ਆਤਿਸ਼ ਗੁਪਤਾ
ਚੰਡੀਗੜ੍ਹ, 18 ਜੁਲਾਈ
ਇੱਥੋਂ ਦੇ ਸੈਕਟਰ-48 ਵਿੱਚ ਬੀਤੇ ਦਿਨ ਕਿਸਾਨਾਂ ਵੱਲੋਂ ਮੇਅਰ ਰਵੀਕਾਂਤ ਅਤੇ ਸੀਨੀਅਰ ਆਗੂ ਸੰਜੈ ਟੰਡਨ ਦਾ ਘਿਰਾਓ ਕਰਨ ਤੇ ਗੱਡੀਆਂ ਭੰਨਣ ਤੋਂ ਗੁੱਸੇ ਵਿੱਚ ਆਏ ਭਾਜਪਾ ਆਗੂਆਂ ਨੇ ਅੱਜ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ। ਇਹ ਰੋਸ ਮਾਰਚ ਸੈਕਟਰ-33 ਵਿਚਲੇ ਭਾਜਪਾ ਦੇ ਦਫ਼ਤਰ ਕਮਲਮ ਤੋਂ ਸ਼ੁਰੂ ਹੋ ਕੇ ਰਾਜ ਭਵਨ ਤੱਕ ਕੱਢਿਆ ਜਾਣਾ ਸੀ ਪਰ ਪੁਲੀਸ ਨੇ ਸੈਕਟਰ-35 ਦੇ ਕੋਲ ਹੀ ਭਾਜਪਾ ਆਗੂਆਂ ਨੂੰ ਰੋਕ ਦਿੱਤਾ। ਇਸ ਮਗਰੋਂ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਦੀ ਅਗਵਾਈ ਹੇਠ ਪੰਜ ਜਣਿਆਂ ਨੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਦੇ ਨਾਮ ਮੰਗ ਪੱਤਰ ਸੌਂਪਿਆ।
ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਸੈਕਟਰ-48 ਦੀ ਮੋਟਰ ਮਾਰਕੀਟ ਵੱਲੋਂ ਰੱਖੇ ਗਏ ਸਮਾਗਮ ਵਿੱਚ ਮੇਅਰ ਰਵੀਕਾਂਤ ਅਤੇ ਸੰਜੇ ਟੰਡਨ ਪਹੁੰਚੇ ਸਨ, ਜਿਨ੍ਹਾਂ ਦੀਆਂ ਕਿਸਾਨਾਂ ਵੱਲੋਂ ਗੱਡੀਆਂ ਭੰਨੀਆਂ ਗਈਆਂ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਹੇਠ ਕੁਝ ਸ਼ਰਾਰਤੀ ਅਨਸਰ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਅੰਦੋਲਨ ਰਾਹੀਂ ਭਾਜਪਾ ਨੂੰ ਡਰਾਉਣਾ ਚਾਹੁੰਦੇ ਹਨ। ਸ੍ਰੀ ਸੂਦ ਨੇ ਕਿਹਾ ਕਿ ਭਾਜਪਾ ਦਾ ਕੋਈ ਵੀ ਵਰਕਰ ਅਜਿਹੇ ਹਮਲਿਆਂ ਤੋਂ ਡਰਨ ਵਾਲਾ ਨਹੀਂ। ਉਨ੍ਹਾਂ ਼ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਕਿਸਾਨ ਅੰਦੋਲਨ ਦੇ ਨਾਮ ’ਤੇ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮੇਅਰ ਰਵੀਕਾਂਤ ਨੇ ਚੰਡੀਗੜ੍ਹ ਪੁਲੀਸ ’ਤੇ ਬੀਤੇ ਦਿਨ ਗ਼ਲਤ ਸੂਚਨਾ ਦੇਣ ਦੇ ਦੋਸ਼ ਵੀ ਲਾਏ।
ਭਾਜਪਾ ਆਗੂਆਂ ਵੱਲੋਂ ਪੁਲੀਸ ’ਤੇ ਲਾਪ੍ਰਵਾਹੀ ਦੇ ਦੋਸ਼
ਭਾਜਪਾ ਦੇ ਸਾਬਕਾ ਪ੍ਰਧਾਨ ਸੰਜੈ ਟੰਡਨ ਨੇ ਕਿਹਾ ਕਿ ਜਦੋਂ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਹੀ ਵਿਰੋਧ ਦਾ ਐਲਾਨ ਕਰ ਦਿੱਤਾ ਸੀ ਤਾਂ ਸੁਰੱਖਿਆ ਦੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਸਨ। ਪੁਲੀਸ ਦੀ ਕਥਿਤ ਲਾਪ੍ਰਵਾਹੀ ਕਾਰਨ ਭਾਜਪਾ ਆਗੂਆਂ ਦੀਆਂ ਗੱਡੀਆਂ ’ਤੇ ਹਮਲਾ ਹੋਇਆ। ਸ੍ਰੀ ਟੰਡਨ ਨੇ ਮੰਗ ਕੀਤੀ ਕਿ ਘਟਨਾ ਦੀ ਜਾਂਚ ਕੀਤੀ ਜਾਵੇ ਅਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਚੰਦਰਸ਼ੇਖਰ, ਰਾਮਵੀਰ ਭੱਟੀ ਵੀ ਹਾਜ਼ਰ ਸਨ।