ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਫਰਵਰੀ
ਮਹਿੰਦਰਾ ਕਾਲਜ ਵਿੱਚ ਪਈਆਂ ਈਵੀਐੱਮਜ਼ ਦੀ ਸੁਰੱਖਿਆ ਸਬੰਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੇਰ ਰਾਤ ਮਹਿੰਦਰਾ ਕਾਲਜ ਵਿੱਚ ਬਣਾਏ ਗਏ ਸਟਰਾਂਗ ਰੂਮ ਦੀ ਵੀਡੀਓ ਬਣਾ ਕੇ ਐੱਸਐੱਸਪੀ ਤੇ ਡੀਸੀ ਅਤੇ ਚੋਣ ਕਮਿਸ਼ਨ ਭਾਰਤ ਸਰਕਾਰ ਨੂੰ ਸੁਚੇਤ ਕੀਤਾ ਹੈ ਕਿ ਜਿਸ ਈਵੀਐੱਮ ਵਿੱਚ ਉਮੀਦਵਾਰਾਂ ਦੀ ਪੰਜ ਸਾਲਾਂ ਦੀ ਕਿਸਮਤ ਬੰਦ ਹੈ ਉੱਥੇ ਸੁਰੱਖਿਆ ਦਾ ਪ੍ਰਬੰਧ ਹੀ ਨਹੀਂ ਹੈ। ਇਸੇ ਤਹਿਤ ਰਾਤ ਨੂੰ ਮਹਿੰਦਰਾ ਕਾਲਜ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਉਮਦੀਵਾਰ ਹਰਪਾਲ ਜੁਨੇਜਾ ਨੇ ਈਵੀਐੱਮ ਦੀ ਸੁਰੱਖਿਆ ’ਚ ਕੁਤਾਹੀ ਨੂੰ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਕਰਾਰ ਦਿੱਤਾ।
ਅਜੀਤਪਾਲ ਨੇ ਚਾਰੇ ਪਾਸੇ ਦੀ ਵੀਡੀਓਗ੍ਰਾਫ਼ੀ ਕੀਤੀ, ਜਿੱਥੇ ਸਾਫ਼ ਨਜ਼ਰ ਆ ਰਿਹਾ ਹੈ ਕਿ ਸੁਰੱਖਿਆ ਦੇ ਇੰਤਜ਼ਾਮ ਬੜੇ ਢਿੱਲੇ ਹਨ, ਲਾਈਟਾਂ ਦਾ ਪ੍ਰਬੰਧ ਨਹੀਂ ਹੈ, ਕੁਝ ਪਾਸੇ ਤਾਂ ਬਿਲਕੁਲ ਹੀ ਹਨੇਰਾ ਹੈ, ਕੁਝ ਪਾਸੇ ਲਾਈਟਾਂ ਹਨ ਪਰ ਉਹ ਬਲਿੰਕ ਕਰ ਰਹੀਆਂ ਹਨ। ਹਾਲਾਂ ਕਿ ਮੌਕੇ ’ਤੇ ਕੁਝ ਪੰਜਾਬ ਪੁਲੀਸ ਦੇ ਮੁਲਾਜ਼ਮ ਮੌਜੂਦ ਸਨ, ਇਸ ’ਤੇ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀ ਥਾਂ ਕੇਂਦਰੀ ਏਜੰਸੀਆਂ ਦੀ ਸੁਰੱਖਿਆ ਹੋਣੀ ਚਾਹੀਦੀ ਸੀ। ਉਨ੍ਹਾਂ ਮੰਗ ਕੀਤੀ ਕਿ ਇੱਥੇ ਸੁਰੱਖਿਆ ਵਧਾਈ ਜਾਵੇ ਤੇ ਲਾਇਟਾਂ ਦਾ ਪੱਕਾ ਇੰਤਜ਼ਾਮ ਕੀਤਾ ਜਾਵੇ। ਇਸ ਤੋਂ ਇਲਾਵਾ ਈਵੀਐੱਮ ’ਤੇ ਕੈਮਰੇ ਲਗਾ ਕੇ ਉਨ੍ਹਾਂ ਕੈਮਰਿਆਂ ਦਾ ਲਿੰਕ ਹਰੇਕ ਉਮੀਦਵਾਰ ਨੂੰ ਦਿੱਤਾ ਜਾਵੇ ਤਾਂ ਕਿ ਉਮੀਦਵਾਰ ਆਪਣੀਆਂ ਮਸ਼ੀਨਾਂ ਨੂੰ ਹਰ ਵੇਲੇ ਦੇਖ ਸਕੇ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਪਟਿਆਲਾ ਸ਼ਹਿਰੀ ਤੋਂ ਭਾਜਪਾ ਦੀ ਭਾਈਵਾਲੀ ਨਾਲ ਕੈਪਟਨ ਅਮਰਿੰਦਰ ਸਿੰਘ ਚੋਣ ਲੜ ਰਹੇ ਹਨ, ਇਹ ਚਿਹਰਾ ਵੱਡਾ ਹੈ, ਪ੍ਰਭਾਵਸ਼ਾਲੀ ਹੈ, ਕੇਂਦਰ ਦੀ ਭਾਜਪਾ ਸਰਕਾਰ ਦੇ ਸਹਿਯੋਗ ਨਾਲ ਕੁਝ ਵੀ ਹੋ ਸਕਦਾ ਹੈ। ਇਸ ਕਰਕੇ ਚੋਣ ਕਮਿਸ਼ਨ ਸਾਰੇ ਪੰਜਾਬ ਦੀਆਂ ਮਸ਼ੀਨਾਂ ਦੀ ਸੁਰੱਖਿਆ ਯਕੀਨੀ ਬਣਾਵੇ। ਕੋਹਲੀ ਨੇ ਪਟਿਆਲਾ ਸ਼ਹਿਰੀ ਦੇ ਸਾਰੇ ਉਮੀਦਵਾਰਾਂ ਨੂੰ ਸੱਦਾ ਦਿੱਤਾ,‘ਆਓ ਸਾਰੇ ਜਣੇ ਆਪਣੀ ਕਿਸਮਤ ਨੂੰ ਬਚਾ ਲਓ, ਤਾਂ ਰਾਤ ਹੀ ਸਾਰੇ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਮਹਿੰਦਰਾ ਕਾਲਜ ਵਿਚ ਪਹੁੰਚ ਗਏ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪਾਲ ਜੁਨੇਜਾ ਨੇ ਵੀ ਸੁਰੱਖਿਆ ਵਿੱਚ ਘਾਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਰਾਸਰ ਗ਼ਲਤ ਹੈ, ਇਸ ਸਬੰਧ ਵਿੱਚ ਜੇਕਰ ਚੋਣ ਕਮਿਸ਼ਨ ਮਸ਼ੀਨਾਂ ਦੀ ਸੰਭਾਲ ਨਹੀਂ ਕਰ ਸਕਦੇ ਤਾਂ ਸੁਰੱਖਿਆ ਸਾਡੇ ਹਵਾਲੇ ਕੀਤੀ ਜਾਵੇ। ਇੱਥੇ ਸਮਰਥਕ ਅਕਾਸ਼ ਨੇ ਮੰਗ ਕੀਤੀ ਕਿ ਇੱਥੇ ਅੰਦਰ ਬਾਹਰ ਕੈਮਰੇ ਲਗਾਏ ਜਾਣ। ਇਹ ਰਾਤ ਉਮੀਦਵਾਰਾਂ ਦੇ ਸਮਰਥਕਾਂ ਨੇ ਮਹਿੰਦਰਾ ਕਾਲਜ ਦੇ ਬਾਹਰ ਹੀ ਗੁਜ਼ਾਰੀ।