ਖੇਤਰੀ ਪ੍ਰਤੀਨਿਧ
ਧੂਰੀ, 10 ਅਗਸਤ
ਇੱਥੇ ਧੂਰੀ ਤੋਂ ਨਾਭਾ ਵਾਇਆ ਛੀਟਾਵਾਲਾ ਨੂੰ ਜਾਂਦੀ ਮੁੱਖ ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ ਤੇ ਉਨ੍ਹਾਂ ਸਮੇਂ ਤੋਂ ਪਹਿਲਾਂ ਸੜਕ ਟੁੱਟਣ ਦੀ ਜਾਂਚ ਮੰਗੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਦੇ ਆਗੂ ਕਿਰਪਾਲ ਸਿੰਘ ਰਾਜੋਮਾਜਰਾ, ਹਰਬੰਸ ਸਿੰਘ ਸੋਢੀ, ਜਗਦੀਸ਼ ਸ਼ਰਮਾ ਨੇ ਕਿਹਾ ਇਸ ਸੜਕ ਰਾਹੀਂ ਲੋਕ ਧੂਰੀ ਤੋਂ ਨਾਭਾ, ਪਟਿਆਲਾ, ਚੰਡੀਗੜ੍ਹ ਨੂੰ ਜਾਂਦੇ ਹਨ ਤੇ ਇਸ ਸੜਕ ਉੱਪਰ ਦਰਜਨਾਂ ਪਿੰਡਾਂ ਦੇ ਲੋਕ ਸ਼ਹਿਰ ਆ ਕੇ ਖਰੀਦੋ ਫਰੋਖਤ ਕਰਦੇ ਹਨ। ਉਨ੍ਹਾਂ ਕਿਹਾ ਪਿੰਡਾਂ ਤੋਂ ਸੈਂਕੜੇ ਵਿਦਿਆਰਥੀ ਆਪਣੀ ਪੜ੍ਹਾਈ ਕਰਨ ਲਈ ਇਸ ਸੜਕ ਦੀ ਵਰਤੋ ਕਰਦੇ ਹਨ ਪਰ ਹੁਣ ਇਹ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ। ਸੜਕ ’ਤੇ ਵੱਡੇ ਵੱਡੇ ਡੂੰਘੇ ਟੋਏ ਪੈ ਗਏ ਹਨ ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੁੱਖ ਸੜਕ ਕੁਝ ਸਾਲ ਪਹਿਲਾਂ ਹੀ ਬਣੀ ਸੀ ਜਿਸ ਦਾ ਇੱਕ ਮੀਂਹ ਪੈਣ ਤੋਂ ਬਾਅਦ ਟੁੱਟ ਜਾਣਾ ਆਪਣੇ ਆਪ ਵਿੱਚ ਸੁਆਲ ਖੜ੍ਹੇ ਕਰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਦੁਬਾਰਾ ਬਣਾਉਣ ਦੇ ਨਾਲ ਨਾਲ ਇਸ ਦੇ ਟੁੱਟਣ ਦੀ ਜਾਂਚ ਹੋਣੀ ਚਾਹੀਦੀ ਹੈ।ਤੇ ਸੜਕ ਦੀ ਕਿੰਨੀ ਮਿਆਦ ਸੀ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਧੂਰੀ ਸ਼ਹਿਰ ਅੰਦਰ ਬੱਸ ਸਟੈਂਡ ਰੋਡ, ਪੰਜਾਹ ਫੁੱਟੀ ਸੜਕ, ਵਾਰਡ ਨੰਬਰ ਚਾਰ ਦੀ ਪਾਰਕ ਵਾਲੀ ਸੜਕ, ਰਾਮਗੜ੍ਹੀਆ ਗੁਰੂ ਘਰ ਵਾਲੀ ਸੜਕ, ਰਜਵਾਹੇ ਦੇ ਆਲੇ ਦੁਆਲੇ ਵਾਲੀ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਹ ਸੜਕਾਂ ਬਣਨ ਤੋਂ ਬਾਅਦ ਇਕ ਮੀਂਹ ਵੀ ਸਹਿਣ ਨਹੀਂ ਕਰ ਸਕੀਆਂ ਤੇ ਟੁੱਟ ਗਈਆਂ।
ਬਰਸਾਤ ਮਗਰੋਂ ਸੜਕਾਂ ਬਣਾ ਦਿੱਤੀਆਂ ਜਾਣਗੀਆਂ: ਕਾਰਜਸਾਧਕ ਅਫ਼ਸਰ
ਇਸ ਸਬੰਧੀ ਧੂਰੀ ਦੇ ਕਾਰਜਸਾਧਕ ਅਫਸਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਬਾਅਦ ਟੁੱਟੀਆਂ ਸੜਕਾਂ ਬਣਾ ਦਿੱਤੀਆਂ ਜਾਣਗੀਆਂ। ਇਸ ਸਬੰਧੀ ਮਹਿਕਮੇ ਦੇ ਉੱਚ ਅਧਿਕਾਰੀ ਨੇ ਕਿਹਾ ਇਹ ਸੜਕ ਉਨ੍ਹਾਂ ਦੇ ਧਿਆਨ ਵਿੱਚ ਹੈ ਇਸ ਦੀ ਬਰਸਾਤ ਦੇ ਮੌਸਮ ਲੰਘਣ ਤੋਂ ਬਾਅਦ ਮੁਰੰਮਤ ਕਰਵਾ ਦਿੱਤੀ ਜਾਵੇਗੀ ।