇ ਕੰਬਲ ਵਗੈਰਾ ਵੀ ਵਿੱਤ ਮੁਤਾਬਕ ਸਾਰਿਆਂ ਵੱਲੋਂ ਦਿਲ ਖੋਲ੍ਹ ਕੇ ਦਿੱਤੇ ਜਾ ਰਹੇ ਹਨ। 26 ਨਵੰਬਰ ਨੂੰ 12 ਵਜੇ ਤੱਕ ਇਕੱਠੇ ਹੋ ਕੇ ਦਿੱਲੀ ਵੱਲ ਕੂਚ ਕਰਨ ਲਈ ਮਿੱਥੀਆਂ ਗਈਆਂ ਥਾਵਾਂ ਡੱਬਵਾਲੀ ਤੇ ਖਨੌਰੀ ਵਿਚ ਲੋਕਾਂ ਦੀ ਦੋ ਲੱਖ ਦੀ ਗਿਣਤੀ ਦਾ ਟੀਚਾ ਵਧਣ ਦੀ ਸੰਭਾਵਨਾ ਹੈ। ਪੰਜਾਬ ਭਰ ਦੀਆਂ ਤਿਆਰੀਆਂ ਦੇ ਠੋਸ ਜਾਇਜ਼ੇ 24 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਚ ਕੀਤੀ ਜਾ ਰਹੀ ਸੂਬਾਈ ਪ੍ਰੈੱਸ ਕਾਨਫ਼ਰੰਸ ਵਿੱਚ ਨਸ਼ਰ ਕੀਤੇ ਜਾਣਗੇ। ਜਥੇਬੰਦੀ ਵੱਲੋਂ ਹਰਿਆਣਾ ਸਰਕਾਰ ਨੂੰ ਈਮੇਲ ਰਾਹੀਂ ਲਿਖਤੀ ਅਪੀਲ 20 ਨਵੰਬਰ ਨੂੰ ਭੇਜ ਕੇ ਮੰਗ ਕੀਤੀ ਗਈ ਹੈ ਕਿ ਸ਼ਾਂਤਮਈ ਕਿਸਾਨ ਕਾਫ਼ਲਿਆਂ ਨੂੰ ਹਰਿਆਣੇ ਵਿਚੋਂ ਬੇਰੋਕ-ਟੋਕ ਲੰਘਣ ਦਿੱਤਾ ਜਾਵੇ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ ‘ਦਿੱਲੀ ਚੱਲੋ’ ਦੀ ਵਿਉਂਤਬੰਦੀ ਸਬੰਧੀ ਸੂਬਾ ਕਮੇਟੀ ਦੀ ਮੀਟਿੰਗ ’ਚ ਲਏ ਫ਼ੈਸਲੇ ਅਨੁਸਾਰ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ ਕਰ ਕੇ ਲਾਮਬੰਦੀ ਕੀਤੀ ਜਾਵੇਗੀ ਅਤੇ ਯੂਥ ਵਿੰਗ ਦੀਆਂ ਵਾਲੰਟੀਅਰ ਟੀਮਾਂ ਬਣਾ ਕੇ ਰਾਸ਼ਨ ਅਤੇ ਦੁੱਧ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਜਥੇ 24 ਨਵੰਬਰ ਨੂੰ ਸਰਹੱਦੀ ਜ਼ਿਲ੍ਹਿਆਂ ਤੋਂ ਰਵਾਨਾ ਹੋਣਗੇ, 25 ਨਵੰਬਰ ਨੂੰ ਸਾਰੇ ਪੰਜਾਬ ਵਿੱਚੋਂ ਜਥੇ ਟਰੈਕਟਰ-ਟਰਾਲੀਆਂ ਰਾਹੀਂ ਰਵਾਨਾ ਹੋਣਗੇ ਅਤੇ ਸ਼ੰਭੂ, ਖਨੌਰੀ ਤੇ ਸਰਦੂਲਗੜ੍ਹ ਦੇ ਰਸਤਿਓਂ ਦਿੱਲੀ ਨੂੰ ਕੂਚ ਕਰਨਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਸੈਂਕੜੇ ਕਿਸਾਨਾਂ-ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਵਿਖੇ ਰੇਲ ਪਾਰਕ, ਰਿਲਾਇੰਸ ਦੇ ਸ਼ਾਪਿੰਗ ਮਾਲ ਤੇ ਟੌਲ ਪਲਾਜ਼ਾ ’ਤੇ ਪੱਕੇ ਧਰਨੇ ਜਾਰੀ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਜਥੇਬੰਦੀ ਆਪਣੇ ਪਹਿਲੇ ਫ਼ੈਸਲੇ ਉਤੇ ਕਾਇਮ ਹੈ ਕਿ ਮਾਲ ਗੱਡੀਆਂ ਦਾ ਲਾਂਘਾ 10 ਦਸੰਬਰ ਤੱਕ ਦਿੱਤਾ ਜਾਂਦਾ ਹੈ ਤੇ ਯਾਤਰੀ ਗੱਡੀਆਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਉਹ 23 ਨੂੰ ਮੁੱਖ ਮੰਤਰੀ ਨਾਲ ਤੈਅ ਹੋਈ ਮੀਟਿੰਗ ਵਿਚ ਸੱਦਾ ਪੱਤਰ ਮਿਲਣ ’ਤੇ ਹੀ ਜਾਣਗੇ।
26-27 ਨਵੰਬਰ ਦੇ ਪ੍ਰੋਗਰਾਮ ’ਚ ਕੋਈ ਤਬਦੀਲੀ ਨਹੀਂ: ਕਿਸਾਨ ਆਗੂ
ਤੀਹ ਕਿਸਾਨ ਧਿਰਾਂ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਸੱਤ ਮੈਂਬਰੀ ਟੀਮ ਦੇ ਪੰਜ ਮੈਂਬਰਾਂ ਨੇ ਅੱਜ ਸਪੱਸ਼ਟ ਕੀਤਾ ਕਿ ‘ਦਿੱਲੀ ਚੱਲੋ’ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ 26 ਅਤੇ 27 ਨਵੰਬਰ ਨੂੰ ਕਿਸਾਨ ਦਿੱਲੀ ਜਾਣਗੇ। ਦੱਸਣਯੋਗ ਹੈ ਕਿ ਸੱਤ ਮੈਂਬਰੀ ਕਮੇਟੀ ਦੇ ਵੀਐਮ ਸਿੰਘ ਅਤੇ ਰਾਜੂ ਸ਼ੈਟੀ ਨੂੰ ਕਰੋਨਾ ਹੋ ਗਿਆ ਹੈ। ਵੀਐਮ ਸਿੰਘ ਨੇ ਫੇਸਬੁੱਕ ’ਤੇ 26 ਨਵੰਬਰ ਨੂੰ ਕਿਸਾਨਾਂ ਨੂੰ ਘਰਾਂ ਵਿਚ ਰਹਿਣ ਲਈ ਆਖ ਦਿੱਤਾ ਹੈ ਜਿਸ ਤੋਂ ਕਿਸਾਨਾਂ ’ਚ ਭੰਬਲਭੂਸਾ ਬਣ ਗਿਆ। ਡਾ. ਦਰਸ਼ਨ ਪਾਲ ਅਤੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਵੀਐਮ ਸਿੰਘ ਦਾ ਬਿਨਾਂ ਬਾਕੀ ਮੈਂਬਰਾਂ ਨਾਲ ਗੱਲ ਕੀਤੇ ਅਜਿਹੀ ਗੱਲ ਕਰਨਾ ਮੰਦਭਾਗਾ ਹੈ। ਇਨ੍ਹਾਂ ਮੈਂਬਰਾਂ ਨੇ ਕਿਹਾ ਕਿ 26 ਨਵੰਬਰ ਦੇ ਪ੍ਰੋਗਰਾਮ ਤਹਿਤ ਕਿਸਾਨ ਹੁੰਮ-ਹੁਮਾ ਕੇ ਦਿੱਲੀ ਪੁੱਜਣ।
ਦਿੱਲੀ ਦੇ ਪਿੰਡਾਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਦੇ ਮੁੰਡਕਾ ’ਚ ਦਿਹਾਤ ਦੇਸੀ ਸੰਗਠਨ ਦੇ ਬੈਨਰ ਹੇਠ ਪੰਚਾਇਤ ਕੀਤੀ ਗਈ ਤੇ ਅੰਦੋਲਨਕਾਰੀ ਕਿਸਾਨਾਂ ਨੂੰ ਹਮਾਇਤ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਇਹ ਮੰਗ ਵੀ ਕੀਤੀ ਗਈ ਕਿ ਦੇਸ਼ ਦੇ ਕਿਸਾਨਾਂ ਨੂੰ ਐੱਮਐੱਸਪੀ ਦੀ ਗਾਰੰਟੀ ਦਿੱਤੀ ਜਾਵੇ। ਜੇ ਇਹ ਤਿੰਨੋਂ ਕਾਨੂੰਨ ਜਾਰੀ ਰੱਖਣੇ ਹਨ ਤਾਂ ਐੱਮਐੱਸਪੀ ਦੀ ਗਾਰੰਟੀ ਵੀ ਇਨ੍ਹਾਂ ਕਾਨੂੰਨਾਂ ਵਿੱਚ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿੱਚ 360 ਪਿੰਡ ਹਨ ਤੇ ਲਗਭਗ 125 ਪਿੰਡਾਂ ਦੇੇ ਕਿਸਾਨ ਅਜੇ ਵੀ ਖੇਤੀਬਾੜੀ ਕਰਦੇ ਹਨ। ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਕਿਹਾ ਕਿ ਉਹ ‘ਦਿੱਲੀ ਚੱਲੋ’ ਅੰਦੋਲਨ ਦਾ ਸਾਥ ਦੇਣਗੇ। ਸਾਰੇ ਕਿਸਾਨਾਂ ਦੀਆਂ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ। ਇਸ ਲਈ ਕਾਰਪੋਰੇਟ ਦੇ ਚੁੰਗਲ ਤੋਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਰਾਜਾਂ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਬਚਾਉਣ ਲਈ ਦਿੱਲੀ ਦੇ ਕਿਸਾਨਾਂ ਦੀ ਵਿਥਿਆ ਦੱਸੀ ਜਾਣੀ ਚਾਹੀਦੀ ਹੈ।