ਜੋਗਿੰਦਰ ਸਿੰਘ ਮਾਨ
ਮਾਨਸਾ, 9 ਮਈ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰਾਜ ਦੇ ਸਾਰੇ ਵਿਧਾਇਕਾਂ ਨੂੰ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਵੇਲੇ ਮਾਲਵਾ ਖੇਤਰ ’ਚ ਉਤਸ਼ਾਹ ਨਾਲ ਸਮੱਸਿਆਵਾਂ ਦਾ ਵੇਰਵਾ ਵਿਧਾਇਕਾਂ, ਵਜ਼ੀਰਾਂ ਤੇ ਉਨ੍ਹਾਂ ਨਾਲ ਸਬੰਧਤ ਮੁੱਖ ਆਗੂਆਂ ਨੂੰ ਸੌਂਪੇ ਗਏ। ਜਥੇਬੰਦੀਆਂ ਨੇ ਮੰਗ ਪੱਤਰ ਰਾਹੀਂ ਵਿਧਾਇਕਾਂ ਨੂੰ 25 ਮਈ ਤੱਕ ਦਾ ਕਿਸਾਨੀ ਮਸਲਿਆਂ ਸਬੰਧੀ ਹੱਲ ਕਰਨ ਦੀ ਮੋਹਲਤ ਦਿੱਤੀ ਹੈ ਤੇ ਉਸ ਤੋਂ ਬਾਅਦ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਮਾਨਸਾ ’ਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਦੀ ਅਗਵਾਈ ਹੇਠ ਇਹ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮੰਗ ਪੱਤਰ ਪੂਰੇ ਮਾਲਵਾ ਖੇਤਰ ’ਚ ਕਿਸਾਨਾਂ ਵੱਲੋਂ ਦੇਣ ਦੀਆਂ ਰਿਪੋਰਟਾਂ ਹਨ, ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਇਹ ਮੰਗ ਪੱਤਰ ਪੂਰੇ ਪੰਜਾਬ ’ਚ ਸਾਰੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਸੌਂਪੇ ਗਏ ਹਨ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਨਾਜ ਮੰਡੀ ਮਾਨਸਾ ਤੋਂ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਰੈਲੀ ਕਰਕੇ ਟਰੈਕਟਰਾਂ, ਗੱਡੀਆਂ ਤੇ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਸੈਕੜੇ ਲੋਕਾਂ ਵੱਲੋਂ ਰੋਸ ਮਾਰਚ ਕਰਕੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇਹ ਮੰਗ ਪੱਤਰ ਸਿਹਤ ਮੰਤਰੀ ਦੇ ਪੀ.ਏ ਵੱਲੋਂ ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਕਿਸਾਨ ਜਥੇਬੰਦੀਆਂ ਤੋਂ ਲਿਆ। ਜਥੇਬੰਦੀਆਂ ਨੇ ਕਣਕ ਦਾ ਝਾੜ ਘਟਣ ਕਰਕੇ 10 ਹਜ਼ਾਰ ਰੁਪਏ ਤੇ ਕੁਦਰਤੀ ਅੱਗ ਲੱਗਣ ਕਾਰਨ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਤੇ ਆਰਥਿਕ ਤੌਰ ’ਤੇ ਟੁੱਟ ਚੁੱਕੇ ਕਿਸਾਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਨੂੰ ਵਿਆਜ ਮੁਕਤ 6 ਮਹੀਨੇ ਪਿੱਛੇ ਪਾਉਣ ਦੀ ਮੰਗ ਕੀਤੀ ਗਈ।
ਸ੍ਰੀ ਮੁਕਤਸਰ ਸਾਹਿਬ (ਨਿਜੀ ਪੱਤਰ ਪ੍ਰੇਰਕ) ‘ਸੰਯੁਕਤ ਕਿਸਾਨ ਮੋਰਚਾ’ ਦੀ ਅਗਵਾਈ ਹੇਠ ਬੀ.ਕੇ.ਯੂ. ਕਾਦੀਆਂ ਦੇ ਜਗਦੇਵ ਸਿੰਘ ਕਾਨਿਆਂਵਾਲੀ, ਨਿਮਲ ਸਿੰਘ ਸੰਗੂਧੌਣ, ਹਰਪਾਲ ਡੋਹਕ, ਕਿਰਤੀ ਕਿਸਾਨ ਯੂਨੀਅਨ ਦੇ ਜਸਵਿੰਦਰ ਸਿੰਘ ਝਬੇਲਵਾਲੀ, ਬਲਵਿੰਦਰ ਥਾਂਦੇਵਾਲਾ, ਲੱਖਾ ਵੜਿੰਗ, ਜਗਮੀਤ ਕੋਟਲੀ, ਬੀ.ਕੇ.ਯੂ. ਡਕੌਂਦਾ ਖੁਸ਼ਵੰਤ ਬਾਹਲਾ ਹਰੀਕੇ, ਪੂਰਨ ਵੱਟੂ, ਕੁਲਦੀਪ ਮਰਾੜ੍ਹ ਕਲਾਂ, ਬੀ.ਕੇ.ਯੂ. ਲੱਖੋਵਾਲ ਦੇ ਗੁਰਮੀਤ ਲੰਬੀ ਢਾਬ ਆਦਿ ਨੇ ਮੰਗਾਂ ਲਈ ਮੁਜ਼ਾਹਰਾ ਕਰਦਿਆਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਦਿਆਂ ਮੰਗ ਕੀਤੀ ਕਿ ਕਰਜ਼ੇ ਦੀਆਂ ਕਿਸ਼ਤਾਂ ਛੇ ਮਹੀਨੇ ਪਿੱਛੇ ਪਾਈਆਂ ਜਾਣ ਤੇ ਛੇ ਮਹੀਨਿਆਂ ਦਾ ਵਿਆਜ਼ ਮੁਆਫ ਕੀਤਾ ਜਾਵੇ|
ਮਹਿਲ ਕਲਾਂ (ਪੱਤਰ ਪ੍ਰੇਰਕ) ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਇਲਾਕੇ ’ਚ ਕਿਸਾਨ ਜਥੇਬੰਦੀਆਂ ਨੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕੀਤਾ ਤੇ ਵਿਧਾਇਕ ਦੀ ਗੈਰ-ਹਾਜ਼ਰੀ ’ਚ ਮੰਗ ਪੱਤਰ ਉਸਦੇ ਪੀਏ ਬਿੰਦਰ ਸਿੰਘ ਨੂੰ ਸੌਂਪਿਆ ਗਿਆ।
ਸਰਦੂਲਗੜ੍ਹ (ਪੱਤਰ ਪ੍ਰੇਰਕ) ਸੰਯੁਕਤ ਕਿਸਾਨ ਮੋਰਚੇ ਦੀਆਂ 16 ਜਥੇਬੰਦੀਆਂ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਹਲਕਾ ਵਿਧਾਇਕਾ ਤੇ ਸਰਕਾਰੀ ਅਧਿਕਾਰੀਆਂ ਨੂੰ ਕਿਸਾਨੀ ਮੰਗਾਂ, ਪਾਣੀ ਦੀ ਸੰਭਾਲ, ਬਿਜਲੀ ਦੀ ਸੱਮਸਿਆ, ਐੱਮਐਸਪੀ ਦੀ ਗਰੰਟੀ ਆਦਿ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤੇ। ਸਰਦੂਲਗੜ੍ਹ ਦੀਆਂ ਕਿਸਾਨ ਜਥੇਬੰਦੀਆਂ ਨੇ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਮੰਗ ਪੱਤਰ ਸੌਂਪਿਆ।
ਕਿਸਾਨ ਟਰੈਕਟਰ-ਟਰਾਲੀਆਂ ਸਣੇ 17 ਨੂੰ ਚੰਡੀਗੜ੍ਹ ਵੱਲ ਪਾਉਣਗੇ ਚਾਲੇ
ਮੋਗਾ (ਨਿਜੀ ਪੱਤਰ ਪ੍ਰੇਰਕ) ਪਿੰਡ ਜਲਾਲਾਬਾਦ ਪੂਰਬੀ ਵਿੱਚ ਬੀਕੇਯੂ ਕ੍ਰਾਂਤੀਕਾਰੀ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕਿਸਾਨਾਂ ਦੇ ਭਖ਼ਦੇ ਮਸਲਿਆਂ ਕਣਕ ’ਤੇ ਬੋਨਸ, ਡਿਫ਼ਾਲਟਰ ਕਿਸਾਨਾਂ ਦੇ ਬੈਂਕਾਂ ਵੱਲੋਂ ਕੱਢੇ ਜਾ ਰਹੇ ਗ੍ਰਿਫ਼ਤਾਰੀ ਵਾਰੰਟਾਂ ਖ਼ਿਲਾਫ਼ ਤੇ ਹੋਰ 33 ਮੰਗਾਂ ਮਨਵਾਉਣ ਲਈ ਟਰੈਕਟਰ ਟਰਾਲੀਆਂ ਨਾਲ 17 ਮਈ ਨੂੰ ਚੰਡੀਗੜ੍ਹ ਵੱਲ ਚਾਲੇ ਪਾਉਣ ਦਾ ਫ਼ੈਸਲਾ ਲਿਆ ਗਿਆ। ਜਥੇਬੰਦੀ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਲਈ 17 ਅਪਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 10 ਦਿਨਾਂ ’ਚ ਦੁਬਾਰਾ ਮੀਟਿੰਗ ਕਰਕੇ ਮਸਲੇ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਨਾ ਕੋਈ ਮੀਟਿੰਗ ਸੱਦੀ ਨਾ ਕੋਈ ਮੰਗ ਮੰਨੀ। ਹੁਣ ਇਸ ਮੀਟਿੰਗ ’ਚ ਟਰੈਕਟਰ-ਟਰਾਲੀਆਂ ਨਾਲ 17 ਮਈ ਨੂੰ ਚੰਡੀਗੜ੍ਹ ’ਚ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਪੰਚਾਇਤੀ ਜ਼ਮੀਨਾਂ ਖਾਲੀ ਕਰਵਾਉਣ ਦੇ ਨਾ ਥੱਲੇ ਛੋਟੇ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। ਬੇਸੱਕ ਕੁਝ ਅਮੀਰ ਲੋਕਾਂ ਵੱਲੋ ਪੰਚਾਇਤੀ ਜ਼ਮੀਨਾਂ ਧੱਕੇ ਨਾਲ ਨੱਪੀਆਂ ਹੋਈਆਂ ਹਨ ਜੋ ਖਾਲੀ ਕਰਵਾਉਣੀਆਂ ਚਾਹੀਦੀਆਂ ਹਨ ਪਰ ਉਸ ਦੇ ਆਧਾਰ ’ਤੇ ਉਹ ਜ਼ਮੀਨਾਂ ਜੋ ਛੋਟੇ ਕਿਸਾਨਾਂ ਨੇ ਆਪ ਆਬਾਦ ਕੀਤੀਆਂ ਤੇ ਕਿਸੇ ਕੋਲ ਇੱਕ ਏਕੜ ਤੇ ਕਿਸੇ ਕੋਲ ਦੋ ਏਕੜ ਹਨ ਤੇ ਉਹ ਉਸ ’ਤੇ ਖੇਤੀ ਕਰਕੇ ਪਰਿਵਾਰ ਪਾਲ ਰਹੇ ਹਨ, ਉਨ੍ਹਾਂ ਨੂੰ ਵੀ ਉਜਾੜਿਆ ਜਾ ਰਿਹਾ ਹੈ।