ਬੀਰਬਲ ਰਿਸ਼ੀ
ਸ਼ੇਰਪੁਰ, 25 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਅੱਜ ਪਾਵਰਕੌਮ ਵੱਲੋਂ ਸ਼ੇਰਪੁਰ ਵਿੱਚ ਥਾਣੇ ਸਮੇਤ ਵੱਖ-ਵੱਖ ਥਾਵਾਂ ’ਤੇ ਲਗਾਏ ਚਿੱਪ ਵਾਲੇ ਚਾਰ ਮੀਟਰ ਲਾਹ ਕੇ ਪਾਵਰਕੌਮ ਦੇ ਜੇਈ ਗੁਰਮੁਖ ਸਿੰਘ ਤੇ ਹੋਰ ਮੁਲਾਜ਼ਮਾਂ ਨੂੰ ਸੌਂਪਣ ਮਗਰੋਂ ਕੁਨੈਕਸ਼ਨ ਸਿੱਧੇ ਜੋੜ ਦਿੱਤੇ।
ਬੀਕੇਯੂ ਡਕੌਂਦਾ ਦੇ ਬਲਾਕ ਆਗੂ ਬਲਵੰਤ ਸਿੰਘ ਛੰਨਾ, ਸੁਖਵਿੰਦਰ ਸਿੰਘ ਲੀਲਾ, ਗੁਰਚਰਨ ਸਿੰਘ ਖ਼ਜ਼ਾਨਚੀ, ਮਾਸਟਰ ਚਰਨ ਜਵੰਧਾ ਅਤੇ ਨਿਰਮਲ ਭੋਲਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਚਿੱਪ ਵਾਲੇ ਮੀਟਰ ਲਗਾਏ ਜਾਣ ਦੀ ਕਾਰਵਾਈ ਮਹਿਜ਼ ਇਤਫ਼ਾਕ ਨਹੀਂ, ਸਗੋਂ ਪਾਵਰਕੌਮ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਸਬੰਧੀ ਕਾਰਵਾਈ ਹੈ। ਪਾਵਰਕੌਮ ਦਫ਼ਤਰ ਸ਼ੇਰਪੁਰ-1 ਵੱਲੋਂ ਥਾਣਾ ਸ਼ੇਰਪੁਰ, ਸਬ-ਤਹਿਸੀਲ, ਮਾਰਕੀਟ ਕਮੇਟੀ ਵਾਲੀ ਵਾਟਰ ਵਰਕਸ ਅਤੇ ਇੱਕ ਆਟਾ ਚੱਕੀ ਦੇ ਨਵੇਂ ਜਾਰੀ ਕੁਨੈਕਸ਼ਨ ਦੇ ਲਗਾਏ ਚਿੱਪ ਵਾਲੇ ਮੀਟਰ ਜਥੇਬੰਦੀ ਨੇ ਖੁਦ ਲਾਹ ਦਿੱਤੇ ਤੇ ਪਾਵਰਕੌਮ ਦੇ ਜੇਈ ਗੁਰਮੁਖ ਸਿੰਘ ਤੇ ਹੋਰਨਾਂ ਮੁਲਾਜ਼ਮਾਂ ਦੇ ਸਪੁਰਦ ਕਰ ਦਿੱਤੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੁੜ ਚਿੱਪ ਵਾਲੇ ਮੀਟਰ ਲਗਾਉਣ ’ਤੇ ਵਿਭਾਗ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਦਫ਼ਤਰ ਕੋਲ ਆਏ ਸਨ 15 ਮੀਟਰ: ਐੱਸਡੀਓ
ਐੱਸਡੀਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਕੁਨੈਕਸ਼ਨਾਂ ਲਈ ਪਾਵਰਕੌਮ ਵੱਲੋਂ ਚਿੱਪ ਵਾਲੇ ਮੀਟਰ ਲਗਾਏ ਜਾਣ ਦੀਆਂ ਹਦਾਇਤਾਂ ਸਨ, ਜਿਨ੍ਹਾਂ ਵਿੱਚੋਂ 14 ਮੀਟਰ ਪਹਿਲਾਂ ਹੀ ਲਗਾ ਦਿੱਤੇ ਗਏ ਸਨ ਅਤੇ ਇੱਕ ਰਹਿੰਦਾ ਚਿੱਪ ਮੀਟਰ ਆਟਾ ਚੱਕੀ ਦੇ ਨਵੇਂ ਕੁਨੈਕਸ਼ਨ ਮੌਕੇ ਦਿੱਤਾ ਗਿਆ। ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਵਿਰੋਧ ਮਗਰੋਂ ਹਾਲੇ ਹੋਰ ਮੀਟਰ ਲਗਾਏ ਜਾਣ ਦੀ ਕੋਈ ਤਜਵੀਜ਼ ਨਹੀਂ।