ਸ੍ਰੀਨਗਰ, 15 ਮਾਰਚ
ਨੈਸ਼ਨਲ ਕਾਨਫਰੰਸ (ਐੱਨਸੀ) ਦੇ ਨੇਤਾ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਪੂਰਨ ਰਾਜ ਦੇ ਦਰਜੇ ਦੀ ਹੱਕਦਾਰ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਕੌਮੀ ਰਾਜਧਾਨੀ ਦੀ ਚੁਣੀ ਹੋਈ ਸਰਕਾਰ ਖ਼ਿਲਾਫ਼ ਅਧਿਕਾਰਾਂ ਦੀ ਦੁਰਵਰਤੋਂ ਦੀ ਨਿੰਦਾ ਕਰਦੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ਨੇ 2019 ਤੋਂ ਜੰਮੂ-ਕਸ਼ਮੀਰ ਦੇ ਮੁੜ-ਗਠਨ ਅਤੇ ਉਸ ਦਾ ਵਿਸ਼ੇਸ਼ ਦਰਜਾ ਖੋਹਣ ਦਾ ਸਮਰਥਨ ਕੀਤਾ ਸੀ। ਅਬਦੁੱਲਾ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵੀਟ ’ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਹੈ ਕਿ ਕੇਂਦਰ ਨੇ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਅਧਿਕਾਰ ਘਟਾਉਣ ਲਈ ਲੋਕ ਸਭਾ ’ਚ ਇੱਕ ਬਿੱਲ ਪੇਸ਼ ਕੀਤਾ ਹੈ। ਉਮਰ ਨੇ ਟਵੀਟ ਕੀਤਾ, ‘ਆਮ ਆਦਮੀ ਪਾਰਟੀ ਵੱਲੋਂ 2019 ’ਚ ਜੰਮੂ-ਕਸ਼ਮੀਰ ਦੇ ਮੁੜ-ਗਠਨ ਅਤੇ ਰਾਜ ਦਾ ਦਰਜਾ ਖੋਹਣ ਦਾ ਸਮਰਥਨ ਕੀਤੇ ਜਾਣ ਦੇ ਬਾਵਜੂਦ ਅਸੀਂ ਦਿੱਲੀ ਦੀ ਚੁਣੀ ਹੋਈ ਸਰਕਾਰ ਖ਼ਿਲਾਫ਼ ਅਜਿਹੇ ਹਮਲੇ ਦੀ ਨਿੰਦਾ ਕਰਦੇ ਹਾਂ। ਦਿੱਲੀ ਪੂਰਨ ਰਾਜ ਦੇ ਦਰਜੇ ਦੀ ਹੱਕਦਾਰ ਹੈ ਅਤੇ ਸਾਰੀਆਂ ਸ਼ਕਤੀਆਂ ਚੁਣੀ ਹੋਈ ਸਰਕਾਰ ਕੋਲੀ ਹੀ ਹੋਣੀਆਂ ਚਾਹੀਦੀਆਂ ਹਨ, ਉਪ-ਰਾਜਪਾਲ ਕੋਲ ਨਹੀਂ।’ -ਏਜੰਸੀ