ਨਵੀਂ ਦਿੱਲੀ, 12 ਮਈ
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੋਕ ਸਭਾ ਮੈਂਬਰ ਕੁੰਵਰ ਦਾਨਿਸ਼ ਅਲੀ ਨੇ ਕਰੋਨਾ ਕਾਰਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਦੇ ਕਈ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀ ਮੌਤ ਹੋਣ ਮਗਰੋਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਯੂਨੀਵਰਸਿਟੀ ਦਾ ਜਾਇਜ਼ਾ ਲੈਣ ਲਈ ਇੱਕ ਕੇਂਦਰ ਟੀਮ ਯੂਨੀਵਰਸਿਟੀ ਭੇਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਇੱਕ ਸਦੀ ਵਿੱਚ ਸਭ ਤੋਂ ਚੁਣੌਤੀ ਭਰੇ ਸਮੇਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦਸੰਬਰ ਵਿੱਚ ਸੌ ਸਾਲ ਪੂਰੇ ਕਰਨ ਵਾਲੀ ਯੂਨੀਵਰਸਿਟੀ ਵਿੱਚ ਸਮਾਗਮ ਦੌਰਾਨ ਉਨ੍ਹਾਂ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ ਸੀ। ਲੋਕ ਸਭਾ ਮੈਂਬਰ ਦਾਨਿਸ਼ ਅਲੀ ਨੇ ਕਿਹਾ ਕਿ ਏਐੱਮਯੂ ਵਿੱਚ ਹਾਲਾਤ ਦਾ ਜਾਇਜ਼ਾ ਲੈਣ ਅਤੇ ਬਿਨਾਂ ਦੇਰੀ ਦੇ ਫੌਰੀ ਕਦਮ ਚੁੱਕਣ ਲਈ ਇਹ ਜ਼ਰੂਰੀ ਹੈ ਕਿ ਕੇਂਦਰੀ ਸਿਹਤ ਵਿਭਾਗ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨਾਲ ਸਬੰਧਤ ਮੈਂਬਰਾਂ ਦੀ ਇੱਕ ਟੀਮ ਇੱਥੇ ਭੇਜੀ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਹੈ ਕਿ ਇਸ ਯੂਨੀਵਰਸਿਟੀ ਅਧੀਨ ਆਉਣ ਵਾਲੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਵਿੱਚ ਸਿਹਤ ਵਿਭਾਗ ਦੇ ਜ਼ਰੂਰੀ ਉਪਕਰਨਾਂ ਨੂੰ ਖਰੀਦਣ ਲਈ ਲੌੜੀਂਦੇ ਫੰਡ ਛੇਤੀ ਰਿਲੀਜ਼ ਕੀਤੇ ਜਾਣ। -ਪੀਟੀਆਈ