ਪਾਲ ਸਿੰਘ ਨੌਲੀ
ਜਲੰਧਰ, 22 ਫਰਵਰੀ
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਨੇ ਦੋਆਬੇ ਵਿਚ ਰਾਖਵੀਆਂ ਸੀਟਾਂ ’ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸੋਚਾਂ ਵਿਚ ਪਾਇਆ ਹੋਇਆ ਹੈ। ਪੰਜਾਬ ਤੇ ਕੇਂਦਰ ਸਰਕਾਰ ਦੇ ਸੂਹੀਆਤੰਤਰ ਵੱਲੋਂ ਦਿੱਤੀਆਂ ਜਾ ਰਹੀਆਂ ਰਿਪੋਰਟਾਂ ਅਨੁਸਾਰ ਦੋਆਬੇ ਦੀਆਂ ਰਾਖਵੀਆਂ ਸੀਟਾਂ ’ਤੇ ਬਸਪਾ ਦੇ ਉਮੀਦਵਾਰਾਂ ਨੇ ਆਪਣੇ ਵਿਰੋਧੀਆਂ ਲਈ ਵੱਡਾ ਸਿਆਸੀ ਸੰਕਟ ਖੜ੍ਹਾ ਕਰ ਦਿੱਤਾ ਹੈ। ਫਗਵਾੜਾ ਵਿਧਾਨ ਸਭਾ ਸੀਟ, ਜਿਥੋਂ ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਚੋਣ ਲੜੀ ਹੈ, ਉਥੋਂ ਉਨ੍ਹਾਂ ਨੇ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਆਪ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਤੇ ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਗਣਿਤ ਨੂੰ ਚੁਣੌਤੀ ਦਿੱਤੀ ਹੈ।
ਇਸੇ ਤਰ੍ਹਾਂ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਵੀ ਬਸਪਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਆਪਣੇ ਵਿਰੋਧੀਆਂ ਆਪ ਦੇ ਉਮੀਦਵਾਰ ਸਾਬਕਾ ਏਸੀਪੀ ਬਲਕਾਰ ਸਿੰਘ ਤੇ ਕਾਂਗਰਸ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਸੋਚਾਂ ਵਿਚ ਪਾਇਆ ਹੋਇਆ ਹੈ। ਹਾਲਾਂਕਿ ਇਸ ਹਲਕੇ ਤੋਂ ਸੰਯੁਕਤ ਸਮਾਜ ਮੋਰਚਾ ਦਾ ਉਮੀਦਵਾਰ ਵੀ ਚੋਣ ਮੈਦਾਨ ਵਿਚ ਸੀ। ਸਿਆਸੀ ਗਿਣਤੀਆਂ-ਮਿਣਤੀਆਂ ਵਿਚ ਉਸ ਦੀਆਂ ਵੋਟਾਂ ਲਿਜਾਣ ਬਾਰੇ ਸ਼ਰਤਾਂ ਲੱਗ ਰਹੀਆਂ ਹਨ।
ਬਸਪਾ ਦੇ ਹੀ ਇਕ ਉਮੀਦਵਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਾਰਟੀ ਨੂੰ ਪੂਰੀ ਉਮੀਦ ਹੈ ਕਿ ਪਾਰਟੀ ਇਸ ਵਾਰ ਆਪਣਾ ਖਾਤਾ ਖੋਲ੍ਹ ਸਕੇਗੀ ਕਿਉਂਕਿ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ 2017 ਤੱਕ ਬਸਪਾ ਦਾ ਇਕ ਉਮੀਦਵਾਰ ਵੀ ਚੋਣ ਨਹੀਂ ਜਿੱਤ ਸਕਿਆ ਸੀ। ਹਾਲਾਂਕਿ ਹਰ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵੱਡੀ ਗਿਣਤੀ ’ਚ ਉਮੀਦਵਾਰ ਖੜ੍ਹੇ ਕਰਦੀ ਆ ਰਹੀ ਸੀ।
ਬਸਪਾ ਲੀਡਰਸ਼ਿੱਪ ਦੇ ਕੁਝ ਆਗੂ ਇਸ ਗੱਲ ’ਤੇ ਵੀ ਸੋਚ-ਵਿਚਾਰ ਕਰ ਰਹੇ ਹਨ ਕਿ ਇਨ੍ਹਾਂ ਰਾਖਵੀਆਂ ਸੀਟਾਂ ’ਤੇ ‘ਚੰਨੀ ਫੈਕਟਰ’ ਕਿੰਨਾ ਕੁ ਕਾਰਗਰ ਸਾਬਤ ਹੋਵੇਗਾ। ਜਦਕਿ ਚੋਣ ਲੜਨ ਵਾਲੇ ਕਾਂਗਰਸੀ ਉਮੀਦਵਾਰਾਂ ਨੇ ‘ਚੰਨੀ ਫੈਕਟਰ’ ਤੋਂ ਹੀ ਆਪਣੀ ਜਿੱਤ ਦੀ ਉਮੀਦ ਲਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਫਿਲੌਰ, ਆਦਮਪੁਰ, ਬੰਗਾ ਤੇ ਨਵਾਂਸ਼ਹਿਰ ਵਿਚ ਆਪਣੇ ਵਿਰੋਧੀਆਂ ਨੂੰ ਸਖਤ ਚੁਣੌਤੀਆਂ ਦਿੰਦੇ ਨਜ਼ਰ ਆ ਰਹੇ ਹਨ। ਬਸਪਾ ਆਗੂ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਦੀ ਫੇਰੀ ਦੇ ਅਸਰ ਦਾ ਵੀ ਅਨੁਮਾਨ ਲਾਉਣ ਵਿਚ ਲੱਗੇ ਹੋਏ ਹਨ ਕਿ ਵੋਟਾਂ ਦੌਰਾਨ ਉਨ੍ਹਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਗਿਆ ਹੋਵੇਗਾ।
ਅਕਾਲੀ-ਬਸਪਾ ਨੇ ਧੰਨਵਾਦ ਸਮਾਗਮ ਕਰਵਾਇਆ
ਫਿਲੌਰ( ਪੱਤਰ ਪ੍ਰੇਰਕ): ਹਲਕਾ ਫਿਲੌਰ ਦੇ ਅਕਾਲੀ-ਬਸਪਾ ਆਗੂਆਂ ਨੇ ਵੋਟਰਾਂ ਦਾ ਧੰਨਵਾਦ ਕਰਨ ਲਈ ਇੱਕ ਮੀਟਿੰਗ ਕੀਤੀ, ਜਿਸ ਦੌਰਾਨ ਸਿਟਿੰਗ ਵਿਧਾਇਕ ਬਲਦੇਵ ਸਿੰਘ ਖਹਿਰਾ ਹਲਕਾ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਕਿਹਾ ਕਿ ਹਲਕਾ ਫਿਲੌਰ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਤੇ ਸਤਿਕਾਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਹਲਕੇ ਦੇ ਵੋਟਰਾਂ ਵੱਲੋਂ ਅਕਾਲੀ ਦਲ-ਬਸਪਾ ਗਠਜੋੜ ਨੂੰ ਦਿੱਤੀ ਹਮਾਇਤ ਲਈ ਉਹ ਵੋਟਰਾਂ ਦੇ ਹਮੇਸ਼ਾਂ ਰਿਣੀ ਰਹਿਣਗੇ ਤੇ ਭਵਿੱਖ ’ਚ ਅਕਾਲੀ ਦਲ-ਬਸਪਾ ਦੀ ਲੀਡਰਸ਼ਿਪ ਹਮੇਸ਼ਾ ਹਲਕਾ ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇਗੀ। ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਕਾਲੀ ਦਲ ਬਸਪਾ ਨੂੰ ਵੋਟ ਦਿੱਤੀ ਹੈ ਤੇ ਭਵਿੱਖ ’ਚ ਗਠਜੋੜ ਦੀ ਸਰਕਾਰ ਬਣਨ ਉਪਰੰਤ ਬਿਨਾਂ ਕਿਸੇ ਭੇਦਭਾਵ ਦੇ ਸਭ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਬਸਪਾ ਦੇ ਵਰਕਰਾਂ ਤੇ ਆਗੂਆਂ ਵੱਲੋਂ ਚੋਣ ਮੁਹਿੰਮ ਦੌਰਾਨ ਦਿਨ-ਰਾਤ ਮਿਹਨਤ ਕੀਤੀ ਹੈ।