ਡਾ. ਮੁਹੰਮਦ ਇਦਰੀਸ
ਹਿਜਰੀ ਕੈਲੰਡਰ ਹਜ਼ਰਤ ਮੁਹੰਮਦ ਸੱਲਲਾ ਊ ਇਲੈਵਸੱਲਮ ਦੇ ਜੀਵਨ, ਸੰਘਰਸ਼, ਧਰਮ ਪ੍ਰਚਾਰ, ਸਿੱਖਿਆਵਾਂ; ਇਸਲਾਮੀ ਦੁਨੀਆਂ ਦੇ ਇਤਿਹਾਸ, ਵਿਰਾਸਤ, ਸਭਿਆਚਾਰ, ਸਮਾਜ, ਨਿਆਂ ਪ੍ਰਣਾਲੀ, ਰਾਜਨੀਤੀ ਅਤੇ ਹੋਰ ਮਹੱਤਵਪੂਰਨ ਤੱਥਾਂ, ਸੰਸਥਾਵਾਂ ਅਤੇ ਮਿਤੀਆਂ ਨਾਲ ਸਬੰਧਿਤ ਹੈ। ਹਿਜਰੀ ਕੈਲੰਡਰ ਦੀ ਸ਼ੁਰੂਆਤ ਹਜ਼ਰਤ ਮੁਹੰਮਦ (ਸ) ਦੀ ਮੱਕਾ ਤੋਂ ਮਦੀਨਾ ਹਿਜਰਤ ਕਰਨ ਨਾਲ ਹੁੰਦੀ ਹੈ।
ਹਿਜਰਤ ਅਰਬੀ ਭਾਸ਼ਾ ਦੇ ਸ਼ਬਦ ਹਿਜਰੀ ਤੋਂ ਬਣਿਆ ਹੈ। ਹਿਜਰੀ ਤੋਂ ਭਾਵ ‘ਵਿਛੜਣ’ ਜਾਂ ਵੱਖ ਹੋਣ ਤੋਂ ਹੈ। ਹਿਜਰਤ ਨੂੰ ਇਸਲਾਮੀ ਸਮਾਜ ਦੇ ਵੱਖ-ਵੱਖ ਦੇਸ਼ਾਂ ਵਿੱਚ ‘ਹਿਜਰੀ’, ‘ਈਜੀਰਾ’ ਆਦਿ ਸ਼ਬਦਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਇੱਥੇ ਹਿਜਰਤ ਤੋਂ ਭਾਵ ਹਜ਼ਰਤ ਮੁਹੰਮਦ (ਸ) ਦੇ ਮੱਕਾ ਤੋਂ ਮਦੀਨਾ ਜਾ ਕੇ ਧਰਮ ਪ੍ਰਚਾਰ ਸ਼ੁਰੂ ਕਰਨ ਤੋਂ ਹੈ। ਕੈਲੰਡਰ ਲਾਤੀਨੀ ਭਾਸ਼ਾ ਤੋਂ ਅੰਗਰੇਜ਼ੀ ਭਾਸ਼ਾ ਵਿਚ ਆਇਆ ਸ਼ਬਦ ਹੈ ਜਿਸ ਦਾ ਸਰਲ ਭਾਵ ਸਮੇਂ ਦਾ ਹਿਸਾਬ-ਕਿਤਾਬ ਰੱਖਣ ਤੋਂ ਹੈ। ਇਤਿਹਾਸਕ ਤੌਰ ’ਤੇ ਸਮੇਂ ਦਾ ਹਿਸਾਬ ਕਿਤਾਬ ਰੱਖਣ ਦੀ ਪ੍ਰਥਾ ਪੁਰਾਤਨ ਕਾਲ (ਕਾਂਸੀ ਯੁੱਗ) ਤੋਂ ਪ੍ਰਚਲਿਤ ਹੈ। ਸੁਮੇਰੀਅਨ ਸਭਿਅਤਾ ਦੇ ਕੈਲੰਡਰ ਨੂੰ ਸਭ ਤੋਂ ਪੁਰਾਣਾ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਮਿਸਰੀ, ਅਸੀਰੀਅਨ ਅਤੇ ਈਸਵੀ ਕੈਲੰਡਰ ਮਹੱਤਵਪੂਰਨ ਹਨ। ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿੱਚ 40 ਦੇ ਕਰੀਬ ਵੱਖ-ਵੱਖ ਪ੍ਰਕਾਰ ਦੇ ਕੈਲੰਡਰ ਲਾਗੂ ਹਨ। ਗ੍ਰੈਗੋਰੀਅਨ, ਯਹੂਦੀ, ਜੂਲੀਅਨ, ਰੈਵੋਲਿਊਸ਼ਨਰੀ, ਰੋਮਨ, ਹਬਿਰੂ, ਸੂਰਜੀ ਅਤੇ ਹਿਜਰੀ ਆਦਿ ਮਹੱਤਵਪੂਰਨ ਕੈਲੰਡਰ ਮਸ਼ਹੂਰ ਹਨ।
ਹਿਜਰੀ ਕੈਲੰਡਰ ਦੀ ਸਥਾਪਨਾ
ਇਸਲਾਮ ਧਰਮ ਦੀਆਂ ਮੁੱਢਲੀਆਂ ਘਟਨਾਵਾਂ ਅਤੇ ਇਤਿਹਾਸ ਨਾਲ ਸਬੰਧਤ ਵੇਰਵਿਆਂ ਨੂੰ ਜਾਣਨ ਲਈ ਹਿਜਰੀ ਕੈਲੰਡਰ ਤੋਂ ਪਹਿਲਾਂ ਕੁਝ ਸਮਾਂ ਅਮ ਅਲ ਫਿਲ ਭਾਵ ਹਜ਼ਰਤ ਮੁਹੰਮਦ (ਸ) ਦੇ ਜਨਮ ਨੂੰ ਜਾਣਕਾਰੀ ਦਾ ਆਧਾਰ ਬਣਾ ਕੇ ਕੀਤਾ ਜਾਂਦਾ ਸੀ। ਹਜ਼ਰਤ ਮੁਹੰਮਦ (ਸ) ਦੇ ਮੱਕਾ ਤੋਂ ਮਦੀਨਾ ਹਿਜਰਤ ਕਰਨ ਤੋਂ ਅਤੇ ਦੂਸਰੇ ਖ਼ਲੀਫ਼ਾ ਹਜ਼ਰਤ ਉਮਰ ਇਬਨ ਅਲ ਖ਼ਤਾਬ (ਜਿਸ ਦਾ ਵਧੇਰੇ ਪ੍ਰਚਲਿਤ ਨਾਮ ਹਜ਼ਰਤ ਉਮਰ ਫਾਰੂਕ, 584-644 ਈਸਵੀ) ਦੇ ਖ਼ਿਲਾਫਤ ਪ੍ਰਾਪਤੀ ਤੋਂ ਤਿੰਨ ਚਾਰ ਸਾਲ ਬਾਅਦ ਬਸਰਾ (ਇਰਾਕ) ਦੇ ਇਕ ਅਧਿਕਾਰੀ ਅਬੂ ਮੂਸਾ ਅਲ ਅਸ਼ਆਰੀ ਨੇ ਖ਼ਲੀਫਾ ਉਮਰ ਨੂੰ ਇਸਲਾਮੀ ਜਗਤ ਨਾਲ ਸਬੰਧਤ ਮਿਤੀਆਂ, ਘਟਨਾਵਾਂ, ਸਾਕਿਆਂ ਨੂੰ ਜਾਣਨ ਲਈ ਤਰਕ ਆਧਾਰਿਤ ਕੈਲੰਡਰ ਦੀ ਸਥਾਪਨਾ ਕਰਨ ਲਈ ਬੇਨਤੀ ਕੀਤੀ। ਇਸ ਤੋਂ ਪਹਿਲਾਂ ਅਰਬ ਦੇਸ਼ਾਂ ਵਿਚ ਤੱਥਾਂ, ਮਿਤੀਆਂ ਅਤੇ ਘਟਨਾਵਾਂ ਨੂੰ ਯਾਦ ਰੱਖਣ ਜਾਂ ਲਿਖਣ ਲਈ ਕੇਵਲ ਮਿਤੀਆਂ ਅਤੇ ਮਹੀਨਿਆਂ ਦੇ ਨਾਮ ਹੀ ਲਿਖੇ ਜਾਂਦੇ ਸਨ। ਸਾਲਾਂ ਦੇ ਨਾਮ ਭਾਵ ਕਿੰਨਵੇਂ ਸਾਲ ਵਿਚ ਘਟਨਾ ਵਾਪਰੀ, ਲਿਖਣ ਦੀ ਪ੍ਰਥਾ ਨਹੀਂ ਸੀ। ਹਿਜਰੀ ਕੈਲੰਡਰ ਦੇ ਵਧੇਰੇ ਮਹੀਨਿਆਂ ਦੇ ਨਾਮ ਅਰਬੀ ਸਭਿਅਤਾ ਵਿਚ ਪਹਿਲਾਂ ਤੋਂ ਹੀ ਸਥਾਪਤ ਸਨ।
ਖ਼ਲੀਫਾ ਉਮਰ ਫਾਰੂਕ ਨੇ ਅਬੂ ਮੂਸਾ ਅਲ ਅਸ਼ਆਰੀ ਦੀ ਬੇਨਤੀ ਅਨੁਸਾਰ ਆਪਣੇ ਸਮਕਾਲੀ ਵਿਦਵਾਨਾਂ ਅਤੇ ਸਲਾਹਕਾਰਾਂ ਨਾਲ ਨਵੇਂ ਇਸਲਾਮੀ ਕੈਲੰਡਰ ਦੀ ਸਥਾਪਨਾ ਲਈ ਵਿਚਾਰ ਚਰਚਾ ਕੀਤੀ ਸੀ ਜਿਸ ਵਿਚ ਪ੍ਰਮੁੱਖ ਤੌਰ ’ਤੇ ਚਾਰ ਵਿਚਾਰ ਉੱਭਰ ਕੇ ਸਾਹਮਣੇ ਆਏ। ਪਹਿਲੇ ਵਿਚਾਰ ਅਨੁਸਾਰ ਹਜ਼ਰਤ ਮੁਹੰਮਦ (ਸ) ਦੇ ਜਨਮ, ਦੂਸਰੇ ਅਨੁਸਾਰ ਵਫ਼ਾਤ (ਮੌਤ) ਨੂੰ ਕੈਲੰਡਰ ਦੀ ਸਥਾਪਨਾ ਦਾ ਅਧਾਰ ਬਣਾਇਆ ਜਾਵੇ। ਤੀਸਰੇ ਅਨੁਸਾਰ ਜਦੋਂ ਹਜ਼ਰਤ ਮੁਹੰਮਦ (ਸ) ਨੂੰ ਨਵੁੱਬਤ ਪ੍ਰਾਪਤੀ (ਭਾਵ ਨਬੀ ਬਣਨ ਪੈਗ਼ਾਮ ਮਿਲਿਆ) ਹੋਈ ਸੀ। ਬਹੁ-ਸੰਮਤੀ ਲੋਕ ਹਜ਼ਰਤ ਮੁਹੰਮਤ (ਸ) ਦੇ ਮੱਕਾ ਤੋਂ ਮਦੀਨਾ ਹਿਜਰਤ ਕਰਨ ਨੂੰ ਆਧਾਰ ਬਣਾਉਣ ਦੇ ਹੱਕ ਵਿਚ ਸਨ। ਖ਼ਲੀਫਾ ਉਮਰ ਫਾਰੂਕ ਨੇ ਵਿਚਾਰ-ਚਰਚਾ ਉਪਰੰਤ ਹਜ਼ਰਤ ਮੁਹੰਮਦ (ਸ) ਦੇ ਸਮਕਾਲੀ ਸਾਥੀਆਂ (ਸੁਹਾਬਾ) ਉਸਮਾਨ ਬਿਨ ਆੱਫ਼ਾਨ ਅਤੇ ਅਲੀ ਬਿਨ ਅਬੀ ਤਾਲਬਿ ਨਾਲ ਸਲਾਹ ਮਸ਼ਵਰਾ ਕਰਕੇ ਇਸਲਾਮੀ ਭਾਵ ਹਿਜਰੀ ਕੈਲੰਡਰ ਦੀ ਸਥਾਪਨਾ ਦਾ ਆਧਾਰ ਹਜ਼ਰਤ ਮੁਹੰਮਦ (ਸ) ਦੇ 622 ਈਸਵੀ ਵਿਚ ਮੱਕਾ ਤੋਂ ਮਦੀਨਾ ਹਿਜਰਤ ਨੂੰ ਬਣਾਉਣ ਦਾ ਐਲਾਨ ਕੀਤਾ। ਭਾਵ 622 ਈਸਵੀ ਹਿਜਰੀ ਕੈਲੰਡਰ ਦਾ ਪਹਿਲਾ ਸਾਲ ਸ਼ੁਰੂ ਹੋਇਆ ਸੀ। ਇਸ ਤਰ੍ਹਾਂ ਹਿਜਰੀ ਕੈਲੰਡਰ ਦੀ ਸਥਾਪਨਾ 16 ਜੁਲਾਈ 639 ਈਸਵੀ ਨੂੰ ਹੋਈ।
ਹਿਜਰੀ ਕੈਲੰਡਰ ਦਾ ਸਿਧਾਂਤ
ਹਿਜਰੀ ਕੈਲੰਡਰ ਚੰਦਰਮਾ ਦੀ ਚੱਕਰ ਗਤੀ ’ਤੇ ਆਧਾਰਿਤ ਹੈ। ਇਸ ਦੇ ਮਹੀਨਿਆਂ ਦੇ ਦਿਨ ਅਤੇ ਤਾਰੀਖ਼ਾਂ ਚੰਦਰਮਾ ਦੇ ਧਰਤੀ ਦੁਆਲੇ ਵਿਕਾਸ ’ਤੇ ਆਧਾਰਿਤ ਹਨ। ਪਹਿਲੇ ਗਿਆਰਾਂ ਮਹੀਨੇ ਚੰਦਰਮਾ ਦੇ ਚੱਕਰ ਅਨੁਸਾਰ 29 ਜਾਂ 30 ਦਿਨਾਂ ਦੇ ਹੁੰਦੇ ਹਨ। ਅੰਤਿਮ ਮਹੀਨੇ ਦੇ ਦਿਨਾਂ ਵਿਚ ਫ਼ਰਕ ਹੁੰਦਾ ਹੈ। ਹਿਜਰੀ ਕੈਲੰਡਰ ਦੇ ਕੁੱਲ 12 ਮਹੀਨਿਆਂ, ਚੰਦਰਮਾ ਦੇ ਹਿਸਾਬ ਨਾਲ 354 ਜਾਂ 355 ਦਿਨਾਂ ਦਾ ਸਾਲ ਹੁੰਦਾ ਹੈ। ਇਸਲਾਮ ਦੇ ਮੁੱਢਲੇ ਸਿਧਾਂਤ, ਧਾਰਮਿਕ ਰਸਮ ਰਿਵਾਜ, ਭਾਵ ਰੋਜ਼ੇ, ਹੱਜ, ਜ਼ੁਕਾਤ ਆਦਿ ਹਿਜਰੀ ਕੈਲੰਡਰ ਦੇ ਮਹੀਨਿਆਂ ਅਨੁਸਾਰ ਨਿਰਧਾਰਤ ਹਨ।
ਮਹੀਨਿਆਂ ਦੇ ਨਾਮ
ਹਿਜਰੀ ਕੈਲੰਡਰ ਦੇ ਪਹਿਲੇ ਮਹੀਨੇ ਦਾ ਨਾਮ ਮੁਹੱਰਮ ਹੈ। ਰਮਜ਼ਾਨ (ਰੋਜ਼ਿਆਂ ਦਾ ਮਹੀਨਾ) ਤੋਂ ਬਾਅਦ ਮੁਹੱਰਮ ਧਾਰਮਿਕ ਤੌਰ ’ਤੇ ਦੂਸਰਾ ਪਵਿੱਤਰ ਮਹੀਨਾ ਹੈ। ਮੁਹੱਰਮ ਤੋਂ ਅਰਬੀ ਭਾਸ਼ਾ ਵਿਚ ਇਕ ਭਾਵ ਹੈ ਲੜਾਈ ਤੋਂ ਵਰਜਿਤ ਹੋਣਾ। ਇਸ ਮਹੀਨੇ ਵਿਚ ਲੜਾਈ-ਝਗੜੇ ਦੀ ਸਖ਼ਤ ਮਨਾਹੀ ਹੈ। ਦੂਸਰਾ ਮਹੀਨਾ ਸਫ਼ਰ ਹੈ। ਅਰਬੀ ਭਾਸ਼ਾ ਦੇ ਸ਼ਬਦ ਸਫ਼ਰ ਦਾ ਇਕ ਮਤਲਬ ਖਾਲੀ ਅਤੇ ਦੂਸਰਾ ਹਵਾਵਾਂ ਦੇ ਆਉਣ ਦਾ ਸੰਕੇਤ ਹੈ। ਇਸ ਮਹੀਨੇ ਦਾ ਇਤਿਹਾਸ ਅਰਬ ਇਲਾਕਿਆਂ ਵਿਚ ਹਜ਼ਰਤ ਮੁਹੰਮਦ (ਸ) ਦੇ ਜੀਵਨ ਕਾਲ ਤੋਂ ਪਹਿਲਾਂ ਨਾਲ ਸਬੰਧਤ ਹੈ। ਅਰਬੀ ਲੋਕ ਲੜਾਈਆਂ ਵਿਚ ਦੁਸ਼ਮਣਾਂ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਲੁੱਟ ਲੈਂਦੇ ਸਨ। ਸੋ ਉਨ੍ਹਾਂ ਦੇ ਘਰ ਖ਼ਾਲੀ ਹੁੰਦੇ ਸਨ। ਇੱਥੇ ਸਫ਼ਰ ਮਹੀਨੇ ਤੋਂ ਭਾਵ ‘ਖਾਲੀ ਘਰ’ ਜਾਂ ਹਵਾਵਾਂ ਦੇ ਆਉਣ ਦੇ ਸੰਕੇਤ ਤੋਂ ਲਿਆ ਜਾ ਸਕਦਾ ਹੈ। ਤੀਸਰਾ ਮਹੀਨਾ ਰਬੀਉਲ ਅੱਵਲ ਭਾਵ ਬਸੰਤ ਰੁੱਤ ਦੀ ਆਮਦ ਦਾ ਪਹਿਲਾ ਮਹੀਨਾ ਹੈ। ਇਸ ਮਹੀਨੇ ਦੀ 12 ਤਾਰੀਖ਼ ਨੂੰ ਹਜ਼ਰਤ ਮੁਹੰਮਦ (ਸ) ਦਾ ਜਨਮ ਦਿਨ (ਈਦ ਮਿਲਾਦ ਉੱਲ ਨਬੀ) ਇਸਲਾਮੀ ਦੁਨੀਆਂ ਵੱਲੋਂ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਹਿਜਰੀ ਕੈਲੰਡਰ ਦਾ ਚੌਥਾ ਮਹੀਨਾ ਰਬੀਉਲ ਅੱਖ਼ਰ ਹੈ ਜਿਸ ਨੂੰ ‘ਰਬੀਉਲ ਸਾਨੀ’ ਵੀ ਕਿਹਾ ਜਾਂਦਾ ਹੈ। ਅਰਬੀ ਭਾਸ਼ਾ ਦੇ ਸ਼ਬਦ ਰਬੀਉਲ ਅੱਖ਼ਰ ਤੋਂ ਭਾਵ ਹੈ ਬਸੰਤ ਰੁੱਤ ਦਾ ਦੂਸਰਾ ਮਹੀਨਾ ਜਿਸ ਵਿਚ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖ਼ਸ਼ਾਉਣ ਲਈ ਧਾਰਮਿਕ, ਦਰਸ਼ਨਾਤਮਕ ਅਤੇ ਆਰਥਿਕ ਤੌਰ ’ਤੇ ਮਦਦ ਕਰਨਾ, ਦਾਨ ਪੁੰਨ ਅਤੇ ਇਬਾਦਤ ਕਰਨਾ ਹੁੰਦਾ ਹੈ। ਇਸ ਮਹੀਨੇ ਇਸਲਾਮੀ ਅਤੇ ਗ਼ੈਰ-ਇਸਲਾਮੀ ਫ਼ੌਜਾਂ ਵਿਚਕਾਰ ਦੋ ਮਹੱਤਵਪੂਰਨ ਲੜਾਈਆਂ ‘ਫੂਰੂ’ 9 ਹਿਜਰੀ ਵਿਚ ਅਤੇ ਸੀਰੀਆ ਦੀ ਲੜਾਈ ਹੋਈਆਂ ਸਨ। ਜੁਮਾਦੀ ਉਲ ਅੱਵਲ ਪੰਜਵਾਂ ਮਹੀਨਾ ਜੁਮਾਦੀ ਉਲ ਅੱਵਲ ਅਤੇ ‘ਜਮਾਦੀ ਉੱਲ ਸਾਨੀ’ ਦੇ ਨਾਮ ਨਾਲ ਵੀ ਮਸ਼ਹੂਰ ਹੈ। ਅਰਬੀ ਭਾਸ਼ਾ ਦੇ ਇਸ ਸ਼ਬਦ ਦੇ ਅਰਥ ਸੁੱਕਾ ਜਾਂ ਮੀਂਹ ਰਹਿਤ ਮੌਸਮ ਤੋਂ ਹੈ। ਛੇਵਾਂ ਮਹੀਨਾ ‘ਜੁਮਾਦੀ ਅਲ ਅਖ਼ੀਰ’ ਭਾਵ ਜੁਮਾਦਾ ਦਾ ਅੰਤਿਮ ਜਾਂ ਦੂਸਰਾ ਮਹੀਨਾ ਹੈ। ਇਸ ਮਹੀਨੇ ਹਜ਼ਰਤ ਮੁਹੰਮਦ (ਸ) ਦੀ ਬੇਟੀ ਹਜ਼ਰਤ ਫਾਤਿਮਾ 1 ਹਿਜਰੀ ਅਤੇ ਖ਼ਲੀਫਾ ਅਬੂ ਬਕਰ 8 ਹਿਜਰੀ ਵਿਚ ਸਵਰਗਵਾਸ ਹੋਏ ਸਨ।
ਹਿਜਰੀ ਕੈਲੰਡਰ ਦੀ ਸਥਾਪਨਾ ਦਾ ਇਤਿਹਾਸਕ ਪਿਛੋਕੜ
ਰਜਬ ਹਿਜਰੀ ਕੈਲੰਡਰ ਦਾ ਸੱਤਵਾਂ ਮਹੀਨਾ ਹੈ। ਰਜਬ ਵੀ ਅਰਬੀ ਭਾਸ਼ਾ ਦਾ ਸ਼ਬਦ ਹੈ। ਇਸ ਨੂੰ ‘ਰਜਬਾ’ ਵਜੋਂ ਵੀ ਸੰਬੋਧਨ ਕੀਤਾ ਜਾਂਦਾ ਹੈ ਜਿਸ ਦਾ ਭਾਵ ਸਤਿਕਾਰ ਤੇ ਸਨਮਾਨ ਤੋਂ ਹੈ। ਇਸ ਮਹੀਨੇ ਚੌਥੇ ਖ਼ਲੀਫਾ ਹਜ਼ਰਤ ਅਲੀ ਦਾ ਜਨਮ ਅਤੇ ਹਜ਼ਰਤ ਮੁਹੰਮਦ (ਸ) ਵੱਲੋਂ ਮੱਕਾ ਤੋਂ ਬੈਤ ਅਲ ਮੁਕੱਦਸ (ਫ਼ਲਸਤੀਨ) ਦੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸੀ। ਬੈਤ ਅਲ ਮੁਕੱਦਸ ਫ਼ਲਸਤੀਨ ਵਿਚ ਸੀ। ਹੁਣ ਇਜ਼ਰਾਈਲ ਦੀ ਰਾਜਧਾਨੀ ਯੇਰੂਸ਼ਲਮ ਇਸੇ ਸ਼ਹਿਰ ਦਾ ਨਾਮ ਹੈ। ਇਸਲਾਮ ਧਰਮ ਦੇ ਕੁਝ ਇਤਿਹਾਸਕ ਸੋਮਿਆਂ ਅਨੁਸਾਰ ਹਜ਼ਰਤ ਮੁਹੰਮਦ (ਸ) ਰੱਬ ਨੂੰ ਮਿਲਣ ਲਈ ਸੱਤਵੇਂ ਆਸਮਾਨ ਵੱਲ ਰਜਬ ਮਹੀਨੇ ਦੌਰਾਨ ਹੀ ਗਏ ਸਨ। ਇਸੇ ਲਈ ਰਜਬ ਨੂੰ ਵੀ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਅੱਠਵਾਂ ਮਹੀਨਾ ਸ਼ਾਬਾਨ ਜਿਸ ਨੂੰ ‘ਸ਼ੱਭਾਨ’ ਜਾਂ ‘ਸ਼ਾਅਬਾਨ’ ਨਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਅਰਬੀ ਭਾਸ਼ਾ ਦੇ ਇਸ ਸ਼ਬਦ ਤੋਂ ਭਾਵ ਹੈ ਵੱਖ ਹੋਣਾ ਜਾਂ ਵੱਖਰੇ ਹੋ ਕੇ ਫੈਲ ਜਾਣਾ। ਇਕ ਵਿਚਾਰ ਅਨੁਸਾਰ ਇਸ ਮਹੀਨੇ ਅਰਬੀ ਲੋਕ ਪਾਣੀ ਦੀ ਭਾਲ ਵਿਚ ਦੂਰ-ਦੂਰ ਇਲਾਕਿਆਂ ਵਿਚ ਫੈਲਦੇ ਜਾਂ ਚਲੇ ਜਾਂਦੇ ਸਨ।
ਰਮਾਦਾਨ (ਪੰਜਾਬੀ ਵਿਚ ਰਮਜ਼ਾਨ) ਹਿਜਰੀ ਕੈਲੰਡਰ ਦਾ ਨੌਵਾਂ ਮਹੀਨਾ ਹੈ। ਅਰਬੀ ਭਾਸ਼ਾ ਦੇ ਸ਼ਬਦ ਰਮਾਦਾਨ ਤੋਂ ਭਾਵ ਗਰਮੀ ਦੇ ਮੌਸਮ ਦੌਰਾਨ ਧੁੱਪ, ਪਿਆਸ ਅਤੇ ਭੁੱਖ ਦੀ ਸ਼ਿੱਦਤ ਨੂੰ ਬਰਦਾਸ਼ਤ ਕਰਨਾ ਹੈ। ਇਸਲਾਮ ਧਰਮ ਦੇ ਰੋਜ਼ੇ (ਵਰਤ) ਇਸ ਮਹੀਨੇ ਹੀ ਰੱਖੇ ਜਾਂਦੇ ਹਨ। ਹਰ ਦਿਮਾਗ਼ੀ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਬਾਲਗ- ਮਰਦ ਔਰਤ ਨੂੰ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਣੇ ਲਾਜ਼ਮੀ ਹਨ। ਰਮਜ਼ਾਨ ਮਹੀਨੇ ਦੌਰਾਨ ਹੀ ਹਜ਼ਰਤ ਮੁਹੰਮਦ (ਸ) ਨੂੰ ਰੱਬੀ ਕਿਤਾਬ ਕੁਰਆਨ ਮਜੀਦ ਦਾ ਪੂਰਨ ਇਲਹਾਮ ਹੋਇਆ ਸੀ। ਨੌਵਾਂ ਮਹੀਨਾ ਸ਼ੱਵਾਲ ਹੈ। ਸ਼ੱਵਾਲ ਤੋਂ ਭਾਵ ਹੈ ਕਿਸੇ ਚੀਜ਼ ਨੂੰ ਚੁੱਕਣਾ ਜਾਂ ਲੈ ਕੇ ਜਾਣਾ। ਇਸ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਰਮਜ਼ਾਨ ਮਹੀਨੇ ਦੇ ਰੋਜ਼ੇ ਰੱਖਣ ਉਪਰੰਤ ਈਦ-ਉਲ ਫ਼ਿਤਰ ਮਨਾਈ ਜਾਂਦੀ ਹੈ। ਸ਼ੱਵਾਲ ਦੇ ਮਹੀਨੇ ਦੌਰਾਨ ਹੀ ਮੁਸਲਮਾਨਾਂ ਨੇ ਜੰਗ-ਏ-ਓਹਦ ਵਿਚ ਭਾਗ ਲਿਆ ਸੀ।
ਹਿਜਰੀ ਕੈਲੰਡਰ ਦਾ ਗਿਆਰਵਾਂ ਮਹੀਨਾ ‘ਧੂ ਅਲ ਕਅਦਾ’ ਹੈ। ਇਸ ਨੂੰ ‘ਧੂ ਅਲ ਕਾਅਦਾ’ ਜਾਂ ‘ਜੂ ਅਲ ਕਾਅਦਾ’ ਆਦਿ ਨਾਵਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਇਸ ਦਾ ਭਾਵ ਬੈਠਣ ਵਾਲਾ, ਇਬਾਦਤ ਕਰਨ ਵਾਲਾ ਜਾਂ ਲੜਾਈ ਝਗੜੇ ਤੋਂ ਪਰਹੇਜ਼ ਕਰਨ ਵਾਲਾ ਹੈ। ਇਸ ਮਹੀਨੇ ਹਜ਼ਰਤ ਮੁਹੰਮਦ ਇਬਰਾਹੀਮ ਅਤੇ ਹਜ਼ਰਤ ਈਸਾ ਨਬੀਆਂ ਦਾ ਜਨਮ ਹੋਇਆ ਸੀ। ਬਾਰ੍ਹਵਾਂ ਤੇ ਅੰਤਿਮ ਮਹੀਨਾ ‘ਧੂ ਅਲ ਹਿਜਾ’ ਹੈ। ਇਸ ਨੂੰ ‘ਜ਼ਿੱਲ-ਹਿੱਜਾ’ ਨਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ ਧਾਰਮਿਕ ਯਾਤਰਾ ਕਰਨ ਵਾਲਾ, ਧਾਰਮਿਕ ਯਾਤਰਾ ਦਾ ਮਹੀਨਾ ਭਾਵ ਇਸਲਾਮੀ ਸਿਧਾਂਤ ਅਨੁਸਾਰ ਹੱਜ ਕਰਨ ਵਾਲਾ ਮਹੀਨਾ। ਇਸ ਮਹੀਨੇ ਦੀ ਅੱਠ, ਨੌਂ ਅਤੇ ਦਸ ਤਾਰੀਖ਼ ਨੂੰ ਮੱਕਾ ਅਤੇ ਮਦੀਨਾ ਸ਼ਰੀਫ਼ (ਸਾਊਦੀ ਅਰਬ) ਵਿਖੇ ਦੁਨੀਆ ਭਰ ਦੇ ਮੁਸਲਮਾਨਾਂ ਹੱਜ ਦੀ ਰਸਮ ਅਦਾ ਕਰਦੇ ਹਨ। ਈਦ-ਉਲ-ਅਜਹਾ ਭਾਵ ‘ਕੁਰਬਾਨੀ ਦਾ ਤਿਉਹਾਰ’ ਦਸ ਤੋਂ ਤੇਰਾਂ ਤਾਰੀਖ਼ ਨੂੰ ਇਸ ਮਹੀਨੇ ਦੌਰਾਨ ਹੀ ਮਨਾਇਆ ਜਾਂਦਾ ਹੈ। ਹਿਜਰੀ ਕੈਲੰਡਰ ਵਿਚ 33 ਸਾਲਾਂ ਬਾਅਦ ਇਕ ਸਾਲ ਜੋੜਣ ਨਾਲ ਈਸਵੀ ਕੈਲੰਡਰ ਦੇ ਬਰਾਬਰ ਮਿਤੀਆਂ ਦਾ ਹਿਸਾਬ ਬਰਾਬਰ ਹੋ ਜਾਂਦਾ ਹੈ।
ਦਿਨਾਂ ਦੇ ਨਾਮ
ਹਿਜਰੀ ਕੈਲੰਡਰ ਦੇ ਹਫ਼ਤੇ ਦੇ ਦਿਨਾਂ ਦੇ ਨਾਮ ਵੀ ਹਬਿਰੂ ਕੈਲੰਡਰ ਵਾਂਗ ਰੱਖੇ ਗਏ ਹਨ। ਅਲ ਅਹਦ ਪਹਿਲੇ ਦਿਨ ਦਾ ਨਾਮ ਹੈ। ਅਲ ਅਹਦ ਭਾਵ ਪਹਿਲਾ ਦਿਨ ਐਤਵਾਰ, ਦੂਸਰਾ ਦਿਨ ਅਲ ਲਿਥਾਨ ਸੋਮਵਾਰ, ਅਥ ਥੂਲਾਥਾ ਤੀਸਰਾ ਦਿਨ ਮੰਗਲਵਾਰ, ਅਲ ਅਰਬੀਆ ਚੌਥਾ ਦਿਨ ਬੁੱਧਵਾਰ, ਅਲ ਖ਼ਮੀਸ ਪੰਜਵਾਂ ਦਿਨ ਵੀਰਵਾਰ, ਅਲ ਜੁੰਮਾ (ਭਾਵ ਇਕੱਠੇ ਹੋਣਾ) ਛੇਵਾਂ ਦਿਨ ਸ਼ੁੱਕਰਵਾਰ ਅਤੇ ਅਲ ਸਾਬਤ (ਭਾਵ ਆਰਾਮ ਕਰਨਾ) ਸੱਤਵਾਂ ਦਿਨ ਸ਼ਨਿੱਚਰਵਾਰ ਹੈ। ਹਿਜਰੀ ਕੈਲੰਡਰ ਜਿਨ੍ਹਾਂ ਇਸਲਾਮੀ ਮੁਲਕਾਂ ਵਿਚ ਲਾਗੂ ਹੈ ਉਨ੍ਹਾਂ ਵਿਚ ਸਾਊਦੀ ਅਰਬ, ਮਿਸਰ, ਤੁਰਕੀ, ਮੋਰੋਕੋ, ਮਲੇਸ਼ੀਆ, ਨਾਇਜੀਰੀਆ ਅਤੇ ਇਰਾਨ ਆਦਿ ਵਿਚ ਵੀਰਵਾਰ ਅਤੇ ਸ਼ੁੱਕਰਵਾਰ ਜਾਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਹਫ਼ਤੇ ਦੀਆਂ ਛੁੱਟੀਆਂ ਮਨਾਈਆਂ ਜਾਂਦੀਆਂ ਹਨ।
ਈਸਵੀ ਕੈਲੰਡਰ ਤੋਂ ਫ਼ਰਕ
ਹਿਜਰੀ ਕੈਲੰਡਰ ਦੇ ਈਸਵੀ ਕੈਲੰਡਰ ਤੋਂ ਆਮ ਤੌਰ ’ਤੇ ਗਿਆਰਾਂ ਦਿਨ ਘੱਟ ਹੁੰਦੇ ਹਨ। ਇਸ ਦਾ ਹਰ ਦਿਨ ਸੂਰਜ ਛਿਪਣ ਤੋਂ ਸ਼ੁਰੂ ਹੁੰਦਾ ਹੈ ਅਤੇ ਹਰ ਮਹੀਨਾ ਚੰਦ ਚੜ੍ਹਣ ਨਾਲ ਸ਼ੁਰੂ ਹੁੰਦਾ ਹੈ। ਹਿਜਰੀ ਕੈਲੰਡਰ ਨੂੰ ਵਧੇਰੇ ਕਰਕੇ ਇਸਲਾਮੀ ਕੈਲੰਡਰ ਵੀ ਕਿਹਾ ਜਾਂਦਾ ਹੈ। ਇਸ ਦੀ ਸਥਾਪਨਾ ਕੁਰਆਨ ਮਜੀਦ ਦੀ ਸੂਰਤ ਨੰਬਰ ਨੌਂ ਦੀ ਲੋਅ ਵਿਚ ਕੀਤੀ ਗਈ ਸੀ। ਮੌਜੂਦਾ ਸਮੇਂ ਦੁਨੀਆ ਵਿਚ ਹਿਜਰੀ ਕੈਲੰਡਰ ਦੇ ਚਾਰ ਵੱਖ-ਵੱਖ ਰੂਪ ਹਨ। ਇਨ੍ਹਾਂ ਚਾਰ ਰੂਪਾਂ ਦੇ ਨਾਮ ਮਿਲਾਦੀ, ਚੀਨੀ, ਫ਼ਾਰਸੀ ਅਤੇ ਹਿਜਰੀ ਹਨ। ਸਾਊਦੀ ਅਰਬ ਅਤੇ ਹੋਰ ਵਧੇਰੇ ਇਸਲਾਮੀ ਮੁਲਕਾਂ ਵਿਚ ਹਿਜਰੀ ਕੈਲੰਡਰ ਨੂੰ ਹੀ ਸਰਕਾਰੀ ਤੌਰ ’ਤੇ ਮਾਨਤਾ ਅਨੁਸਾਰ ਲਾਗੂ ਕੀਤਾ ਗਿਆ ਹੈ।