ਚੰਡੀਗੜ੍ਹ/ਨਵੀਂ ਦਿੱਲੀ/ਸ੍ਰੀਨਗਰ, 30 ਦਸੰਬਰ
ਪੰਜਾਬ ਤੇ ਹਰਿਆਣਾ ਸਮੇਤ ਸਾਰੇ ਉੱਤਰੀ ਭਾਰਤ ’ਚ ਕੜਾਕੇ ਦੀ ਠੰਢ ਪੈ ਰਹੀ ਹੈ ਤੇ ਬਹੁਤੀਆਂ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਕਈ ਡਿਗਰੀ ਹੇਠਾਂ ਦਰਜ ਕੀਤਾ ਗਿਆ ਹੈ। ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਪਾਰਾ 5 ਡਿਗਰੀ ਤੋਂ ਥੱਲੇ ਦਰਜ ਹੋਇਆ ਹੈ, ਜਦਕਿ ਬਾਕੀ ਦੇ ਜ਼ਿਲ੍ਹਿਆਂ ਵਿੱਚ 5 ਤੋਂ 7 ਡਿਗਰੀ ਰਿਹਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਬਠਿੰਡਾ ਅਤੇ ਹਰਿਆਣਾ ਦੇ ਹਿਸਾਰ ਵਿੱਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਵਿਭਾਗ ਅਨੁਸਾਰ ਘੱਟੋ ਘੱਟ 2.6 ਡਿਗਰੀ ਤਾਪਮਾਨ ਨਾਲ ਬਠਿੰਡਾ ਪੰਜਾਬ ’ਚ ਸਭ ਤੋਂ ਵੱਧ ਠੰਢਾ ਇਲਾਕਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸੰਗਰੂਰ ਦਾ ਘੱਟੋ ਘੱਟ ਤਾਪਮਾਨ 3.1 ਡਿਗਰੀ, ਮੋਗਾ ਦਾ 3.2, ਪਟਿਆਲਾ 3.3, ਫਰੀਦਕੋਟ ਦਾ 3.4, ਲੁਧਿਆਣਾ ਦਾ 3.7, ਜਲੰਧਰ ਦਾ 3.7, ਗੁਰਦਾਸਪੁਰ ਦਾ 4.3, ਪਠਾਨਕੋਟ ਦਾ 4.3 ਅਤੇ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 4.4 ਡਿਗਰੀ ਰਿਹਾ। ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ਦਾ ਘੱਟੋ ਘੱਟ ਤਾਪਮਾਨ ਦੋ ਡਿਗਰੀ, ਕਰਨਾਲ ਦਾ 3.2, ਰੋਹਤਕ ਦਾ 4.4, ਗੁਰੂਗ੍ਰਾਮ ਦਾ 6, ਸਿਰਸਾ ਦਾ 4.8, ਫਤਿਹਾਬਾਦ ਦਾ 3.7 ਅਤੇ ਪੰਚਕੂਲਾ ਦਾ ਘੱਟੋ ਘੱਟ ਤਾਪਮਾਨ 4.9 ਡਿਗਰੀ ਦਰਜ ਕੀਤਾ ਗਿਆ ਹੈ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 4.2 ਡਿਗਰੀ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਕੌਮੀ ਰਾਜਧਾਨੀ ’ਚ ਵੀ ਅੱਜ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ ਅਤੇ ਇਸ ਦੇ ਤਿੰਨ ਜਨਵਰੀ ਤੱਕ ਜਾਰੀ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਸਫ਼ਦਰਜੰਗ ਕੇਂਦਰ ਅਨੁਸਾਰ ਦਿੱਲੀ ’ਚ ਘੱਟੋ ਘੱਟ ਤਾਪਮਾਨ 3.4 ਡਿਗਰੀ ਦਰਜ ਕੀਤਾ ਗਿਆ ਜਦਕਿ ਬੀਤੇ ਦਿਨ ਇਹ 8.4 ਡਿਗਰੀ ਸੀ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਘੱਟੋ ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਰਹਿਣ ’ਤੇ ਸੀਤ ਲਹਿਰ ਦਾ ਐਲਾਨ ਕਰਦਾ ਹੈ।
ਉੱਧਰ ਕਸ਼ਮੀਰ ਦੀਆਂ ਬਹੁਤੀਆਂ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਮਨਫੀ ਤੋਂ ਹੇਠਾਂ ਚਲਾ ਗਿਆ ਹੈ ਤੇ ਮੌਸਮ ਵਿਭਾਗ ਨੇ ਅਗਲੇ ਕੁਝ ਦਿਨ ਤਾਪਮਾਨ ’ਚ ਹੋਰ ਗਿਰਾਵਟ ਆਉਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ। ਮੌਸਮ ਵਿਭਾਗ ਨੇ ਦੱਸਿਆ ਗੁਲਮਰਗ ’ਚ ਘੱਟੋ ਘੱਟ ਤਾਪਮਾਨ ਮਨਫੀ 9.6 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਪਹਿਲਗਾਮ ’ਚ ਘੱਟੋ ਘੱਟ ਤਾਪਮਾਨ ਮਨਫੀ 8.9 ਡਿਗਰੀ, ਸ੍ਰੀਨਗਰ ’ਚ ਮਨਫੀ 4, ਕਾਜ਼ੀਗੁੰਡ ’ਚ ਮਨਫੀ 4.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। -ਪੀਟੀਆਈ
ਚਾਰ ਜਨਵਰੀ ਤੋਂ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ
ਨਵੀਂ ਦਿੱਲੀ: ਮੌਸਮ ਵਿਭਾਗ ਨੇ ਸਰਗਰਮ ਪੱਛਮੀ ਗੜਬੜੀ ਕਾਰਨ ਚਾਰ ਜਨਵਰੀ ਤੋਂ ਘੱਟੋ ਘੱਟ ਤਾਪਮਾਨ ਵਧਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ ਜਿਸ ਕਾਰਨ 4 ਤੋਂ 7 ਜਨਵਰੀ ਤੱਕ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਤੇ ਬਰਫ਼ਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ 5 ਤੋਂ 7 ਜਨਵਰੀ ਵਿਚਾਲੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ’ਚ ਹਲਕੀ ਤੋਂ ਦਰਮਿਆਨੀ ਅਤੇ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਕਸ਼ਮੀਰ ਦੇ ਕੁਝ ਉੱਚੇ ਇਲਾਕਿਆਂ ’ਚ ਇਸ ਤੋਂ ਪਹਿਲਾਂ 1 ਜਨਵਰੀ ਨੂੰ ਹਲਕਾ ਮੀਂਹ ਜਾਂ ਬਰਫ਼ਬਾਰੀ ਹੋ ਸਕਦੀ ਹੈ। -ਪੀਟੀਆਈ