ਨਵੀਂ ਦਿੱਲੀ, 12 ਮਈ
ਮੁੱਖ ਅੰਸ਼
- ਮੁਲਾਜ਼ਮ ਖਾਲੀ ਸਮੇਂ ਵਿੱਚ ਤੇ ਪਰਉਪਕਾਰ ਵਜੋਂ ਹੀ ਦੇ ਸਕਣਗੇ ਸੇਵਾਵਾਂ
- ਅਮਲਾ ਤੇ ਸਿਖਲਾਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਫੌਰੀ ਲਾਗੂ
ਕੇਂਦਰ ਸਰਕਾਰ ਨੇ ਦੇਸ਼ ਵਿੱਚ ਕੋਵਿਡ-19 ਕੇਸਾਂ ’ਚ ਅਸਾਧਾਰਨ ਵਾਧੇ ਦੇ ਹਵਾਲੇ ਨਾਲ ਮਾਨਤਾਪ੍ਰਾਪਤ ਯੋਗਤਾ ਰੱਖਣ ਵਾਲੇ ਆਪਣੇ ਮੁਲਾਜ਼ਮਾਂ ਨੂੰ ਮੈਡੀਕਲ ਪ੍ਰੈਕਟਿਸ ਜਾਂ ਟੈਲੀਕੰਸਲਟੇਸ਼ਨ (ਫੋਨ/ਵਰਚੁਅਲ ਡਾਕਟਰੀ ਸਲਾਹ ਮਸ਼ਵਰੇ) ਦੀ ਆਗਿਆ ਦੇ ਦਿੱਤੀ ਹੈ। ਅਮਲਾ ਤੇ ਸਿਖਲਾਈ ਵਿਭਾਗ (ਡੀਓਪੀਟੀ) ਵੱਲੋਂ ਜਾਰੀ ਹੁਕਮਾਂ, ਜੋ ਕਿ ਫੌਰੀ ਅਮਲ ਵਿੱਚ ਆ ਗਏ ਹਨ, ਵਿੱਚ ਹਾਲਾਂਕਿ ਸਾਫ਼ ਕਰ ਦਿੱਤਾ ਗਿਆ ਹੈ ਕਿ ਅਜਿਹੀ ਪ੍ਰੈਕਟਿਸ ਆਪਣੇ ਖਾਲੀ ਸਮੇਂ ਵਿੱਚ ਹੀ ਕੀਤੀ ਜਾ ਸਕੇਗੀ ਤੇ ਖ਼ਾਲਸ ਪਰਉਪਕਾਰ/ਖੈਰਾਤੀ ਅਧਾਰ ’ਤੇ ਹੋਵੇਗੀ ਤੇ ਇਸ ਨਾਲ ਸਰਕਾਰੀ ਡਿਊਟੀ ਅਸਰਅੰਦਾਜ਼ ਨਾ ਹੁੰਦੀ ਹੋਵੇੇ।
ਡੀਓਪੀਟੀ ਵਿਭਾਗ ਨੇ ਗ੍ਰਹਿ ਮੰਤਰਾਲੇ ਦੇ 57 ਸਾਲ ਪੁਰਾਣੇ ਹੁਕਮਾਂ ਦੇ ਹਵਾਲੇ ਨਾਲ ਕਿਹਾ ਕਿ ਵਿਭਾਗ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਕਰੋਨਾ ਮਹਾਮਾਰੀ ਦਰਮਿਆਨ ਪ੍ਰੈਕਟਿਸ ਕਰਨ ਤੇ ਟੈਲੀਕੰਸਲਟੇਸ਼ਨ ਸੇਵਾਵਾਂ ਮੁਹੱਈਆ ਕਰਵਾਉਣ ਸਬੰਧੀ ਸਵਾਲ ਪੁੱਛੇ ਜਾ ਰਹੇ ਸਨ। ਵਿਭਾਗ ਨੇ ਹੁਕਮਾਂ ਵਿੱਚ ਕਿਹਾ, ‘‘ਕੋਵਿਡ-19 ਕੇਸਾਂ ਵਿੱਚ ਅਸਾਧਾਰਨ ਵਾਧੇ ਨੂੰ ਵੇਖਦਿਆਂ, ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਤੇ ਲੋਕਾਂ ਨੂੰ ਰਾਹਤ ਦੇੇਣ ਦੇ ਇਰਾਦੇ ਨਾਲ ਸਰਕਾਰ ਨੇ ਆਪਣੇ ਕੋਲ ਮੁਲਾਜ਼ਮਾਂ ਦੇ ਰੂਪ ਵਿੱਚ ਮੌਜੂਦ ਸਮਰੱਥਾ ਨੂੰ ਇਸ ਪਾਸੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਜਿਨ੍ਹਾਂ ਮੁਲਾਜ਼ਮਾਂ ਕੋਲ ਮੈਡੀਸਨ ਦੀ ਕਿਸੇ ਵੀ ਵੰਨਗੀ ’ਚ ਮਾਨਤਾ ਪ੍ਰਾਪਤ ਯੋਗਤਾ ਹੈ, ਨੂੰ ਪ੍ਰੈਕਟਿਸ ਕਰਨ/ਟੈਲੀਕੰਸਲਟੇਸ਼ਨ ਮੁਹੱਈਆ ਕਰਵਾਉਣ ਲਈ ਆਪਣੇ ਵਿਭਾਗਾਂ ਦੇ ਮੁਖੀਆਂ ਤੋਂ ਪ੍ਰਵਾਨਗੀ ਲੈਣ ਦੀ ਕੋਈ ਲੋੜ ਨਹੀਂ ਹੈ।’ ਹੁਕਮਾਂ ਮੁਤਾਬਕ ਸਰਕਾਰੀ ਮੁਲਾਜ਼ਮ ਮਹਿਜ਼ ਰਿਕਾਰਡ ਦੇ ਮੰਤਵਾਂ ਲਈ ਆਪਣੇ ਸਬੰਧਤ ਵਿਭਾਗਾਂ ਨੂੰ ਸੂਚਿਤ ਜ਼ਰੂਰ ਕਰਨਗੇ। ਅਮਲਾ ਤੇ ਸਿਖਲਾਈ ਵਿਭਾਗ ਵੱਲੋਂ ਜਾਰੀ ਹੁਕਮ ਫੌਰੀ ਅਮਲ ਵਿੱਚ ਆ ਗਏ ਹਨ। ਉਂਜ ਵਿਭਾਗ ਨੇ ਆਪਣੇ ਹੁਕਮਾਂ ਵਿੱਚ ਗ੍ਰਹਿ ਮੰਤਰਾਲੇ ਦੇ 29 ਫਰਵਰੀ 1964 ਦੇ ਹੁਕਮਾਂ ਦਾ ਵੀ ਜ਼ਿਕਰ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਵਿਭਾਗੀ ਮੁਖੀ ਦੀ ਪ੍ਰਵਾਨਗੀ ਨਾਲ ਕੇਂਦਰ ਸਰਕਾਰ ਦੇ ਮੁਲਾਜ਼ਮ, ਜਿਨ੍ਹਾਂ ਕੋਲ ਮਾਨਤਾ ਪ੍ਰਾਪਤ ਯੋਗਤਾ ਹੈ, ਮੈਡੀਸਨ ਦੀ ਕਿਸੇੇ ਵੀ ਵੰਨਗੀ ’ਚ ਪ੍ਰੈਕਟਿਸ ਕਰ ਸਕਦੇ ਹਨ। -ਪੀਟੀਆਈ
ਅਸਾਮ ’ਚ ਸਾਰੇ ਦਫ਼ਤਰ, ਧਾਰਮਿਕ ਥਾਵਾਂ ਤੇ ਹਫ਼ਤਾਵਾਰੀ ਮਾਰਕੀਟਾਂ 15 ਦਿਨਾਂ ਲਈ ਬੰਦ
ਗੁਹਾਟੀ: ਅਸਾਮ ਸਰਕਾਰ ਨੇ ਸੂਬੇ ਵਿੱਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਸੂਬੇ ਦੇ ਸਾਰੇ ਸ਼ਹਿਰੀ ਤੇ ਨੀਮ ਸ਼ਹਿਰੀ ਇਲਾਕਿਆਂ ਵਿੱਚ ਸਾਰੇ ਦਫ਼ਤਰਾਂ, ਧਾਰਮਿਕ ਅਸਥਾਨਾਂ ਤੇ ਹਫ਼ਤਾਵਾਰੀ ਮਾਰਕੀਟਾਂ ਨੂੰ ਅਗਲੇੇ 15 ਦਿਨਾਂ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਬਾਅਦ ਦੁਪਹਿਰ ਦੋ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲੋਕਾਂ ਦੀ ਆਵਾਜਾਈ ’ਤੇ ਵੀ ਮੁਕੰਮਲ ਪਾਬੰਦੀ ਰਹੇਗੀ। ਸੂਬੇ ਦੇ ਮੁੱਖ ਸਕੱਤਰ ਜਿਸ਼ਨੂ ਬਰੂਆ ਨੇ ਕਿਹਾ ਕਿ ਨਿਗਮਾਂ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਸ਼ਹਿਰੀ ਤੇ ਨੀਮ ਸ਼ਹਿਰੀ ਇਲਾਕਿਆਂ ’ਚ ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰੇੇ ਬੰਦ ਦੁਪਹਿਰ ਇਕ ਵਜੇ ਤੱਕ ਬੰਦ ਹੋ ਜਾਣਗੇ। ਉਨ੍ਹਾਂ ਕਿਹਾ, ‘‘ਮੁਕੰਮਲ ਲੌਕਡਾਊਨ ਵੀ ਇਕ ਬਦਲ ਹੈ, ਪਰ ਅਸੀਂ ਪੜਾਅਵਾਰ ਸਖ਼ਤੀ ਕਰਾਂਗੇ। ਸਾਨੂੰ ਆਸ ਹੈ ਕਿ ਸੂਬਾ ਸਰਕਾਰ ਵੱਲੋਂ ਕੀਤੇ ਉਪਰਾਲੇ ਅਗਲੇ ਦੋ-ਤਿੰਨ ਦਿਨਾਂ ’ਚ ਕੰਮ ਕਰਨਗੇੇ।’ -ਪੀਟੀਆਈ
ਪੰਜਾਬ: ਪੰਜ ਜ਼ਿਲ੍ਹਿਆਂ ਵਿਚ ਮਹੀਨੇ ’ਚ ਲੱਖ ਤੋਂ ਵੱਧ ਕੇਸ
ਚੰਡੀਗੜ੍ਹ (ਟਨਸ): ਪੰਜ ਜ਼ਿਲ੍ਹੇ ਪੰਜਾਬ ਲਈ ਵੱਡੀ ਚਿੰਤਾ ਬਣੇ ਹੋਏ ਹਨ ਜਿੱਥੇ ਇਕ ਮਹੀਨੇ ਵਿਚ ਕਰੋਨਾ ਦੇ 1.07 ਲੱਖ ਕੇਸ ਸਾਹਮਣੇ ਆਏ ਹਨ। ਪਿਛਲੇ ਇਕ ਮਹੀਨੇ ਵਿਚ 1407 ਮੌਤਾਂ ਇਨ੍ਹਾਂ ਜ਼ਿਲ੍ਹਿਆਂ ਵਿਚ ਹੋਈਆਂ ਹਨ। ਗੁਜ਼ਰੇ ਮਹੀਨੇ ਵਿਚ ਰਾਜ ਵਿਚ ਕੁੱਲ 1.83 ਲੱਖ ਕੇਸ ਮਿਲੇ ਹਨ ਤੇ 3359 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿਚੋਂ 58.7 ਪ੍ਰਤੀਸ਼ਤ ਕੇਸ ਲੁਧਿਆਣਾ, ਐੱਸਏਐੱਸ ਨਗਰ ਮੁਹਾਲੀ, ਜਲੰਧਰ, ਪਟਿਆਲਾ ਤੇ ਬਠਿੰਡਾ ਵਿਚ ਪਾਜ਼ੇਟਿਵ ਮਿਲੇ ਹਨ। ਜਦਕਿ ਕੁੱਲ ਮੌਤਾਂ ਵਿਚੋਂ 42 ਪ੍ਰਤੀਸ਼ਤ ਇਨ੍ਹਾਂ ਪੰਜ ਜ਼ਿਲ੍ਹਿਆਂ ਵਿਚ ਹੋਈਆਂ ਹਨ। ਲੁਧਿਆਣਾ ਵਿਚ ਸਭ ਤੋਂ ਵੱਧ 36,357 ਕੇਸ ਮਿਲੇ ਹਨ ਤੇ 398 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਐੱਸਏਐੱਸ ਨਗਰ ਵਿਚ 25,147 ਕੇਸ ਮਿਲੇ ਹਨ ਤੇ 237 ਮੌਤਾਂ ਹੋਈਆਂ ਹਨ। ਜਲੰਧਰ ਵਿਚ 16,067 ਕੇਸ ਮਿਲੇ ਹਨ ਤੇ 195 ਮੌਤਾਂ, ਬਠਿੰਡਾ ਵਿਚ 15,455 ਕੇਸ ਅਤੇ 279 ਮੌਤਾਂ, ਪਟਿਆਲਾ ਵਿਚ 14,435 ਕੇਸ ਅਤੇ 298 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਪਾਜ਼ੇਟਿਵ ਕੇਸਾਂ ਦੀ ਦਰ ਵੀ ਕਾਫ਼ੀ ਹੈ। ਪੂਰੇ ਸੂਬੇ ਦੀ ਇਹ ਦਰ 13.7 ਪ੍ਰਤੀਸ਼ਤ ਹੈ ਜਦਕਿ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿਚ ਇਹ ਦਰ 20 ਪ੍ਰਤੀਸ਼ਤ ਹੈ। ਪੰਜਾਬ ’ਚ ਹਰ 100 ਕੇਸਾਂ ਮਗਰ 2.4 ਮੌਤਾਂ ਹੋ ਰਹੀਆਂ ਹਨ।