ਨਵੀਂ ਦਿੱਲੀ, 1 ਦਸੰਬਰ
ਮੁੱਖ ਅੰਸ਼
- ਸਿਰਫ਼ ਮਾਮਲੇ ਨੂੰ ਭਖਦਾ ਰੱਖਣ ਲਈ ਲਗਾਏ ਦੋਸ਼
- ਐੱਸਆਈਟੀ ਨੇ ਸਿਖ਼ਰਲੀ ਅਦਾਲਤ ਵਿਚ ਕੀਤਾ ਦਾਅਵਾ
2002 ਵਿਚ ਗੁਜਰਾਤ ਦੰਗਿਆਂ ਵਿਚ ਵੱਡੀ ਸਾਜ਼ਿਸ਼ ਹੋਣ ਦੇ ਦਾਅਵਿਆਂ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ਅਤੇ ਇਸ ਹਿੰਸਾ ਪਿੱਛੇ ਸੂਬਾ ਸਰਕਾਰ ਦਾ ਹੱਥ ਹੋਣ ਸਬੰਧੀ ਦੋਸ਼ ਸਿਰਫ਼ ਮਾਮਲੇ ਨੂੰ ਭਖਦਾ ਰੱਖਣ ਲਈ ਲਗਾਏ ਗਏ ਹਨ, ਜੋ ਕਿ ਖ਼ਤਰਨਾਕ ਰੁਝਾਨ ਹੈ। ਇਹ ਗੱਲ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਅੱਜ ਸੁਪਰੀਮ ਕੋਰਟ ਵਿਚ ਕਹੀ।
ਵਿਸ਼ੇਸ਼ ਜਾਂਚ ਟੀਮ ਨੇ ਜਸਟਿਸ ਏ.ਐੱਮ. ਖਾਨਵਿਲਕਰ ਦੀ ਪ੍ਰਧਾਨਗੀ ਹੇਠਲੇ ਇਕ ਬੈਂਚ ਨੂੰ ਦੱਸਿਆ ਕਿ ਜ਼ਕੀਆ ਜਾਫ਼ਰੀ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ, ਜਿਸ ਵਿਚ ਦੰਗਿਆਂ ਵਿਚ ਵੱਡੀ ਸਾਜ਼ਿਸ਼ ਹੋਣ ਦੇ ਦੋਸ਼ ਲਗਾਏ ਗਏ ਸਨ, ਨੂੰ ਐੱਫਆਈਆਰ ਵਿਚ ਤਬਦੀਲ ਨਹੀਂ ਕੀਤਾ ਗਿਆ ਸੀ ਅਤੇ ਸਿਖ਼ਰਲੀ ਅਦਾਲਤ ਨੇ ਐੱਸਆਈਟੀ ਨੂੰ ਮਾਮਲੇ ਦੀ ਪੜਤਾਲ ਕਰਨ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਨ ਲਈ ਕਿਹਾ ਸੀ। ਕਾਂਗਰਸੀ ਆਗੂ ਅਹਿਸਾਨ ਜਾਫ਼ਰੀ, ਜਿਸ ਦੀ ਹਿੰਸਾ ਦੌਰਾਨ 28 ਫਰਵਰੀ 2002 ਨੂੰ ਅਹਿਮਦਾਬਾਦ ਵਿਚ ਗੁਲਬਰਗ ਸੁਸਾਇਟੀ ਵਿਚ ਹੱਤਿਆ ਕਰ ਦਿੱਤੀ ਗਈ ਸੀ, ਦੀ ਪਤਨੀ ਜ਼ਕੀਆ ਜਾਫ਼ਰੀ ਨੇ ਐੱਸਆਈਟੀ ਵੱਲੋਂ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਸਣੇ 64 ਵਿਅਕਤੀਆਂ ਨੂੰ ਕਲੀਨ ਚਿੱਟ ਦੇਣ ਨੂੰ ਚੁਣੌਤੀ ਦਿੱਤੀ ਸੀ। ਐੱਸਆਈਟੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਬੈਂਚ ਨੂੰ ਦੱਸਿਆ ਕਿ ਜ਼ਕੀਆ ਜਾਫਰੀ ਵੱਲੋਂ ਕਰੀਬ 1200 ਪੇਜਾਂ ਦੀ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਕਿਹਾ ਸੀ ਕਿ ਇਸੇ ਨੂੰ ਸ਼ਿਕਾਇਤ ਸਮਝਿਆ ਜਾਵੇ। -ਪੀਟੀਆਈ