ਕਾਂਗਰਸ ਹਾਈਕਮਾਨ ਨੇ ਕਈ ਦੁਚਿੱਤੀਆਂ ਅਤੇ ਵਿਰੋਧਭਾਸਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਕਦਮ ਚੁੱਕਿਆ ਹੈ ਜਿਸ ਬਾਰੇ ਸਿਆਸੀ ਮਾਹਿਰਾਂ ਦੇ ਵਿਚਾਰ ਤਿੱਖੇ ਰੂਪ ਵਿਚ ਵੰਡੇ ਹੋਏ ਹਨ; ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਕੁਝ ਸਿਆਸੀ ਮਾਹਿਰਾਂ ਅਨੁਸਾਰ ਆਪਣੀਆਂ ਸੀਮਾਵਾਂ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਸਾਹਮਣਾ ਕਰਨ ਲਈ ਬਿਹਤਰ ਸਥਿਤੀ ਵਿਚ ਸਨ। ਇਨ੍ਹਾਂ ਮਾਹਿਰਾਂ ਅਨੁਸਾਰ ਕਾਂਗਰਸ ਹਾਈਕਮਾਨ ਅਤੇ ਨਵਜੋਤ ਸਿੰਘ ਸਿੱਧੂ ਧੜੇ ਦਾ ਆਪਣੇ ਹੀ ਮੁੱਖ ਮੰਤਰੀ ਵਿਰੁੱਧ ਲਗਾਤਾਰ ਪ੍ਰਚਾਰ ਕਰਨਾ ਕਾਂਗਰਸ ਨੂੰ ਮਹਿੰਗਾ ਪੈ ਸਕਦਾ ਹੈ। ਮਾਹਿਰ ਇਹ ਸਵਾਲ ਵੀ ਪੁੱਛ ਰਹੇ ਹਨ ਕਿ ਪਾਰਟੀ ਨੇ ਵੋਟਾਂ ਤਾਂ ਸਰਕਾਰ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਲੈਣੀਆਂ ਹਨ ਅਤੇ ਸਿੱਧੂ, ਜੋ ਖ਼ੁਦ ਹੀ ਸਰਕਾਰ ਦਾ ਵੱਡਾ ਆਲੋਚਕ ਰਿਹਾ ਹੈ, ਪਾਰਟੀ ਲਈ ਵੋਟਾਂ ਕਿਸ ਆਧਾਰ ’ਤੇ ਮੰਗੇਗਾ; ਉਹ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਨੂੰ ਨਿਆਂਸੰਗਤ ਕਿਵੇਂ ਠਹਿਰਾਏਗਾ?
ਕੁਝ ਹੋਰ ਸਿਆਸੀ ਮਾਹਿਰਾਂ ਅਨੁਸਾਰ ਇਹ ਚੋਣ ਲਾਜ਼ਮੀ ਸੀ; ਇਕ ਦਿਨ ਕਾਂਗਰਸ ਨੂੰ ਪਾਰਟੀ ਦੀ ਕਮਾਨ ਅਗਲੀ ਪੀੜ੍ਹੀ ਨੂੰ ਸੌਂਪਣੀ ਪੈਣੀ ਸੀ ਤੇ ਹਾਈਕਮਾਨ ਦਾ ਫ਼ੈਸਲਾ ਸਹੀ ਹੈ। ਸਵਾਲ ਪੁੱਛਿਆ ਜਾ ਰਿਹਾ ਹੈ ਕਿ ਜੇ ਪਾਰਟੀ ਦੀ ਅਗਵਾਈ ਅਗਲੀ ਪੀੜ੍ਹੀ ਨੂੰ ਸੌਂਪਣੀ ਸੀ ਤਾਂ ਕਾਂਗਰਸ ਨੇ ਉਨ੍ਹਾਂ ਆਗੂਆਂ ਵਿਚੋਂ ਕਿਸੇ ਨੂੰ ਕਿਉਂ ਨਹੀਂ ਚੁਣਿਆ ਜੋ ਲੰਮਾ ਸਮਾਂ ਕਾਂਗਰਸ ’ਚ ਰਹੇ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਚਾਰ ਨਵੇਂ ਕਾਰਜਕਾਰੀ ਪ੍ਰਧਾਨ ਬਣਾਉਣਾ ਹੈ। ਕੌਮੀ ਪੱਧਰ ’ਤੇ ਅਤੇ ਸੂਬਿਆਂ ਵਿਚ ਇਕ ਕਾਰਜਕਾਰੀ (Working) ਪ੍ਰਧਾਨ ਬਣਾਉਣ ਦੀ ਰਵਾਇਤ ਤਾਂ ਰਹੀ ਹੈ ਪਰ ਸੂਬੇ ਵਿਚ ਚਾਰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨਾ ਨਵੀਂ ਰਵਾਇਤ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਨਵੇਂ ਕਾਰਜਕਾਰੀ ਪ੍ਰਧਾਨਾਂ ਦੀ ਕੀ ਜ਼ਿੰਮੇਵਾਰੀ ਹੋਵੇਗੀ ਅਤੇ ਉਨ੍ਹਾਂ ਨੂੰ ਸੂਬੇ ਅਤੇ ਕਾਂਗਰਸ ਦੀ ਸਿਆਸਤ ਵਿਚ ਕੋਈ ਨਿਰਣਾਇਕ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਜਾਵੇਗਾ ਜਾਂ ਉਨ੍ਹਾਂ ਨੂੰ ਸਿਰਫ਼ ਕੁਝ ਇਲਾਕਿਆਂ, ਵਰਗਾਂ ਆਦਿ ਦੀ ਨੁਮਾਇੰਦਗੀ ਦੇਣ ਲਈ ਹੀ ਨਿਯੁਕਤ ਕੀਤਾ ਗਿਆ ਹੈ। ਪੁਆਧ, ਦੁਆਬੇ, ਮਾਝੇ ਅਤੇ ਮਾਲਵੇ ਦੇ ਇਲਾਕਿਆਂ ਤੇ ਪੱਛੜੀਆਂ ਅਤੇ ਅਨੁਸੂਚਿਤ ਜਾਤਾਂ ਤੇ ਹਿੰਦੂ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਦੇ ਇਸ ਸੰਕੇਤਕ ਯਤਨ ਦੇ ਸਿਆਸੀ ਪ੍ਰਭਾਵ ਬਾਰੇ ਅੰਦਾਜ਼ਾ ਲਗਾਉਣਾ ਅਜੇ ਮੁਸ਼ਕਿਲ ਹੈ।
ਕਾਂਗਰਸ ਵਾਸਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਕੈਪਟਨ ਅਤੇ ਸਿੱਧੂ ਆਪਣੇ ਭੇਦ-ਭਾਵ ਭੁਲਾ ਕੇ ਪਾਰਟੀ ਨੂੰ ਅਜਿਹੀ ਸੰਗਠਿਤ ਟੀਮ ਦੇ ਸਕਦੇ ਹਨ ਜੋ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਜਿੱਤ ਦਿਵਾ ਸਕੇ। ਜਿੱਤ ਵਾਸਤੇ ਆਗੂਆਂ ਦੀ ਏਕਤਾ ਜ਼ਰੂਰੀ ਹੈ। ਕੈਪਟਨ ਨੇ ਸਿੱਧੂ ਨੂੰ ਮਿਲਣ ਤੋਂ ਪਹਿਲਾਂ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਦੀ ਸ਼ਰਤ ਰੱਖੀ ਹੈ। ਸਿੱਧੂ ਵਾਸਤੇ ਵੱਡੀ ਮੁਸ਼ਕਲ ਕੈਪਟਨ ਨਾਲ ਆਪਣੇ ਰਿਸ਼ਤਿਆਂ ਦੀ ਕੁੜੱਤਣ ਨੂੰ ਖ਼ਤਮ ਕਰਨਾ ਹੈ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੇ ਬਾਵਜੂਦ ਕਾਂਗਰਸ ਹਾਈਕਮਾਨ ਅਨੁਸਾਰ ਚੋਣਾਂ ਕੈਪਟਨ ਦੀ ਅਗਵਾਈ ਵਿਚ ਲੜੀਆਂ ਜਾਣੀਆਂ ਹਨ। ਇਸ ਫੇਰਬਦਲ ਦੇ ਜੋ ਵੀ ਨਤੀਜੇ ਨਿਕਲਣ ਪਰ ਇਸ ਦਲੀਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਾਂਗਰਸ ਹਾਈਕਮਾਨ ਨੇ ਮਾਮਲੇ ਨੂੰ ਸੁਲਝਾਉਣ ਦੇ ਯਤਨ ਵਿਚ ਕਈ ਉਲਝਣਾਂ ਪੈਦਾ ਕਰ ਦਿੱਤੀਆਂ ਹਨ; ਇਨ੍ਹਾਂ ਵਿਚ ਪਾਰਟੀ ਦਾ ਕਈ ਪੱਧਰਾਂ ’ਤੇ ਵੰਡੇ ਜਾਣਾ ਵੀ ਸ਼ਾਮਲ ਹੈ। ਸਿੱਧੂ ਅਤੇ ਉਸ ਦੀ ਟੀਮ ਸਾਹਮਣੇ ਚੁਣੌਤੀ ਬਣੀ ਰਹੇਗੀ ਕਿ ਉਹ ਇਨ੍ਹਾਂ ਉਲਝਣਾਂ ਅਤੇ ਵੰਡੀਆਂ ਨੂੰ ਕਿਵੇਂ ਦੂਰ ਕਰਦੀ ਹੈ।