ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੂਨ
ਪੀਏਯੂ ਦੇ ਡਾਇਰੈਕਟਰ (ਵਿਦਿਆਰਥੀ ਭਲਾਈ) ਵੱਲੋਂ ਵਿਸ਼ਵ ਵਾਤਾਵਰਨ ਦਿਵਸ ਸਬੰਧੀ ਕਰਵਾਏ ਕਲਾਤਮਕ ਮੁਕਾਬਲੇ ਅਤੇ ਫੋਟੋ ਪ੍ਰਦਰਸ਼ਨੀ ਅੱਜ ਦੂਜੇ ਦਿਨ ਸਫ਼ਲਤਾ ਨਾਲ ਸਿਰੇ ਚੜ੍ਹੇ। ਇਸ ਵਿੱਚ ਮੁੱਖ ਮਹਿਮਾਨ ਵਜੋਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਸ਼ਾਮਲ ਹੋਏ। ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਜੁਆਇੰਟ ਡਾਇਰੈਕਟਰ ਐਗਰੀਕਲਚਰ ਡਾ. ਬਲਵਿੰਦਰ ਸਿੰਘ ਬਰਾੜ ਮੌਜੂਦ ਸਨ। ਉੱਘੇ ਵਾਤਾਵਰਨ ਮਾਹਿਰ ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਆਪਣੇ ਭਾਸ਼ਣ ਵਿੱਚ ਕੁਦਰਤ ਅਤੇ ਮਨੁੱਖ ਦੇ ਡੂੰਘੇ ਸਦੀਵੀ ਸਬੰਧਾਂ ਦੀ ਗੱਲ ਕੀਤੀ। ਸਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ. ਜਸਵਿੰਦਰ ਕੌਰ ਬਰਾੜ ਨੇ ਕਿਹਾ ਕਿ ਇਸ ਧਰਤੀ ਨੂੰ ਸੰਭਾਲਣ ਅਤੇ ਸ਼ਿੰਗਾਰਨ ਲਈ ਬਹੁਤ ਸਾਰੇ ਰੁੱਖ ਲਾਉਣ ਦੀ ਲੋੜ ਹੈ। ਇਸ ਮੌਕੇ ਕਰਵਾਏ ਗਏ ਕਲਾਤਮਕ ਮੁਕਾਬਲਿਆਂ ਵਿੱਚੋਂ ਫੋਟੋਗ੍ਰਾਫੀ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਕਮਿਉਨਟੀ ਸਾਇੰਸ ਕਾਲਜ ਦੇ ਯਸ਼ਪਾਲ ਨੂੰ, ਦੂਜਾ ਇਨਾਮ ਖੇਤੀਬਾੜੀ ਕਾਲਜ ਦੇ ਕਰਨਪ੍ਰੀਤ ਸਿੰਘ ਨੂੰ, ਤੀਜਾ ਇਨਾਮ ਖੇਤੀ ਇੰਜਨੀਅਰਿੰਗ ਕਾਲਜ ਦੇ ਅਰਸ਼ਦੀਪ ਸਿੰਘ ਨੂੰ ਮਿਲਿਆ।