ਬਾਂਕੁੜਾ (ਪੱਛਮੀ ਬੰਗਾਲ), 5 ਨਵੰਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਉਹ ਮਹਿਸੂਸ ਕਰ ਰਹੇ ਹਨ ਕਿ ਪੱਛਮੀ ਬੰਗਾਲ ਦੇ ਲੋਕਾਂ ਵਿੱਚ ਮਮਤਾ ਬੈਨਰਜੀ ਸਰਕਾਰ ਖਿਲਾਫ਼ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਮਮਤਾ ਸਰਕਾਰ ਦਾ ਨਿਘਾਰ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ‘ਸੋਨਾਰ ਬਾਂਗਲਾ’ ਦੇ ਸੁਫਨੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਹ ਭਾਜਪਾ ਨੂੰ ਸੂਬੇ ਵਿੱਚ ਅਗਲੀ ਸਰਕਾਰ ਬਣਾਉਣ ਦਾ ਮੌਕਾ ਦੇਣ। ਕਰਾਂਤੀਕਾਰੀ ਬਿਰਸਾ ਮੁੰਡਾ ਦੇ ਬੁੱਤ ’ਤੇ ਫੁੱਲ ਚੜ੍ਹਾਉਣ ਤੋਂ ਬਾਅਦ ਸ਼ਾਹ ਨੇ ਪੱਤਰਕਾਰਾਂ ਨੂੰ ਕਿਹਾ, ‘‘ ਕਲ ਰਾਤ ਤੋਂ ਮੈਂ ਪੱਛਮ ਬੰਗਾਲ ਵਿੱਚ ਹਾਂ ਅਤੇ ਮਮਲਾ ਖ਼ਿਲਾਫ਼ ਲੋਕਾਂ ਵਿੱਚ ਭਾਰਤੀ ਗੁੱਸਾ ਮਹਿਸੂਸ ਕਰ ਸਕਦਾ ਹਾਂ। ਸਾਨੂੰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸੂਬੇ ਵਿੱਚ ਬਦਲਾਅ ਲਿਆਉਣ ਦਾ ਪੂਰਾ ਯਕੀਨ ਹੈ।’’ ਪੱਛਮੀ ਬੰਗਾਲ ਦੇ ਦੋ ਦਿਨਾਂ ਦੌਰੇ ’ਤੇ ਆਏ ਸ਼ਾਹ ਨੇ ਭਾਜਪਾ ਮੈਂਬਰਾਂ ਦੀ ‘ਹੱਤਿਆ’ਲਈ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਭਰੋਸਾ ਜਤਾਇਆ ਕਿ ਸੂਬੇ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ। ਗ੍ਰਹਿ ਮੰਤਰੀ ਨੇ ਪੱਛਮੀ ਬੰਗਾਲ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਅਤੇ ਆਯੁਸ਼ਮਾਨ ਭਾਰਤ ਸਮੇਤ ਕੇਂਦਰ ਦੀਆਂ 80 ਤੋਂ ਵਧ ਯੋਜਨਾਵਾਂ ਨੂੰ ਸੂਬੇ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ, ‘‘ਮਮਤਾ ਦੀਦੀ ਨੂੰ ਵਹਿਮ ਹੈ ਕਿ ਕੇਂਦਰੀ ਯੋਜਨਾਵਾਂ ਨੂੰ ਲਾਗੂ ਨਾ ਕਰ ਕੇ ਉਹ ਭਾਜਪਾ ਨੂੰ ਸੂਬੇ ਵਿੱਚ ਰੋਕ ਸਕਦੀ ਹੈ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਇਨ੍ਹਾਂ ਯੋਜਨਾਵਾਂ ਨੂੰ ਉਹ ਲਾਗੂ ਕਰਨ ਦੀ ਇਜਾਜ਼ਤ ਦੇਣ ਤਾਂ ਹੋ ਸਕਦਾ ਹੈ ਕਿ ਗਰੀਬ ਉਨ੍ਹਾਂ(ਮਮਤਾ)ਬਾਰੇ ਵਿਚਾਰ ਕਰਨ।’’ -ਏਜੰਸੀ