ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਫਰਵਰੀ
ਪੰਜਾਬੀ ਵਿਭਾਗ, ਦਿਆਲ ਸਿੰਘ ਕਾਲਜ ਵੱਲੋਂ ਗੁਰੂੁ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਬੇਗਮ ਪੁਰਾ ਸਹਿਰ ਕੋ ਨਾਓ’ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਪ੍ਰੋ. ਅਵਤਾਰ ਸਿੰਘ ਮੁੱਖ ਬੁਲਾਰਾ ਸਨ ਅਤੇ ਇਸ ਸਮੁੱਚੇ ਪ੍ਰੋਗਰਾਮ ਦੀ ਪ੍ਰਧਾਨਗੀ ਮਿਸਰਦੀਪ ਭਾਟੀਆ (ਚੈਅਰਮੇਨ, ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ.) ਨੇ ਕੀਤੀ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਸਰਵਜੀਤ ਸਿੰਘ ਵਿਰਕ (ਮੈਂਬਰ ਅੰਤ੍ਰਿਮ ਬੋਰਡ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਸ਼ਿਕਰਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਵਿਭਾਗ ਦੇ ਅਧਿਆਪਕ ਨਵਨੀਤ ਕੌਰ ਵੱਲੋਂ ਸ਼ਬਦ ਗਾਇਨ ਨਾਲ ਹੋਇਆ। ਇਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਪ੍ਰੋ. ਵਿਨੋਦ ਕੁਮਾਰ ਪਾਲੀਵਾਲ ਨੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਦਾ ਪੰਜਾਬੀ ਵਿਭਾਗ ਹਰ ਵੇਲੇ ਅਕਾਦਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਸਰਗਰਮ ਰਹਿੰਦਾ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਕਮਲਜੀਤ ਸਿੰਘ ਨੇ ਇਸ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕਰਦਿਆਂ ਵਿਭਾਗੀ ਗਤੀਵਿਧੀਆਂ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬੀ ਵਿਭਾਗ ਹਰ ਸਾਲ ਉੱਚ ਪੱਧਰੀ ਬੁੱਧੀਜੀਵੀਆਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਉਂਦਾ ਹੈ। ਇਸ ਤੋਂ ਬਾਅਦ ਮੁੱਖ ਮਹਿਮਾਨ ਸਰਵਜੀਤ ਸਿੰਘ ਵਿਰਕ ਨੇ ਗੁਰੁ ਰਵਿਦਾਸ ਦੇ ਜਨਮ ਦਿਹਾੜੇ ਦੀ ਸਾਰੇ ਸਰੋਤਿਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਆਪਣੇ ਵੱਲੋਂ ਕਾਲਜ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰੋ. ਅਵਤਾਰ ਸਿੰਘ ਨੇ ਗੁਰੂੁ ਰਵਿਦਾਸ ਦੀ ਬਾਣੀ ਅਤੇ ਜੀਵਨ ਉੁਪਰ ਆਪਣੇ ਵੱਡਮੁਲੇ ਵਿਚਾਰਾਂ ਦੀ ਪੇਸ਼ਕਾਰੀ ਕੀਤੀ। ਉਨ੍ਹਾਂ ਗੁਰੁ ਰਵਿਦਾਸ ਦੇ ਉਚਾਰੇ ਗਏ ਬੇਗਮ ਪੁਰਾ ਦੇ ਸੰਕਲਪ ਉਪਰ ਵਿਸਥਾਰ ਨਾਲ ਚਾਣਨਾ ਪਾਇਆ। ਇਸ ਤੋਂ ਬਾਅਦ ਪ੍ਰੋ. ਹਰਪਾਲ ਸਿੰਘ (ਫੈਲੋ, ਇੰਡੀਅਨ ਇੰਸਟੀਟਿਊਟ ਐਡਵਾਂਸ ਸਟੱਡੀ, ਸ਼ਿਮਲਾ) ਨੇ ਗੁਰੁ ਰਵਿਦਾਸ ਵੱਲੋਂ ਸੁਝਾਏ ਗਏ ਸਿਧਾਂਤਾਂ ਦੀ ਗੱਲ ਕੀਤੀ। ਇਸ ਤੋਂ ਬਾਅਦ ਵਿਭਾਗ ਦੇ ਸੀਨੀਅਰ ਅਧਿਆਪਕ ਪ੍ਰੋ. ਰਵਿੰਦਰ ਸਿੰਘ ਨੇ ਕਾਲਜ ਦੇ ਖੁੱਲ੍ਹਣ ਸਬੰਧੀ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਮਿਸਰਦੀਪ ਭਾਟੀਆ ਨੇ ਸੰਬੋਧਨ ਕੀਤਾ। ਇਸ ਮੌਕੇ ਹਰਜੀਤ ਸਿੰਘ ਪੱਪਾ, ਭਾਟੀਆ ਜੀ (ਮੈਂਬਰ ਗੁਰੂਦੁਆਰਾ ਸਿੱਖ ਪ੍ਰਬੰਧਕ ਕਮੇਟੀ), ਸੰਤ ਪ੍ਰੇਮ ਦਾਸ ਜੱਸਲ ਨੇ ਸ਼ਿਰਕਤ ਕੀਤੀ।