ਹਰਜੀਤ ਸਿੰਘ ਪਰਮਾਰ
ਬਟਾਲਾ, 10 ਅਪਰੈਲ
ਪਿੰਡ ਮੂਲਿਆਂਵਾਲ ਦੇ ਵਸਨੀਕ ਗੁਰਜੀਤ ਸਿੰਘ ਦਾ ਲੰਘੀ ਰਾਤ ਉਸ ਦੀ ਪਤਨੀ ਨਾਲ ਝਗੜਾ ਹੋਣ ਮਗਰੋਂ ਅੱਜ ਬਾਅਦ ਦੁਪਹਿਰ ਉਸ ਦੇ ਸਹੁਰਾ ਪਰਿਵਾਰ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਗੁਰਜੀਤ ਦੀ ਭੈਣ ਕੁਲਜੀਤ ਕੌਰ ਜ਼ਖ਼ਮੀ ਹੋ ਗਈ। ਹਮਲਾਵਰਾਂ ਨੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ। ਜ਼ਖ਼ਮੀ ਕੁਲਜੀਤ ਕੌਰ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਖ਼ਬਰ ਮਿਲਣ ’ਤੇ ਪਹੁੰਚੀ ਪੁਲੀਸ ਪਾਰਟੀ ਨੇ ਮੌਕੇ ’ਤੋਂ ਤਿੰਨ ਖਾਲੀ ਰੌਂਦ ਵੀ ਬਰਾਮਦ ਕੀਤੇ ਹਨ।
ਗੁਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਉਸ ਦਾ ਉਸ ਦੀ ਪਤਨੀ ਨਾਲ ਮਾਮੂਲੀ ਝਗੜਾ ਹੋਇਆ ਸੀ, ਜਿਸ ਮਗਰੋਂ ਉਸ ਦੀ ਪਤਨੀ ਨੇ ਫੋਨ ਕਰ ਕੇ ਆਪਣੇ ਰਿਸ਼ਤੇਦਾਰਾਂ ਨੂੰ ਸੱਦ ਲਿਆ। ਉਦੋਂ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ, ਪਰ ਅੱਜ ਬਾਅਦ ਦੁਪਹਿਰ ਉਨ੍ਹਾਂ ਘਰ ਵਿੱਚ ਦਾਖਲ ਹੋ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਉੱਧਰ, ਇਸ ਸਬੰਧੀ ਥਾਣਾ ਸਦਰ ਬਟਾਲਾ ਦੇ ਮੁਖੀ ਸਿਮਰਨਜੀਤ ਕੌਰ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਬਾਅਦ ਹਮਲੇ ਦਾ ਕਾਰਨ ਪਤੀ-ਪਤਨੀ ਵਿਚਾਲੇ ਝਗੜਾ ਹੋਣਾ ਹੈ। ਘਟਨਾ ਦੌਰਾਨ ਗੋਲੀ ਚੱਲਣ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਮੌਕਾ-ਏ-ਵਾਰਦਾਤ ਤੋਂ ਤਿੰਨ ਖਾਲੀ ਰੌਂਦ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਪੀੜਤ ਧਿਰ ਦੇ ਬਿਆਨ ਦਰਜ ਕਰ ਰਹੀ ਅਤੇ ਬਿਆਨਾਂ ਦੇ ਆਧਾਰ ’ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।