ਪੱਤਰ ਪ੍ਰੇਰਕ
ਅਮਲੋਹ, 10 ਅਗਸਤ
ਐਸਆਰਐਨ ਸਪੈਸ਼ਲ ਸਕੂਲ ਇਕਲਾਹਾ ’ਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਖੰਨਾ ਹਲਕੇ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਸੌਂਦ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ’ਚ ਕੁਲਵੰਤ ਸਿੰਘ ਮਹਿਮੀ, ਮਲਕੀਤ ਸਿੰਘ ਮੰਡੇਰ, ਸਤਵਿੰਦਰ ਸਿੰਘ ਔਜਲਾ, ਪੱਤਰਕਾਰ ਭੂਸ਼ਨ ਸੂਦ, ਜੈ ਦੇਵ ਟ੍ਰੀ ਐਂਡ ਪਲਾਂਟਸ ਲਿਮਟਿਡ ਅਮਲੋਹ ਦੇ ਚੀਫ਼ ਐਗਜ਼ੈਕਟਿਵ ਅਫ਼ਸਰ ਜੈ ਦੇਵ ਲਖਵਿੰਦਰ ਖਨੌੜਾ, ਵਾਤਾਵਰਨ ਸੇਵਾ ਡਾਇਰੈਕਟਰ ਕਾਜਲ, ਸਸ਼ੀ ਪ੍ਰਵਾ, ਜਸਵੀਰ ਕੌਰ, ਮੁਕੇਸ਼ ਖੰਨਾ, ਰਜਨੀ ਦੇਵੀ ਆਦਿ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਸਕੂਲ ਦੇ ਡਾਇਰੈਕਟਰ ਜੀ ਪ੍ਰਸ਼ਾਦ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਮੁਸ਼ਕਲਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਮੁੱਖ-ਮਹਿਮਾਨ ਸ੍ਰੀ ਸੌਂਦ ਨੇ ਸਕੂਲ ਪ੍ਰਬੰਧਕਾਂ ਤੇ ਬੱਚਿਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਸਰਕਾਰ ਤੋਂ ਮਦਦ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਸਕੂਲ ਦੀਆਂ ਮੰਗਾਂ ਨੂੰ ਹਲਕਾ ਵਿਧਾਇਕ ਦੇ ਧਿਆਨ ਵਿਚ ਲਿਆ ਕੇ ਜਲਦੀ ਪੰਜ ਲੱਖ ਰੁਪਏ ਦੀ ਰਕਮ ਦਿਵਾਉਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਬੱਚੀਆਂ ਨੇ ਸ੍ਰੀ ਸੌਂਦ ਦੇ ਰੱਖੜੀ ਬੰਨ੍ਹੀ ਅਤੇ ਪ੍ਰਬੰਧਕਾਂ ਨੇ ਵਿਸ਼ੇਸ਼ ਸਨਮਾਨ ਵੀ ਕੀਤਾ।