ਪੇਈਚਿੰਗ, 18 ਅਗਸਤ
ਚੀਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ’ਚ ਸਰਕਾਰ ਦੇ ਗਠਨ ਮਗਰੋਂ ਹੀ ਤਾਲਿਬਾਨ ਨੂੰ ਮਾਨਤਾ ਦੇਣ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਆਸ ਜਤਾਈ ਕਿ ਤਾਲਿਬਾਨ ਦੀ ਅਗਵਾਈ ਹੇਠ ਬਣਨ ਵਾਲੀ ਸਰਕਾਰ ‘ਖੁੱਲ੍ਹੀ, ਸਮੁੱਚ ਅਤੇ ਵਿਆਪਕ ਨੁਮਾਇੰਦਗੀ’ ਵਾਲੀ ਹੋਵੇਗੀ। ਮੀਡੀਆ ਨਾਲ ਗੱਲਬਾਤ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲੀਜਿਆਨ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਚੀਨ ਦੀ ਸਥਿਤੀ ਪਹਿਲਾਂ ਵਾਲੀ ਅਤੇ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਰਕਾਰ ਨੂੰ ਮਾਨਤਾ ਦੇਣੀ ਹੈ ਤਾਂ ਪਹਿਲਾਂ ਉਦੋਂ ਤੱਕ ਉਡੀਕ ਕਰਨੀ ਪਵੇਗੀ ਜਦੋਂ ਤੱਕ ਉਥੇ ਸਰਕਾਰ ਬਣ ਨਹੀਂ ਜਾਂਦੀ ਹੈ। ਉਨ੍ਹਾਂ ਤਾਲਿਬਾਨ ਨੂੰ ਕਿਹਾ ਕਿ ਸ਼ਿਨਜਿਆਂਗ ਪ੍ਰਾਂਤ ਦੇ ਉਈਗਰ ਦਹਿਸ਼ਤੀ ਜਥੇਬੰਦੀ ਅਤੇ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਨੂੰ ਮਨਜ਼ੂਰੀ ਨਾ ਦੇਣ ਕੇ ਉਹ ਆਪਣਾ ਵਾਅਦਾ ਨਿਭਾਏ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ’ਚ ਸ਼ਾਂਤੀ ਦੀ ਬਹਾਲੀ ਸਭ ਤੋਂ ਅਹਿਮ ਕੰਮ ਹੈ। -ਪੀਟੀਆਈ