ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 9 ਮਈ
ਪਿੰਡ ਛਾਜਲੀ ਤੇ ਮਿਰਜ਼ਾ ਪੱਤੀ ਨਮੋਲ ਦੀਆਂ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਦੀ ਬੋਲੀ ਅੱਜ ਮੁਲਤਵੀ ਕਰ ਦਿੱਤੀ ਗਈ।
ਇਸ ਸਬੰਧੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਦੱਸਿਆ ਕਿ ਪਿੰਡ ਛਾਜਲੀ ਵਿੱਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਐਸ.ਸੀ. ਵਰਗ ਦੀ ਧਰਮਸ਼ਾਲਾ ਵਿੱਚ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਵਿਭਾਗ ਵੱਲੋਂ ਨਹੀਂ ਕਰਵਾਈ ਜਾ ਰਹੀ ਜਿਸ ਕਾਰਨ ਅੱਜ ਦੂਜੀ ਵਾਰ ਬੋਲੀ ਨਹੀਂ ਹੋ ਸਕੀ।
ਉਨ੍ਹਾਂ ਦੱਸਿਆ ਕਿ ਪੰਚਾਇਤ ਅਧਿਕਾਰੀਆਂ ਨੇ ਅਗਲੀ ਵਾਰ ਬੋਲੀ ਐੱਸ.ਸੀ.ਧਰਮਸ਼ਾਲਾ ਵਿਚ ਕਰਾਉਣ ਦਾ ਭਰੋਸਾ ਦਿਵਾਇਆ ਹੈ। ਇਸ ਮੌਕੇ ਸੂਬਾ ਸਕੱਤਰ ਧਰਮਪਾਲ ਸਿੰਘ ਨੇ ਸੰਬੋਧਨ ਕੀਤਾ। ਮਿੰਟੂ ਨੇ ਦੱਸਿਆ ਕਿ ਪਿੰਡ ਮਿਰਜ਼ਾ ਪੱਤੀ ਨਮੋਲ ਵੱਲੋਂ ਇਸ ਪਿੰਡ ’ਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਪੰਚਾਇਤ ਦੇ ਹੋਰ ਰੁਝੇਵਿਆਂ ਦੇ ਚਲਦਿਆਂ ਰੱਦ ਹੋ ਗਈ।
ਪਿੰਡ ਆਗੂ ਅਮਰੀਕ ਸਿੰਘ ਨੇ ਕਿਹਾ ਕਿ ਇਸ ਪਿੰਡ ਵਿੱਚ ਤੀਜੇ ਹਿੱਸੇ ਦੀ ਜ਼ਮੀਨ ਨਾਲ ਲੱਗਦੇ ਟੋਭੇ ਦੇ ਓਵਰਫਲੋਅ ਹੋਣ ਕਾਰਨ ਹਰ ਸਾਲ ਫਸਲ ਦਾ ਨੁਕਸਾਨ ਹੁੰਦਾ ਹੈ ਜਿਸ ਦਾ ਹੱਲ ਤੁਰੰਤ ਹੋਣਾ ਚਾਹੀਦਾ ਹੈ। ਆਗੂ ਨੇ ਦੱਸਿਆ ਕਿ ਦੂਸਰੇ ਪਿੰਡ ਨਮੋਲ ਦੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨੇਪਰੇ ਚੜ੍ਹ ਗਈ ਹੈ।