ਪੱਤਰ ਪ੍ਰੇਰਕ
ਪਾਇਲ, 29 ਅਗਸਤ
ਇਥੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਦਸਤਾਰਾਂ ਦਾ ਲੰਗਰ ਅਤੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਦਸਤਾਰ ਸਿਖਲਾਈ ਕੈਂਪ ਦੌਰਾਨ ਹਜ਼ਾਰਾਂ ਨੌਜਵਾਨਾਂ ਨੇ ਦਸਤਾਰ ਦੀ ਸਿਖਲਾਈ ਪ੍ਰਾਪਤ ਕੀਤੀ ਤੇ ਸੈਂਕੜੇ ਨੌਜਵਾਨਾਂ ਨੇ ਸਾਬਤ ਸੂਰਤ ਹੋਣ ’ਤੇ ਪੱਕੇ ਤੌਰ ’ਤੇ ਦਸਤਾਰ ਸਜਾਉਣ ਦਾ ਪ੍ਰਣ ਕੀਤਾ ਅਤੇ ਉਨ੍ਹਾਂ ਨੌਜਵਾਨਾਂ ਨੂੰ ਸੰਸਥਾਂ ਵੱਲੋਂ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਉੱਚ ਕੋਟੀ ਦੇ ਦਸਤਾਰ ਕੋਚਾਂ ਵੱਲੋਂ ਦਸਤਾਰ ਦੀ ਸਿਖਲਾਈ ਦਿੱਤੀ ਗਈ। ਇਸ ਮੌਕੇ ਸੰਪਰਦਾਇ ਦੇ ਮੌਜੂਦਾ ਮੁੱਖੀ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ, ਹੈੱਡ ਗ੍ਰੰਥੀ ਭਾਈ ਅਜਵਿੰਦਰ ਸਿੰਘ, ਰਣਧੀਰ ਸਿੰਘ ਢੀਂਡਸਾ, ਮਨਿੰਦਰਜੀਤ ਸਿੰਘ ਬਾਵਾ, ਗੁਰਨਾਮ ਸਿੰਘ ਅੜੈਚਾਂ, ਪਰਮਿੰਦਰ ਸਿੰਘ ਭੰਗੂ ਕੈਨੇਡਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਸਤਾਰ ਕੋਚ ਹਾਜ਼ਰ ਸਨ।