ਇਕਬਾਲ ਸਿੰਘ ਸ਼ਾਂਤ
ਲੰਬੀ, 10 ਅਪਰੈਲ
ਮੰਡੀ ਕਿੱਲਿਆਂਵਾਲੀ ਦੇ ਇਕ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਟੈਂਟ ਡਿੱਗਣ ਕਾਰਨ ਪੰਜ ਬਰਾਤੀਆਂ ਸਣੇ ਸੱਤ ਜਣੇ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਦਰਜਨ ਤੋਂ ਵੱਧ ਮਹਿਮਾਨਾਂ ਦੇ ਹਲਕੀਆਂ ਸੱਟਾਂ ਵੱਜੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮੰਡੀ ਕਿੱਲਿਆਂਵਾਲੀ ਦੇ ਇਕ ਮੈਰਿਜ ਪੈਲੇਸ ਵਿੱਚ ਅਬੋਹਰ ਇਲਾਕੇ ਦੇ ਪਿੰਡ ਅਮਰਪੁਰਾ ਦੇ ਦੋ ਸਕੇ ਭਰਾਵਾਂ ਸੰਦੀਪ ਤੇ ਨਰੇਸ਼ ਦੀ ਬਾਰਾਤ ਆਈ ਹੋਈ ਸੀ। ਉਹ ਭਾਟੀ ਕਲੋਨੀ ਦੇ ਸੋਹਣ ਲਾਲ ਦੀਆਂ ਲੜਕੀਆਂ ਨੂੰ ਵਿਆਹੁਣ ਆਏ ਸਨ। ਬਾਰਾਤੀ ਨੰਦਰਾਮ ਨੇ ਦੱਸਿਆ ਕਿ ਵਿਆਹ ਸਮਾਗਮ ਵਧੀਆ ਤਰੀਕੇ ਚੱਲ ਰਿਹਾ ਸੀ। ਬਾਅਦ ਦੁਪਹਿਰ 2.30 ਵਜੇ ਦੇ ਕਰੀਬ ਇੱਕ ਹਵਾ ਦਾ ਬੁੱਲਾ ਆਇਆ, ਜਿਸ ਕਾਰਨ ਸਾਰਾ ਟੈਂਟ ਢਹਿ-ਢੇਰੀ ਹੋ ਗਿਆ। ਟੈੈਂਟ ਡਿੱਗਣ ਕਾਰਨ ਕਈ ਮਹਿਮਾਨਾਂ ਦੇ ਸਿਰ ’ਚ ਸੱਟ ਵੱਜੀ ਹੈ। ਉਨ੍ਹਾਂ ਪੈਲੇਸ ਦੇ ਪ੍ਰਬੰਧਕਾਂ ’ਤੇ ਲਾਪ੍ਰਵਾਹੀ ਦੇ ਦੋਸ਼ ਵੀ ਲਗਾਏ ਹਨ।
ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਮਨਫੂਲ ਰਾਮ, ਮੋੜੂ ਰਾਮ, ਪਤਰਾਮ, ਜਗਦੀਸ਼ ਕੁਮਾਰ, ਓਮਜੀ ਅਤੇ ਜਸਪ੍ਰੀਤ ਕੌਰ ਸਮੇਤ ਹੋਰ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਡੱਬਵਾਲੀ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਲਾੜਿਆਂ ਦੇ ਪਿਤਾ ਹਨੂੰਮਾਨ ਨੇ ਦੱਸਿਆ ਕਿ ਮੋੜੂ ਰਾਮ, ਜਗਦੀਸ਼ ਕੁਮਾਰ ਅਤੇ ਜਸਪ੍ਰੀਤ ਕੌਰ ਨੂੰ ਬਠਿੰਡਾ ਰੈਫ਼ਰ ਕੀਤਾ ਗਿਆ ਹੈ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਸੱਤ ਮਰੀਜ਼ ਲਿਆਂਦੇ ਗਏ ਸਨ ਜਿਨ੍ਹਾਂ ’ਚੋਂ ਛੇ ਨੂੰ ਸੀਟੀ ਸਕੈਨ ਲਈ ਰੈਫ਼ਰ ਕੀਤਾ ਗਿਆ ਹੈ ਜਦਕਿ ਇੱਕ ਮਰੀਜ਼ ਦੀ ਲੱਤ ’ਤੇ ਸੱਟ ਲੱਗੀ ਹੈ। ਉੱਧਰ, ਮੈਰਿਜ ਪੈਲੇਸ ਦੇ ਮਾਲਕ ਸੁਰਿੰਦਰ ਕੁਮਾਰ ਨੇ ਕਿਹਾ ਕਿ ਉਹ ਬਠਿੰਡਾ ਗਏ ਹੋਏ ਹਨ ਅਤੇ ਜਲਦੀ ਹੀ ਮੌਕੇ ’ਤੇ ਪੁੱਜ ਰਹੇ ਹਨ।