ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਅਕਤੂਬਰ
ਪਿਛਲੇ ਦਿਨੀਂ ਮੀਂਹ ਪੈਣ ਤੋਂ ਬਾਅਦ ਉਸਾਰੀ ਅਧੀਨ ਵਿਕਾਸ ਕਾਰਜਾਂ ਦੌਰਾਨ ਸੜਕਾਂ ਧੱਸਣ ਦੇ ਮਾਮਲੇ ਵਿੱਚ ਅੱਜ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਦੋ ਠੇਕੇਦਾਰ ਕਬੀਰ ਕੰਸਟਰਕਸ਼ਨ ਕੰਪਨੀ ਅਤੇ ਸੁਰੇਸ਼ ਕੁਮਾਰ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਗਿਆ ਹੈ, ਜਿਨ੍ਹਾ ਵੱਲੋਂ ਸ਼ਿਵਾਜੀ ਨਗਰ ਅਤੇ ਹੈਬੋਵਾਲ ਵਿੱਚ ਚੱਲ ਰਹੇ ਕਾਰਜਾਂ ਦੌਰਾਨ ਅਣਗਹਿਲੀ ਵਰਤੀ ਗਈ ਅਤੇ ਰਾਹ ਜਾਂਦੇ ਯਾਤਰੀ ਦੁਰਘਟਨਾ ਦੇ ਸ਼ਿਕਾਰ ਹੋਏ। ਨੋਟਿਸ ਵਿੱਚ ਕਮਿਸ਼ਨਰ ਨੇ ਉਨ੍ਹਾਂ ਨੂੰ ਜਵਾਬ ਦਾਖਲ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਉਹ ਜਵਾਬ ਦੇਣ ਵਿੱਚ ਅਸਫਲ ਰਹਿੰਦੇ ਹਨ ਜਾਂ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦਿੰਦੇ ਹਨ, ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਬੀਰ ਕੰਸਟਰਕਸ਼ਨ ਕੰਪਨੀ ਵੱਲੋਂ ਨਿਊ ਸ਼ਿਵਾਜੀ ਨਗਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਚੱਲ ਰਿਹਾ ਸੀ ਅਤੇ ਉਸ ਵੱਲੋਂ ਉਸਾਰੀ ਦੇ ਕੰਮ ਸਬੰਧੀ ਕੋਈ ਸਾਈਨ ਬੋਰਡ ਜਾਂ ਬੈਰੀਕੇਡ ਨਹੀਂ ਲਗਾਏ ਗਏ ਸਨ ਜਿਸ ਕਾਰਨ ਐਕਟਿਵਾ ਸਵਾਰ ਬੁਰੀ ਤਰ੍ਹਾਂ ਸੜਕ ’ਤੇ ਡਿੱਗ ਪਿਆ। ਇਸੇ ਤਰ੍ਹਾਂ ਇੱਕ ਪਿਉ-ਪੱਤਰ ਹੈਬੋਵਾਲ ਵਿੱਚ ਇੱਕ ਸੜਕ ਦੁਰਘਟਨਾ ਦਾ ਸ਼ਿਕਾਰ ਹੋਏ ਜਿੱਥੇ ਸੁਰੇਸ਼ ਕੁਮਾਰ ਠੇਕੇਦਾਰ ਕੰਮ ਚਲਾ ਰਿਹਾ ਸੀ। ਨਗਰ ਨਿਗਮ ਕਮਿਸ਼ਨਰ ਸੱਭਰਵਾਲ ਨੇ ਕਿਹਾ ਕਿ ਦੋਵਾਂ ਘਟਨਾਵਾਂ ਤੋਂ ਇਹ ਜਾਪਦਾ ਹੈ ਕਿ ਦੋਵੇਂ ਠੇਕੇਦਾਰ ਨਿਰਮਾਣ ਸਥਾਨਾਂ ’ਤੇ ਨਿਗਮ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ ਹਨ।