ਪੱਤਰ ਪ੍ਰੇਰਕ
ਤਰਨ ਤਾਰਨ, 12 ਜੁਲਾਈ
ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਯੂਨੀਅਨ, ਪੰਜਾਬ ਦੇ ਝੰਡੇ ਹੇਠ ਅੱਜ ਇਥੇ ਕੌਮੀ ਸ਼ਾਹ ਮਾਰਗ ਨੰਬਰ 54 ’ਤੇ ਮਾਝਾ ਕਾਲਜ ਫਾਰ ਵਿਮੈਨ ਸਾਹਮਣੇ ਧਰਨਾ ਦਿੱਤਾ ਗਿਆ। ਇਸ ਮੌਕੇ ‘ਜੂਗਾੜੂ ਮੋਟਰ ਸਾਈਕਲ ਰੇਹੜੀਆਂ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ। ਜਥੇਬੰਦੀ ਨੇ ਇਸ ਸਬੰਧੀ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਮਨੀਸ਼ ਕੁਮਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ|
ਧਰਨੇ ਵਿੱਚ ਜ਼ਿਲ੍ਹੇ ਭਰ ਤੋਂ ਛੋਟਾ ਹਾਥੀ (ਟਾਟਾ ਏਸ), ਬਲੈਰੋ, ਪਿੱਕ ਅੱਪ ਆਦਿ ਅਪਰੇਟਰਾਂ ਨੇ ਹਿੱਸਾ ਲਿਆ। ਧਰਨਾਕਾਰੀਆਂ ਨੂੰ ਜਥੇਬੰਦੀ ਦੇ ਸੂਬਾ ਸਕੱਤਰ ਹਰਜਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਸਮੇਤ ਹੋਰਨਾਂ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਸੜਕਾਂ ’ਤੇ ਆਏ ਦਿਨ ਵਧ ਰਹੀਆਂ ਜੁਗਾੜੂ ਮੋਟਰਸਾਈਕਲ ਰੇਹੜੀਆਂ ਨੇ ਉਨ੍ਹਾਂ ਦੇ ਕਾਰੋਬਾਰ ਠੱਪ ਕਰਕੇ ਰੱਖ ਦਿੱਤੇ ਹਨ| ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਦਿੱਤੇ ਜਾਣ ਵਾਲੇ ਟੈਕਸ ਵੀ ਅਦਾ ਕਰਨ ਤੋਂ ਅਸਮਰਥ ਹੋ ਚੁੱਕੇ ਹਨ|
ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸੜਕ ’ਤੇ ਸ਼ਰੇਆਮ ਘੁੰਮਦੇ ਗੈਰ ਕਾਨੂੰਨੀ ਵਾਹਨਾਂ ’ਤੇ ਪਾਬੰਦੀ ਲਗਾਈ ਜਾਵੇ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਜੇ ਅਜਿਹੇ ਵਾਹਨਾਂ ’ਤੇ ਪਾਬੰਦੀ ਨਾ ਲਗਾਈ ਗਈ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।