ਨਰਿੰਦਰ ਸਿੰਘ ਕਪੂਰ
ਮਨੁੱਖੀ ਤਾਂਘ
ਮਨੁੱਖ ਦੀ ਪਹੁੰਚ ਤੋਂ ਬਾਹਰ ਦੀਆਂ ਚੀਜ਼ਾਂ ਬਿਨਾਂ ਐਲਾਨੇ ਵਰਜਿਤ ਹੁੰਦੀਆਂ ਹਨ। ਵਰਜਿਤ ਨੂੰ ਪ੍ਰਾਪਤ ਦੀ ਤਾਂਘ ਵੀ ਵਧੇਰੇ ਹੁੰਦੀ ਹੈ। ਦਰਅਸਲ, ਵਰਜਣਾਵਾਂ ਤੇ ਉਲੰਘਣਾਵਾਂ ਨਾਲ ਨਾਲ ਚਲਦੀਆਂ ਹਨ। ਇਹ ਲੇਖ ਵਰਜਣਾਵਾਂ ਤੇ ਉਨ੍ਹਾਂ ਤੋਂ ਪਾਰ ਜਾ ਕੇ ਫ਼ੈਸਲੇ ਲੈਣ ਦੇ ਕਾਰਨਾਂ ਅਤੇ ਸਿੱਟਿਆਂ ਬਾਰੇ ਦੱਸਦਾ ਹੈ।
ਵਰਜਿਤ ਦੀ ਉਸ ਦੇ ਵਰਜਿਤ ਹੋਣ ਕਰਕੇ ਖਿੱਚ ਹੁੰਦੀ ਹੈ। ਧਰਮ ਮਨੁੱਖ ਨੂੰ ਹਰ ਉਸ ਗੱਲ ਅਤੇ ਚੀਜ਼ ਤੋਂ ਵਰਜਦਾ ਹੈ ਜਿਸ ਤੋਂ ਮਨੁੱਖ ਨੂੰ ਪ੍ਰਸੰਨਤਾ ਮਿਲਦੀ ਹੈ। ਮਨੁੱਖੀ ਮਨ ਉਨ੍ਹਾਂ ਅਨੁਭਵਾਂ ਲਈ ਤਾਂਘਦਾ ਹੈ ਜਿਹੜੇ ਸਾਡੀ ਪਹੁੰਚ ਤੋਂ ਬਾਹਰ ਕਰ ਦਿੱਤੇ ਜਾਂਦੇ ਹਨ। ਖਿੱਚ ਤੋਂ ਭਾਵ ਇੱਛਾ ਤੋਂ ਹੈ। ਕੰਨ ਵਿਚ ਬੋਲੇ ਗਏ ਸ਼ਬਦਾਂ ਨੂੰ ਹੋਰਾਂ ਵੱਲੋਂ ਸੁਣਨ ਦੀ ਇੱਛਾ ਹੁੰਦੀ ਹੈ, ਐਲਾਨੇ ਗਏ ਸ਼ਬਦਾਂ ਦੀ ਨਹੀਂ। ਮਨੁੱਖ ਕੋਲ ਬਹੁਤ ਕੁਝ ਹੈ, ਪਰ ਬਹੁਤ ਕੁਝ ਹੋਣ ਦੇ ਬਾਵਜੂਦ ਮਨ ਉਨ੍ਹਾਂ ਲਈ ਤਾਂਘਦਾ ਹੈ ਜਿਹੜੇ ਪ੍ਰਾਪਤ ਨਹੀਂ ਹੁੰਦੇ। ਜਿਹੜੇ ਰਿਸ਼ਤੇ ਆਏ ਹੋਏ ਹਨ, ਉਹ ਪ੍ਰਵਾਨ ਨਹੀਂ, ਜਿਹੜੇ ਪ੍ਰਵਾਨ ਹੋ ਸਕਦੇ ਹਨ, ਉਹ ਆ ਨਹੀਂ ਰਹੇ। ਪਹੁੰਚ ਤੋਂ ਬਾਹਰ ਦੀਆਂ ਚੀਜ਼ਾਂ ਬਿਨਾਂ ਐਲਾਨੇ ਵਰਜਿਤ ਹੁੰਦੀਆਂ ਹਨ। ਕੰਪਨੀਆਂ ਚੀਜ਼ਾਂ ਦੀਆਂ ਕੀਮਤਾਂ ਇਤਨੀਆਂ ਰੱਖ ਦਿੰਦੀਆਂ ਹਨ ਕਿ ਬਹੁਤੇ ਲੋਕਾਂ ਲਈ ਉਹ ਤਾਂਘ ਬਣ ਜਾਂਦੀਆਂ ਹਨ। ਸਰਲ ਸ਼ਬਦਾਂ ਵਿਚ ਜੋ ਪ੍ਰਾਪਤ ਨਹੀਂ ਹੈ, ਜਿਸ ਨੂੰ ਪ੍ਰਾਪਤ ਕਰਨਾ ਸੌਖਾ ਨਹੀਂ ਹੈ, ਖਿੱਚ ਉਸ ਦੀ ਹੁੰਦੀ ਹੈ। ਵਰਜਿਤ ਦੇ ਕਰਨ ਨੂੰ ਗ਼ਲਤੀ, ਉਲੰਘਣਾ ਅਤੇ ਅਪਰਾਧ ਕਿਹਾ ਜਾਂਦਾ ਹੈ। ਸ਼ਰਾਰਤਾਂ ਦੇ ਵੀ ਇਹੀ ਅਰਥ ਹੁੰਦੇ ਹਨ। ਨੇਮਬੱਧ ਢੰਗ ਨਾਲ ਜੀਵੀ ਜਾ ਰਹੀ ਜ਼ਿੰਦਗੀ ਨੀਰਸ ਹੁੰਦੀ ਹੈ, ਸੋ ਨੇਮਾਂ ਨੂੰ ਤੋੜਿਆ ਜਾਂਦਾ ਹੈ। ਨੇਮਾਂ ਨੂੰ ਤੋੜਨ ਵੇਲੇ ਉਹ ਸ਼ਰਾਰਤ ਅਤੇ ਉਲੰਘਣਾ ਹੁੰਦਾ ਹੈ ਜਿਹੜਾ ਮਗਰੋਂ ਅਪਰਾਧ ਬਣ ਜਾਂਦਾ ਹੈ। ਵਰਜਿਤ ਸਬੰਧ ਬਲਾਤਕਾਰ ਬਣ ਜਾਂਦੇ ਹਨ। ਅਮਰੂਦ ਬਾਜ਼ਾਰ ਵਿਚ ਸਸਤੇ ਮਿਲਦੇ ਹਨ, ਪਰ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਦਰੱਖਤ ਨਾਲੋਂ ਤੋੜ ਕੇ ਖਾਣੇ ਚੰਗੇ ਲੱਗਦੇ ਹਨ ਕਿਉਂਕਿ ਤੋੜਨੇ ਵਰਜਿਤ ਹਨ।
ਇਸਾਈ ਧਰਮ ਅਨੁਸਾਰ ਇਹ ਸੰਸਾਰ ਆਦਮ ਅਤੇ ਹਵਾ ਦਾ ਸਿਰਜਿਆ ਹੋਇਆ ਹੈ। ਆਦਮ ਅਤੇ ਹਵਾ ਦੀ ਕਹਾਣੀ ਅਨੁਸਾਰ ਇਹ ਦੋਵੇਂ ਪਰਮਾਤਮਾ ਦੇ ਲਾਡਲੇ, ਬਹਿਸ਼ਤ ਵਿਚ ਰਹਿੰਦੇ ਸਨ, ਪਰ ਪਰਮਾਤਮਾ ਨੇ ਇਨ੍ਹਾਂ ਨੂੰ ਗਿਆਨ ਦਾ ਫ਼ਲ, ਸੇਬ ਖਾਣ ਤੋਂ ਵਰਜਿਆ ਹੋਇਆ ਸੀ, ਪਰ ਧੁਰ ਅੰਦਰ ਛੁਪੀ ਹੋਈ ਇੱਛਾ ਸ਼ੈਤਾਨ ਦਾ ਰੂਪ ਬਣ ਕੇ ਪ੍ਰਗਟ ਹੋਈ ਸੀ ਜਿਸ ਨੇ ਹਵਾ ਨੂੰ ਭਰਮਾ ਲਿਆ ਸੀ। ਉਸ ਨੇ ਸੇਬ ਖਾ ਲਿਆ ਸੀ ਜਿਸ ਕਰਕੇ ਆਦਮ ਅਤੇ ਹਵਾ ਦੋਵੇਂ ਬਹਿਸ਼ਤ ਵਿਚੋਂ ਕੱਢੇ ਗਏ ਸਨ। ਅਸੀਂ ਸਾਰੇ ਇਸਾਈ ਧਰਮ ਅਨੁਸਾਰ ਆਦਮ ਅਤੇ ਹਵਾ ਦੀ ਸੰਤਾਨ ਹਾਂ, ਅਸੀਂ ਪਾਪੀਆਂ ਦੀ ਸੰਤਾਨ ਹਾਂ, ਇਸੇ ਲਈ ਮਨੁੱਖ ਅੰਦਰ ਦੋਸ਼ ਭਾਵਨਾ ਹੈ। ਇਸਾਈ ਧਰਮ ਦਾ ਪਰਮਾਤਮਾ ਡਾਢਾ ਹੈ, ਉਹ ਸਜ਼ਾ ਦਿੰਦਾ ਹੈ। ਇਸਾਈ ਧਰਮ ਅਨੁਸਾਰ ਪਰਮਾਤਮਾ ਬਹਿਸ਼ਤ
ਵਿਚ ਰਹਿੰਦਾ ਹੈ। ਬਹਿਸ਼ਤ ਨਰਕ ਅਤੇ ਸਵਰਗ ਦੇ ਵਿਚਕਾਰ ਹੈ। ਮਨੁੱਖ ਮਰ ਕੇ ਪਰਮਾਤਮਾ ਕੋਲ ਜਾਂਦਾ ਹੈ ਜਿੱਥੇ ਉਸ ਦੇ ਕਰਮਾਂ-ਕੁਕਰਮਾਂ ਦੇ ਆਧਰ ’ਤੇ ਉਸ ਨੂੰ ਉਪਰ ਸਵਰਗ ਵਿਚ ਜਾਂ ਹੇਠਾਂ ਨਰਕ ਵਿਚ ਭੇਜਿਆ ਜਾਂਦਾ ਹੈ। ਇਸਾਈ ਧਰਮ ਦੇ ਦਸ ਨੇਮ ਸਖ਼ਤ ਵਰਜਣਾਵਾਂ ਹਨ ਜਿਨ੍ਹਾਂ ਦੀ ਪਾਲਣਾ ਘੱਟ ਅਤੇ ਉਲੰਘਣਾ ਵਧੇਰੇ ਹੁੰਦੀ ਹੈ।
ਵਰਜਣਾਵਾਂ ਹਰੇਕ ਧਰਮ ਵਿਚ ਹਨ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਲਈ ਵਰਜਣਾਵਾਂ ਵਧੇਰੇ ਹੀ ਨਹੀਂ, ਸਖ਼ਤ ਵੀ ਵਧੇਰੇ ਹਨ ਕਿਉਂਕਿ ਔਰਤ ਵਿਚ ਪੁਰਸ਼ਾਂ ਨੂੰ ਭਰਮਾਉਣ ਦੀ ਸ਼ਕਤੀ ਵਧੇਰੇ ਹੈ। ਇਕ ਕਾਰਨ ਇਹ ਵੀ ਹੈ ਕਿ ਪਾਬੰਦੀਆਂ ਪੁਰਸ਼ ਲਾਉਂਦੇ ਹਨ, ਜੇ ਪਾਬੰਦੀਆਂ ਲਾਉਣ ਦਾ ਅਧਿਕਾਰ ਔਰਤਾਂ ਨੂੰ ਹੋਵੇ ਤਾਂ ਸਾਰੀਆਂ ਪਾਬੰਦੀਆਂ ਪੁਰਸ਼ਾਂ ’ਤੇ ਲੱਗਣੀਆਂ ਸਨ। ਤਕੜਾ, ਕਮਜ਼ੋਰ ਉੱਤੇ ਪਾਬੰਦੀਆਂ ਲਾਉਂਦਾ ਹੈ। ਪਾਬੰਦੀਆਂ ਮੰਨੀਆਂ ਨਹੀਂ ਜਾਂਦੀਆਂ, ਕਿਉਂਕਿ ਇਹ ਮਨੁੱਖ ਦੀ ਬੁਨਿਆਦੀ ਤਾਂਘਾਂ ਦੇ ਵਿਰੁੱਧ ਹੋਣ ਕਰਕੇ ਇਨ੍ਹਾਂ ਦੀ ਖਿੱਚ ਇਤਨੀ ਹੁੰਦੀ ਹੈ ਕਿ ਇਨ੍ਹਾਂ ਦੀ ਆਪਮੁਹਾਰੇ ਉਲੰਘਣਾ ਹੋ ਜਾਂਦੀ ਹੈ। ਉਲੰਘਣਾ ਨਾਲ ਉਪਜਣ ਵਾਲੀ ਪਛਤਾਵੇ ਦੀ ਭਾਵਨਾ, ਤਣਾਓ ਉਪਜਾਉਂਦੀ ਹੈ।
ਅਸੀਂ ਕਦੀ ਧਿਆਨ ਨਹੀਂ ਦਿੰਦੇ ਮਾਪੇ, ਅਧਿਆਪਕ ਹੀ ਨਹੀਂ ਅਸੀਂ ਆਪ ਵੀ ਹਰ ਰੋਜ਼ ਵਰਜਣਾਵਾਂ ਦੇ ਅਨੇਕਾਂ ਵਾਕ ਬੋਲਦੇ ਹਾਂ, ਇਹ ਚੀਜ਼ ਨਹੀਂ ਖਾਣੀ, ਉਹ ਚੀਜ਼ ਨਹੀਂ ਪੀਣੀ, ਇਹ ਵੀਡੀਓ ਨਹੀਂ ਵੇਖਣੀ, ਉਸ ਨੂੰ ਨਹੀਂ ਮਿਲਣਾ, ਇਹ ਕੰਮ ਨਹੀਂ ਕਰਨਾ। ਜਦੋਂ ਕਿਸੇ ਨੂੰ ਕੁਝ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਅਸੀਂ ਨਾਲ ਹੀ ਇਹ ਵੀ ਦੱਸ ਰਹੇ ਹੁੰਦੇ ਹਾਂ ਕਿ ਤੂੰ ਇਹ ਕਰ ਸਕਦਾ ਹੈਂ, ਪਰ ਨਹੀਂ ਕਰਨਾ। ਅਸੀਂ ਕੁਝ ਕਰਨ ਤੋਂ ਰੋਕਣ ਨਾਲ ਉਹ ਕੁਝ ਕਰਨ ਦੀ ਇੱਛਾ ਵੀ ਉਪਜਾ ਰਹੇ ਹੁੰਦੇ ਹਾਂ। ਕੁਝ ਠੀਕ ਕਰਨ ਲਈ ਵਾਰ-ਵਾਰ ਕਹਿਣਾ ਪੈਂਦਾ ਹੈ ਜਦੋਂਕਿ ਵਰਜਿਤ ਨੂੰ ਕਰਨਾ ਅਸੀਂ ਆਪੇ, ਆਪਮੁਹਾਰੇ, ਬਿਨਾਂ ਸਿਖਾਏ ਸਿੱਖ ਜਾਂਦੇ ਹਾਂ।
ਧਰਮ ਅਤੇ ਸਮਾਜ ਦਾ ਨਿਯੰਤਰਣ ਬੜਾ ਸ਼ਕਤੀਸ਼ਾਲੀ ਹੁੰਦਾ ਹੈ। ਧਰਮ ਸਾਨੂੰ ਅੰਦਰੋਂ ਕਾਬੂ ਕਰਦਾ ਹੈ ਜਦੋਂਕਿ ਸਮਾਜ ਸਾਡੇ ਉੱਤੇ ਬਾਹਰੀ ਪਾਬੰਦੀਆਂ ਲਾਉਂਦਾ ਹੈ। ਜਦੋਂ ਪਾਬੰਦੀਆਂ, ਰੋਕਾਂ ਅਤੇ ਵਰਜਣਾਵਾਂ ਦੀ ਭਰਮਾਰ ਹੋ ਜਾਵੇ ਤਾਂ ਇਨ੍ਹਾਂ ਦੀ ਉਲੰਘਣਾ ਆਜ਼ਾਦੀ ਦਾ ਅਹਿਸਾਸ ਕਰਾਉਂਦੀ ਹੈ। ਫ਼ਿਲਮ ਤਾਂ ਕਿਸੇ ਵੀ ਛੁੱਟੀ ਵਾਲੇ ਦਿਨ ਵੇਖੀ ਜਾ ਸਕਦੀ ਹੈ, ਪਰ ਸਕੂਲੋਂ ਦੌੜ ਕੇ ਵੇਖਣ ਦਾ ਆਨੰਦ ਨਿਵੇਕਲਾ ਹੁੰਦਾ ਹੈ। ਇਹ ਨਿਵੇਕਲਾ ਹੁੰਦਾ ਨਹੀਂ, ਕਿਉਂਕਿ ਉਲੰਘਣਾ ਕਾਰਨ ਇਸ ਵਿਚ ਤੌਖ਼ਲਾ ਹੁੰਦਾ ਹੈ, ਪਰ ਇਵੇਂ ਕਰਨਾ ਬਹਾਦਰੀ ਪ੍ਰਤੀਤ ਹੁੰਦਾ ਹੈ। ਸਮਾਜ ਵਿਆਹ ਦੀ ਆਗਿਆ ਦਿੰਦਾ ਹੈ, ਵਿਆਹ ਸਮਾਜਿਕ ਵਰਤਾਰਾ ਹੁੰਦਾ ਹੈ, ਪਰ ਪਿਆਰ ਆਪਣਾ ਸਹੇੜਿਆ ਹੁੰਦਾ ਹੈ ਅਤੇ ਨਾਜਾਇਜ਼ ਰਿਸ਼ਤਾ ਸਥਾਪਤ ਨੇਮਾਂ ਨੂੰ ਤੋੜ ਕੇ ਸਥਾਪਤ ਕੀਤਾ ਗਿਆ ਹੁੰਦਾ ਹੈ, ਇਸ ਲਈ ਪਿਆਰ ਅਤੇ ਨਾਜਾਇਜ਼ ਸਬੰਧਾਂ ਦੀ ਖਿੱਚ ਵਧੇਰੇ ਹੁੰਦੀ ਹੈ। ਵਾਸਤਵ ਵਿਚ ਆਨੰਦ ਨੇਮ ਤੋੜਨ ਵਿਚ ਨਹੀਂ ਹੁੰਦਾ, ਆਪ ਫੈ਼ਸਲਾ ਕਰਨ ਦੀ ਮਾਣੀ ਗਈ ਆਜ਼ਾਦੀ ਵਿਚ ਹੁੰਦਾ ਹੈ। ਬੱਚਿਆਂ ਦੀ ਮਾਂ ਕਿਸੇ ਅਣਵਿਆਹੇ ਪੁਰਸ਼ ਨੂੰ ਪਿਆਰ ਇਸ ਕਰਕੇ ਕਰਨ ਲੱਗ ਪੈਂਦੀ ਹੈ ਕਿਉਂਕਿ ਇਹ ਉਸ ਨੂੰ ਔਰਤ ਨਹੀਂ, ਲੜਕੀ ਮਹਿਸੂਸ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ। ਹਰੀ ਲਾਈਟ ’ਤੇ ਤਾਂ ਸਾਰੇ ਹੀ ਚਲਦੇ ਹਨ, ਲਾਲ ਬੱਤੀ ’ਤੇ ਲੰਘਣ ਵਾਲੇ ਵਧੇਰੇ ਫੁਰਤੀਲੇ ਹੋਣ ਦੀ ਸਥਿਤੀ ਮਾਣਦੇ ਹਨ। ਨੱਥਾ ਸਿੰਘ ਨਾਂ ਦਾ ਵਿਅਕਤੀ ਕਿਹਾ ਕਰਦਾ ਸੀ, ਸ਼ਾਮ ਨੂੰ ਤਾਂ ਸਾਰੇ ਹੀ ਸ਼ਰਾਬ ਪੀਂਦੇ ਹਨ, ਸਵੇਰੇ ਹੀ ਸ਼ਰਾਬ ਪੀਣੀ ਨੱਥਾ ਸਿੰਘ ਹੀ ਸ਼ੁਰੂ ਕਰ ਸਕਦਾ ਹੈ। ਕਈ ਵਾਰੀ ਕੁਝ ਕਰਨ ਤੋਂ ਰੋਕਣ ਲਈ ਕਸਮਾਂ ਖੁਆਈਆਂ ਜਾਂਦੀਆਂ ਹਨ, ਪਰ ਇਨ੍ਹਾਂ ਨੂੰ ਤੋੜਨ ਦੀ ਭਾਵਨਾ ਸਾਧਾਰਨ ਵਰਜਣਾਵਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ। ਖ਼ਤਰੇ ਵਾਲੀਆਂ ਸਥਿਤੀਆਂ ਵਿਚ ਬੜੀ ਉਤੇਜਨਾ ਹੁੰਦੀ ਹੈ। ਵਰਜਿਤ ਨੂੰ ਕਰਨ ਦਾ ਹੌਸਲਾ ਅਤੇ ਉਤਸ਼ਾਹ ਕਿੱਥੋਂ ਮਿਲਦਾ ਹੈ? ਆਪਣੇ ਆਪ ਨੂੰ ਸਾਧਾਰਨ ਨਾਲੋਂ ਵਖਰਿਆਉਣ, ਕੁਝ ਵਿਸ਼ੇਸ਼ ਕਰਨ, ਆਪਣੀ ਯੋਗਤਾ ਤੇ ਤਾਕਤ ਵਿਖਾਉਣ ਦੀ ਤਾਂਘ ਮਨੁੱਖ ਨੂੰ ਉਤੇਜਿਤ ਕਰਦੀ ਹੈ। ਅਣਜਾਣੇ ਨੂੰ ਜਾਣਨ, ਅਣਗਾਹੇ ਨੂੰ ਗਾਹੁਣ, ਰੋਕਾਂ ਤੋਂ ਪਾਰ ਜਾਣ, ਸਥਾਪਤ ਨੂੰ ਵੰਗਾਰਨ, ਹਕੁੂਮਤ ਦਾ ਤਖ਼ਤਾ ਪਲਟਾਉਣ, ਬਗ਼ਾਵਤ ਕਰਨ ਦੀ ਤਾਂਘ ਸਦੀਵੀ ਹੁੰਦੀ ਹੈ।
ਕੀ ਵਰਜਿਤ ਦੀ ਇੱਛਾ ਨਹੀਂ ਕਰਨੀ ਚਾਹੀਦੀ? ਜਗਿਆਸਾ ਅਤੇ ਨਵੇਂ ਅਨੁਭਵਾਂ ਦੀ ਤਾਂਘ ਮਨੁੱਖੀ ਸੁਭਾਓ ਦਾ ਭਾਗ ਹਨ। ਜੇਕਰ ਅਸੀਂ ਕੇਵਲ ਦੱਸਿਆ ਹੋਇਆ ਹੀ ਕਰਦੇ ਰਹਾਂਗੇ ਅਤੇ ਹੋਰਾਂ ਦੇ ਪਿੱਛੇ ਹੀ ਟੁਰਦੇ ਰਹਾਂਗੇ ਤਾਂ ਹੋਰਾਂ ਨਾਲੋਂ ਵੱਖਰੇ ਕਿਵੇਂ ਮਹਿਸੂਸ ਕਰਾਂਗੇ? ਵਿਕਾਸ ਕਰਨਾ ਹੈ ਤਾਂ ਵਰਜਿਤ ਦੀ ਉਲੰਘਣਾ ਕਰਨ ਦੀ ਤਾਂਘ ਉਪਜੇਗੀ। ਨੇਮ ਮੰਨਣ ਵਾਲੇ, ਪਰੰਪਰਾ ਨੂੰ ਪਾਲਣ ਵਾਲੇ, ਕੁਝ ਨਵਾਂ ਨਹੀਂ ਕਰਦੇ। ਮੁੱਲ ਨਵੇਂ ਦਾ, ਨਿਵੇਕਲੇ ਦਾ ਪੈਂਦਾ ਹੈ। ਅਨੁਸ਼ਾਸਨ ਵਿਚ ਰਹਿਣ ਵਾਲੇ ਕਵੀ ਜਾਂ ਕਲਾਕਾਰ ਨਹੀਂ ਬਣਦੇ। ਲਾਡਲੇ ਆਪ ਕੁਝ ਨਹੀਂ ਸੋਚਦੇ। ਇਕ ਵਾਰੀ ਪੈਨਸਿਲਾਂ ਦਾ ਇਕ ਡੱਬਾ ਰੱਖ ਕੇ ਹਰੇਕ ਵਿਦਿਆਥੀ ਨੂੰ ਇਕ ਪੈਨਸਿਲ ਲੈ ਜਾਣ ਲਈ ਕਿਹਾ ਗਿਆ, ਪਰ ਕੋਈ ਦੋ ਲੈ ਜਾ ਰਿਹਾ ਸੀ, ਕੋਈ ਤਿੰਨ। ਦੋ ਵਾਲੇ ਨੇ ਪੁੱਛਣ ’ਤੇ ਦੱਸਿਆ ਕਿ ਦੂਜੀ ਮੇਰੇ ਗ਼ੈਰਹਾਜ਼ਰ ਦੋਸਤ ਲਈ ਹੈ, ਤਿੰਨ ਵਾਲੇ ਨੇ ਕਿਹਾ, ਮੇਰੀਆਂ ਪੈਨਸਿਲਾਂ ਗਵਾਚ ਜਾਂਦੀਆਂ ਹਨ। ਝੂਠ ਅਤੇ ਬਹਾਨੇ ਮਨੁੱਖੀ ਵਿਹਾਰ ਦਾ ਭਾਗ ਹਨ। ਇਹ ਵਰਜਿਤ ਨੂੰ ਨਾ ਮੰਨਣ ਕਾਰਨ ਉਪਜਦੇ ਹਨ। ਸਾਨੂੰ ਕੀ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ ਅਤੇ ਅਸੀਂ ਕੀ ਕਰ ਸਕਦੇ ਹਾਂ, ਕੀ ਕਰਨਾ ਚਾਹੁੰਦੇ ਹਾਂ, ਵਿਚਲਾ ਅੰਤਰ ਅਸੀਂ ਝੂਠ ਅਤੇ ਬਹਾਨਿਆਂ ਨਾਲ ਛੁਪਾਉਂਦੇ ਹਾਂ।
ਕੀ ਵਰਜਿਤ ਨੂੰ ਕਰਨਾ ਚਾਹੀਦਾ ਹੈ? ਕੁਝ ਕਰਨ ਜਾਂ ਨਾ ਕਰਨ ਦੀ ਚੋਣ ਹਰ ਵੇਲੇ ਸਾਡੇ ਵੱਸ ਵਿਚ ਨਹੀਂ ਹੁੰਦੀ। ਸਾਡੇ ਬਹੁਤ ਥੋੜ੍ਹੇ ਨਿਰਣੇ ਸੋਚ ਉੱਤੇ ਆਧਾਰਿਤ ਹੁੰਦੇ ਹਨ ਜਦੋਂਕਿ ਬਹੁਤੇ ਨਿਰਣੇ ਅਸੀਂ ਭਾਵਕਤਾ ਦੇ ਪ੍ਰੇਰੇ ਹੋਏ ਕਰਦੇ ਹਾਂ। ਨਾਜਾਇਜ਼ ਰਿਸ਼ਤਾ ਉਸਾਰਨ ਵਾਲੇ ਵੀ ਜਾਣਦੇ ਹਨ ਕਿ ਇਹ ਨਹੀਂ ਉਸਾਰਨਾ ਚਾਹੀਦਾ, ਪਰ ਇਹ ਉਸਰਦਾ ਹੈ। ਹਿੱਲਦੇ-ਵਗਦੇ ਪਾਣੀ ਸਾਫ਼ ਰਹਿੰਦੇ ਹਨ। ਕੁਦਰਤ ਦਾ ਨੇਮ ਹੈ, ਸਿੱਖੋ, ਵਿਕਾਸ ਕਰੋ, ਜਿਊਂਦੇ ਰਹੋ, ਪ੍ਰੋੜ੍ਹ ਹੋਵੇ। ਮਨੁੱਖ ਰੁਕਾਵਟਾਂ, ਬੰਦਿਸ਼ਾਂ, ਮਨਾਹੀਆਂ ਤੋਂ ਪਾਰ ਜਾਣ ਲਈ ਬਣਿਆ ਹੈ। ਵਰਜਿਤ ਨੂੰ ਕਰਨ ਨਾਲ ਸੋਝੀ ਹੁੰਦੀ ਹੈ ਕਿ ਮੈਂ ਕੀ ਹਾਂ, ਮੈਂ ਕੀ ਕਰ ਸਕਦਾ ਹਾਂ। ਕਈ ਵਾਰੀ ਵਰਜਿਤ ਨੂੰ ਕਰਨ ਨਾਲ ਘੋਰ ਨਿਰਾਸ਼ਾ ਵੀ ਹੁੰਦੀ ਹੈ। ਘੋਰ ਨਿਰਾਸ਼ਾ ਵੀ ਕਈ ਵਾਰ ਜ਼ਰੂਰੀ ਹੁੰਦੀ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਮੇਰੀ ਸਮਰੱਥਾ ਕੀ ਹੈ।
ਕਈ ਵਾਰੀ ਜਦੋਂ ਕਿਸੇ ਪੁਸਤਕ, ਫਿਲਮ, ਜਥੇਬੰਦੀ ਜਾਂ ਵਿਚਾਰਧਾਰਾ ’ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ ਤਾਂ ਉਸ ਦਾ ਵਿਰੋਧ ਕਰਨ ਲਈ ਗੁਪਤ ਗਰੁੱਪ ਪੈਦਾ ਹੋ ਜਾਂਦੇ ਹਨ। ਕਈ ਵਾਰੀ ਮਾਪੇ ਧੀ-ਪੁੱਤਰ ਨੂੰ ਕਿਸੇ ਨੂੰ ਪਿਆਰ ਕਰਨ ਤੋਂ ਵਰਜਦੇ ਹਨ। ਇਸ ਨਾਲ ਪਿਆਰ ਦੀਆਂ ਭਾਵਨਾਵਾਂ ਹੋਰ ਤੀਬਰ ਹੋ ਜਾਂਦੀਆਂ ਹਨ। ਸਥਿਤੀ ਦਰਿਆ ਦੇ ਵਹਿਣ ਵਿਚ ਰੁਕਾਵਟ ਵਾਲੀ ਹੋ ਜਾਂਦੀ ਹੈ। ਜਿਸ ਰਿਸ਼ਤੇ ਨੂੰ ਸਮਾਜ-ਪਰਿਵਾਰ ਪ੍ਰਵਾਨ ਨਹੀਂ ਕਰਦਾ, ਉਸ ਰਿਸ਼ਤੇ ਨੂੰ ਬਣਾਉਣਾ-ਨਿਭਾਉਣਾ ਜ਼ਿੰਦਗੀ ਮੌਤ ਦਾ ਸਵਾਲ ਬਣ ਜਾਂਦਾ ਹੈ। ਅਜਿਹੇ ਹੀ ਵਰਜਿਤ ਰਿਸ਼ਤੇ ਦੀ ਖਿੱਚ ਕਾਰਨ ਬਰਤਾਨੀਆ ਦੇ ਇਕ ਬਾਦਸ਼ਾਹ ਨੇ ਤਾਜ ਅਤੇ ਤਖ਼ਤ ਤਿਆਗ ਦਿੱਤਾ ਸੀ। ਕਈ ਵਾਰੀ ਕਿਸੇ ਇਸਤਰੀ ਦਾ ਕਿਸੇ ਅਜਿਹੇ ਪੁਰਸ਼ ਨਾਲ ਪਿਆਰ ਹੋ ਜਾਂਦਾ ਹੈ ਜਿਸ ਵਿਚ ਉਮਰ ਦੇ ਅੰਤਰ ਕਾਰਨ ਕਾਮਿਕ ਖਿੱਚ ਨਹੀਂ ਹੁੰਦੀ, ਪੁਰਸ਼ ਦੀ ਪ੍ਰਸਿੱਧੀ ਖਿੱਚ ਬਣ ਜਾਂਦੀ ਹੈ। ਪ੍ਰਸਿੱਧ ਅੰਗਰੇਜ਼ੀ ਫਿਲਾਸਫ਼ਰ ਬਰਟਰੰਡ ਰੱਸਲ ਨੇ ਚਾਰ ਵਿਆਹ ਕਰਵਾਏ, ਪਰ ਦੋ ਅੰਤਲੀਆਂ ਪਤਨੀਆਂ ਨੇ ਉਸ ਦੀ ਪ੍ਰਸਿੱਧੀ ਕਾਰਨ ਵਿਆਹ ਕੀਤੇ। ਅਜਿਹੇ ਪਿਆਰ ਵਿਚ ਕਾਮਿਕ ਖਿੱਚ ਨਹੀਂ ਹੁੰਦੀ, ਬੌਧਿਕ ਖਿੱਚ ਹੁੰਦੀ ਹੈ।
ਯੋਰਪ ਅਤੇ ਅਮਰੀਕਾ ਵਿਚ ਜੂਆ ਵਰਜਿਤ ਨਹੀਂ ਹੈ, ਵੇਸਵਾਗਮਨੀ ਦੀ ਵੀ ਕਾਨੂੰਨੀ ਆਗਿਆ ਹੈ, ਫਰਾਂਸ ਵਿਚ ਨਾਜਾਇਜ਼ ਰਿਸ਼ਤੇ ਪ੍ਰਵਾਨ ਹਨ ਜਿਸ ਕਾਰਨ ਉੱਥੇ ਇਨ੍ਹਾਂ ਦੀ ਖਿੱਚ ਨਹੀਂ ਹੈ। ਬਾਦਸ਼ਾਹ ਵੱਲੋਂ ਰਖੇਲਾਂ ਰੱਖਣ ਦੀ ਆਗਿਆ ਤਿੰਨ ਸਦੀਆਂ ਪਹਿਲਾਂ ਮਿਲ ਗਈ ਸੀ। ਅਮਰੀਕਾ ਵਿਚ ਕਿਸੇ ਪ੍ਰਕਾਰ ਦੇ ਪਹਿਰਾਵੇ ਜਾਂ ਕਿਸੇ ਦੇ ਕਿਸੇ ਨਾਲ ਵਿਆਹ ਸਬੰਧੀ ਰੋਕ ਨਹੀਂ ਹੈ ਜਿਸ ਕਾਰਨ ਇਨ੍ਹਾਂ ਦੇਸ਼ਾਂ ਵਿਚ ਉਹ ਸਮੱਸਿਆਵਾਂ ਉਪਜਦੀਆਂ ਹੀ ਨਹੀਂ ਜਿਨ੍ਹਾਂ ਪਿੱਛੇ ਭਾਰਤ ਵਰਗੇ ਦੇਸ਼ ਵਿਚ ਕਤਲ ਅਤੇ ਫ਼ਸਾਦ ਹੋ ਜਾਂਦੇ ਹਨ। ਜਿੱਥੇ ਵੀ ਵਰਜਣਾਵਾਂ ਹਨ, ਉਹ ਆਮ ਲੋਕਾਂ ਲਈ ਹੁੰਦੀਆਂ ਹਨ, ਹਾਕਮਾਂ ਲਈ ਕੁਝ ਵੀ ਵਰਜਿਤ ਨਹੀਂ ਹੈ। ਚੌਕ ਵਿਚ ਖਲੋਤੇ ਸਿਪਾਹੀ ਦਾ ਕਰਤੱਵ ਆਵਾਜਾਈ ਨੂੰ ਚੱਲਦਾ ਰੱਖਣਾ ਹੁੰਦਾ ਹੈ, ਪਰ ਜਦੋਂ ਹਾਕਮ ਉੱਥੋਂ ਲੰਘਦਾ ਹੈ ਤਾਂ ਸਿਪਾਹੀ ਚੱਲ ਰਹੀ ਆਵਾਜਾਈ ਨੂੰ ਰੋਕ ਕੇ, ਹਾਕਮ ਨੂੰ ਸਲੂਟ ਮਾਰ ਕੇ ਲੰਘਾਉਂਦਾ ਹੈ ਜਿਸ ਦਾ ਅਰਥ ਹੈ ਕਿ ਜੋ ਆਮ ਲਈ ਬੰਦ ਹੈ, ਉਹ ਹਾਕਮ ਲਈ ਖੁੱਲ੍ਹਾ ਹੈ।
ਵਰਜਣਾਵਾਂ ਦੀ ਉਸਾਰੂ ਭੂਮਿਕਾ ਵੀ ਹੁੰਦੀ ਹੈ। ਬਹੁਤੇ ਹਿੰਦੂ ਮਾਸ ਨਹੀਂ ਖਾਂਦੇ, ਗਊ ਦਾ ਮਾਸ ਬਿਲਕੁਲ ਹੀ ਨਹੀਂ ਖਾਂਦੇ। ਇਹ ਵਰਜਣਾ ਉਨ੍ਹਾਂ ਦੇ ਸੁਭਾਅ ਵਿਚ ਹੈ। ਕਈ ਵਾਰੀ ਕੋਈ ਲੋੜੀਂਦੀ ਵਰਜਣਾ ਲਾਗੂ ਕਰਨ ਲਈ ਕਿਸੇ ਮਹਾਨ ਸ਼ਖ਼ਸੀਅਤ ਦਾ ਹਵਾਲਾ ਦਿੱਤਾ ਜਾਂਦਾ ਜਾਂ ਵਾਸਤਾ ਪਾਇਆ ਜਾਂਦਾ ਹੈ। ਜੇ ਵਰਜਣਾ ਪਿੱਛੇ ਇਖ਼ਲਾਕੀ ਸ਼ਕਤੀ ਹੋਵੇ, ਇਹ ਕਿਸੇ ਦਾ ਵਿਹਾਰ ਬਦਲ ਸਕਦੀ ਹੈ। ਇਕ ਪੁਰਸ਼ ਨੂੰ ਦਿਨ-ਰਾਤ ਸ਼ਰਾਬ ਪੀਣ ਦੀ ਆਦਤ ਸੀ। ਇਕਲੌਤੀ ਧੀ ਪ੍ਰੇਸ਼ਾਨ ਸੀ, ਮਾਂ ਹੈ ਨਹੀਂ ਸੀ। ਇਕ ਵਾਰੀ ਧੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਗਈ ਜਿੱਥੇ ਉਤਸ਼ਾਹ ਵਾਲੇ ਵਾਤਾਵਰਣ ਵਿਚ ਉਸ ਨੇ ਅੰਮ੍ਰਿਤ ਛਕਿਆ ਅਤੇ ਐਲਾਨ ਕੀਤਾ ਕਿ ਅੱਜ ਤੋਂ ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ। ਘਰ ਪਹੁੰਚ ਕੇ ਪਿਤਾ ਨੂੰ ਦੱਸਿਆ ਕਿ ਮੈਂ ਅੰਮ੍ਰਿਤ ਛਕ ਕੇ ਆਈ ਹਾਂ, ਗੁਰੂ ਗੋਬਿੰਦ ਸਿੰਘ ਮੇਰੇ ਰਖਵਾਲੇ ਹਨ। ਅੱਜ ਤੋਂ ਇਸ ਘਰ ਵਿਚ ਕੋਈ ਕੁਰਹਿਤ ਨਹੀਂ ਹੋਵੇਗੀ। ਆਦਤ ਵੱਸ ਜਦੋਂ ਪਿਤਾ ਬੋਤਲ ਅਤੇ ਗਲਾਸ ਲੈ ਕੇ ਬੈਠਿਆ ਤਾਂ ਧੀ ਨੇ ਰਸੋਈ ਵਿਚੋਂ ਚਿਮਟਾ ਲਿਆ ਕੇ ਦੋਵੇਂ ਤੋੜ ਦਿੱਤੇ। ਪਿਤਾ ਗੁੱਸੇ ਵਿਚ ਜਦੋਂ ਧੀ ’ਤੇ ਹੱਥ ਚੁੱਕਣ ਲੱਗਿਆ ਤਾਂ ਧੀ ਨੇ ਹੱਥ ਪਕੜ ਕੇ, ਗਰਜ ਕੇ ਕਿਹਾ, ਕੀ ਗੁਰੂ ਗੋਬਿੰਦ ਸਿੰਘ ਨਾਲ ਲੜ ਸਕਣ ਦਾ ਸਾਹਸ ਰੱਖਦੇ ਹੋ? ਪਿਤਾ ਠਠੰਬਰ ਕੇ ਬਹਿ ਗਿਆ, ਧੀ ਆਪਣੇ ਕਮਰੇ ਵਿਚ ਚਲੀ ਗਈ। ਅੱਧੀ ਰਾਤ ਵੇਲੇ ਪਿਤਾ, ਧੀ ਦੇ ਕਮਰੇ ਵਿਚ, ਧੀ ਦੇ ਪੈਰਾਂ ’ਤੇ ਸਿਰ ਰੱਖ ਕੇ ਰੋ ਰਿਹਾ ਸੀ। ਧੀ ਨੇ ਕਿਹਾ, ‘‘ਇਹ ਕੀ ਕਰ ਰਹੇ ਹੋ?’’ ਪਿਤਾ ਨੇ ਕਿਹਾ, ‘‘ਮੈਂ ਤੇਰੇ ਅੰਦਰ ਵਸੇ ਗੁਰੂ ਗੋਬਿੰਦ ਸਿੰਘ ਅੱਗੇ ਮੱਥਾ ਟੇਕ ਰਿਹਾ ਹਾਂ, ਤੂੰ ਮੇਰੀ ਬੋਤਲ ਨਹੀਂ ਤੋੜੀ, ਤੂੰ ਮੇਰਾ ਹੰਕਾਰ ਤੋੜਿਆ ਹੈ, ਤੂੰ ਮੈਨੂੰ ਸਿੱਧੇ ਰਸਤੇ ਪਾਇਆ ਹੈ।’’
ਸਕੂਲਾਂ, ਹਸਪਤਾਲਾਂ, ਫੌ਼ਜ, ਪੁਲੀਸ ਸਭਨੀਂ ਥਾਈਂ ਵਰਜਣਾਵਾਂ ਵਾਲਾ ਅਨੁਸ਼ਾਸਨ ਲਾਗੂ ਹੁੰਦਾ ਹੈ। ਸਾਰੇ ਸਮਾਜਿਕ ਰਿਸ਼ਤੇ ਵਾਸਤਵ ਵਿਚ ਕਾਮਿਕ ਪੱਖੋਂ ਵਰਜਣਾਵਾਂ ਦੇ ਵੱਖ-ਵੱਖ ਨਾਂ ਹਨ। ਮਾਂ, ਭੈਣ, ਮਾਸੀ, ਭੂਆ ਆਦਿ ਦਾ ਅਰਥ ਇਹੀ ਹੈ ਕਿ ਇਨ੍ਹਾਂ ਨਾਲ ਸਬੰਧਤ ਵਰਜਣਾਵਾਂ ਨੂੰ ਖਿੜੇ ਮੱਥੇ ਪਾਲਣਾ ਹੈ। ਸਮਾਜ ਰੋਕਾਂ ਲਾਉਂਦਾ ਹੈ। ਇਨ੍ਹਾਂ ਮਨਾਹੀਆਂ ਅਤੇ ਵਰਜਣਾਵਾਂ ਦੀ ਲੋੜ ਪੈਂਦੀ ਹੈ ਕਿਉਂਕਿ ਮਨੁੱਖ ਅਜੇ ਇਤਨਾ ਵਿਕਸਿਤ ਨਹੀਂ ਹੋਇਆ, ਸਿਆਣਾ ਨਹੀਂ ਬਣਿਆ ਕਿ ਉਹ ਆਪ ਹੀ ਯੋਗ ਅਤੇ ਸਹੀ ਵਿਹਾਰ ਕਰ ਸਕੇ। ਮਨੁੱਖੀ ਵਿਹਾਰ ਦੀ ਵੀ ਦਰਜੇਬੰਦੀ ਹੁੰਦੀ ਹੈ। ਮਨੁੱਖ ਕਮਾਉਂਦਾ ਅਤੇ ਖ਼ਰਚਦਾ ਹੈ, ਖ਼ਰਚਣ ਨਾਲੋਂ ਬੱਚਤ ਕਰਨਾ ਉਚੇਰਾ ਵਿਹਾਰ ਹੈ। ਮਨੁੱਖ ਹਰ ਥਾਂ ਬੋਲਦਾ ਹੈ, ਪਰ ਚੁੱਪ ਰਹਿਣਾ ਬੋਲਣ ਨਾਲੋਂ ਵੱਡਾ ਗੁਣ ਹੁੰਦਾ ਹੈ। ਪਿਤਾ ਦੀ ਚੁੱਪ ਘਰ ਦੀ ਤੰਗੀ ਲੁਕੋ ਲੈਂਦੀ ਹੈ, ਮਾਂ ਦੀ ਚੁੱਪ ਔਲਾਦ ਦਾ ਦੁੱਖ ਝੋਲੀ ਵਿਚ ਸਮੋ ਲੈਂਦੀ ਹੈ, ਧੀ ਦੀ ਚੁੱਪ ਪੇਕਿਆਂ ਦੀ ਇੱਜ਼ਤ ਬਚਾ ਲੈਂਦੀ ਹੈ। ਪੁੱਤਰ ਦੀ ਚੁੱਪ ਮਾਪਿਆਂ ਦਾ ਬੁਢਾਪਾ ਮੋਢੇ ਚੁੱਕ ਲੈਂਦੀ ਹੈ। ਨੂੰਹ ਦੀ ਚੁੱਪ ਘਰ ਦੀਆਂ ਤਰੇੜਾਂ ਢਕ ਲੈਂਦੀ ਹੈ।
ਵਰਜਣਾਵਾਂ, ਮਨਾਹੀਆਂ, ਪਾਬੰਦੀਆਂ ਆਦਿ ਅਲਪ ਬੁੱਧੀ ਵਾਲੇ ਸਾਧਾਰਨ ਲੋਕਾਂ ’ਤੇ ਲਾਉਣੀਆਂ ਪੈਂਦੀਆਂ ਹਨ। ਸਮਾਜ ਦਾ ਇਕ ਸੁਲਝਿਆ ਹੋਇਆ, ਸਭਿਅਕ ਅਤੇ ਰੌਸ਼ਨ-ਦਿਮਾਗ਼ ਵਰਗ ਵੀ ਹੁੰਦਾ ਹੈ ਜਿਹੜਾ ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ’ਤੇ ਆਪ ਨਿਯੰਤਰਣ ਕਰਦਾ ਹੈ। ਕਵੀਆਂ, ਕਲਾਕਾਰਾਂ ਅਤੇ ਜਾਗੇ ਹੋਏ ਲੋਕਾਂ ਉੱਤੇ ਵਰਜਣਾਵਾਂ ਲਾਗੂ ਕਰਨ ਦੀ ਲੋੜ ਨਹੀਂ ਪੈਂਦੀ। ਇਨ੍ਹਾਂ ਦੀ ਜੀਵਨ-ਜਾਚ ਨੂੰ ਤਾਂ ਹੋਰ ਲੋਕ ਅਪਨਾਉਂਦੇ ਹਨ। ਇਸ ਵਰਗ ਕੋਲ ਪਿੱਛਾ ਕਰਨ ਲਈ ਆਪਣੇ ਸੁਪਨੇ ਅਤੇ ਪ੍ਰਾਪਤ ਕਰਨ ਲਈ ਆਪਣੇ ਉਦੇਸ਼ ਹੁੰਦੇ ਹਨ। ਭਾਵੇਂ ਅਜਿਹੇ ਲੋਕ ਬਹੁਤ ਥੋੜ੍ਹੇ ਹੁੰਦੇ ਹਨ, ਪਰ ਇਹ ਜਿੱਥੇ ਪਹੁੰਚਣਾ ਚਾਹੁੰਦੇ ਹਨ, ਉੱਥੇ ਪਹੁੰਚਦੇ ਹਨ। ਇਹ ਹਰ ਸਮਾਜ ਵਿਚ ਹੁੰਦੇ ਹਨ, ਇਹ ਹੋਰਾਂ ਲਈ ਪ੍ਰੇਰਨਾ ਦਾ ਸਰੋਤ ਹੁੰਦੇ ਹਨ।
ਜਿਨ੍ਹਾਂ ਨੂੰ ਵਰਜਣਾਵਾਂ ਦੀ ਉੱਕਾ ਹੀ ਲੋੜ ਨਹੀਂ ਪੈਂਦੀ, ਉਨ੍ਹਾਂ ਵਿਚ ਸਵੈ-ਕਾਬੂ ਅਤੇ ਸਵੈ-ਵਿਸ਼ਵਾਸ ਹੁੰਦਾ ਹੈ। ਸਵੈ-ਕਾਬੂ ਜਾਂ ਅਨੁਸ਼ਾਸਨ ਦਾ ਅਰਥ ਆਪਣੇ ਆਪ ਨਾਲ ਸਖ਼ਤ ਹੋਣਾ ਨਹੀਂ ਹੁੰਦਾ। ਸਵੈ-ਕਾਬੂ ਵਾਲੇ ਵਿਅਕਤੀ ਵਿਚ ਪ੍ਰੇਰਨਾ ਉਸ ਦੇ ਅੰਦਰੋਂ, ਉਸ ਦੇ ਸੁਪਨੇ, ਆਦਰਸ਼ ਅਤੇ ਉਦੇਸ਼ ਵਿਚੋਂ ਉਪਜਦੀ ਹੈ। ਜ਼ਿੰਦਗੀ ਵਿਚ ਮੌਕੇ ਘੱਟ ਅਤੇ ਰੁਕਾਵਟਾਂ ਵਧੇਰੇ ਹੁੰਦੀਆਂ ਹਨ, ਪਰ ਦ੍ਰਿੜ੍ਹ ਰਹਿਣਾ, ਸਿਦਕ ਅਤੇ ਸਿਰੜ ਬਣਾਈ ਰੱਖਣਾ, ਮੁਸ਼ਕਿਲ ਵਿਚ ਚਲਦੇ ਰਹਿਣਾ, ਰੁਕਾਵਟ ਵੇਲੇ ਰਸਤਾ ਲੱਭਣਾ, ਆਪਣੇ ਫੈ਼ਸਲਿਆਂ ਅਤੇ ਦਲੀਲਾਂ ਉੱਤੇ ਡਟੇ ਰਹਿਣਾ, ਨਸ਼ਿਆਂ ਅਤੇ ਸੁਸਤੀ-ਆਲਸ ਜਿਹੀਆਂ ਕਮਜ਼ੋਰੀਆਂ ਤੋਂ ਬਚੇ ਰਹਿਣਾ, ਆਪਣੇ ਆਪ ਵਿਚ ਭਰੋਸਾ ਰੱਖਣਾ, ਆਪਣੇ ਜੀਵਨ ਦਾ ਮਹੱਤਵ ਸਮਝਣਾ, ਨਿਸ਼ਾਨਾ ਅਤੇ ਨਿਸ਼ਾਨੇ ਦੇ ਪੜਾਓ ਮਿਥਣਾ ਅਤੇ ਆਪਣੇ ਯਤਨਾਂ ਦਾ ਮੁਲਾਂਕਣ ਕਰਦੇ ਰਹਿਣਾ, ਸਵੈ-ਕਾਬੂ ਵਾਲੇ ਵਿਅਕਤੀ ਦੇ ਲੱਛਣ ਹੁੰਦੇ ਹਨ। ਜਿਹੜੇ ਸਵੇਰੇ ਪ੍ਰਸੰਨ-ਚਿੱਤ ਨਾਲ ਉੱਠਦੇ ਹਨ, ਉਨ੍ਹਾਂ ਨੂੰ ਪ੍ਰੇਰਨ ਦੀ ਲੋੜ ਨਹੀਂ ਪੈਂਦੀ। ਜੇ ਤੁਸੀਂ ਵਿਕਾਸ ਕਰਨਾ ਚਾਹੁੰਦੇ ਹੋ ਤਾਂ ਆਪਣੇ ਆਪ ਨਾਲ ਝੂਠ ਬੋਲਣਾ ਤਿਆਗਣਾ ਪਏਗਾ, ਵਾਸਤਵਿਕ ਅਤੇ ਪੂਰਾ ਕੀਤਾ ਜਾਣ ਵਾਲਾ ਨਿਸ਼ਾਨਾ ਮਿਥਣਾ ਪਏਗਾ ਅਤੇ ਸਰੀਰਕ, ਬੌਧਿਕ ਅਤੇ ਭਾਵਕ ਵਿਕਾਸ ਵਿਚ ਦਿਲਚਸਪੀ ਲੈਣੀ ਪਏਗੀ ਤਾਂ ਹੀ ਸਵੈ-ਵਿਸ਼ਵਾਸ ਉਪਜੇਗਾ।
ਨਿਸ਼ਾਨੇ ਉਸਾਰਨੇ ਸੌਖੇ ਨਹੀਂ ਹੁੰਦੇ, ਪਰ ਇਹ ਆਪਣੀਆਂ ਆਦਤਾਂ ਅਤੇ ਯੋਗਤਾਵਾਂ ਦਾ ਮੁਲਾਂਕਣ ਕਰਕੇ ਉਸਾਰੇ ਜਾ ਸਕਦੇ ਹਨ। ਨਿਸ਼ਾਨੇ ਬਦਲਣੇ ਵੀ ਸੌਖੇ ਨਹੀਂ ਹੁੰਦੇ। ਕਈ ਪੁੱਛਦੇ ਹਨ, ਆਰੰਭ ਕਿਵੇਂ, ਕਿੱਥੋਂ ਕਰੀਏ? ਉੱਤਰ ਹੈ, ਜੋ ਵੀ ਕਰ ਰਹੇ ਹੋ ਉਹ ਚੰਗੇਰੇ ਢੰਗ ਨਾਲ ਕਰੋ, ਆਪਣੀ ਸਮਰੱਥਾ ਅਤੇ ਵਿਹਾਰ ਸੁਧਾਰੋ, ਹੋਰਾਂ ਵਿਚ ਦਿਲਚਸਪੀ ਲਓ, ਸੁਵੱਖਤੇ ਉਠੋਗੇ, ਸਵੇਰ ਦੇ ਅਰਥ ਬਦਲ ਜਾਣਗੇ, ਕਾਹਲ ਮੁੱਕ ਜਾਵੇਗੀ, ਹਰ ਕੰਮ ਲਈ ਵਕਤ ਹੋਵੇਗਾ। ਨਵੇਂ ਰਸਤਿਆਂ ਤੋਂ ਲੰਘੋਗੇ, ਅੱਖਾਂ ਵੇਖਣ ਦੀ ਥਾਂ ਨਿਹਾਰਨ ਲੱਗ ਪੈਣਗੀਆਂ। ਆਪਣੇ ਆਪ ਨੂੰ ਰਾਤੋ-ਰਾਤ ਨਹੀਂ ਬਦਲਿਆ ਜਾ ਸਕਦਾ। ਇਕ ਵੇਲੇ ਇਕ ਤਬਦੀਲੀ ਨਾਲ ਆਰੰਭ ਕਰੋ। ਸਮਾਜਿਕ ਜੀਵਨ ਸੁਧਾਰਨ ਲਈ ਨਵੀਆਂ ਥਾਵਾਂ, ਸਮਾਗਮਾਂ, ਭੋਗਾਂ ਆਦਿ ਵਿਚ ਇਕ ਨਵਾਂ ਜਾਣੂ ਬਣਾਉਣ ਨਾਲ, ਜਾਣ-ਪਛਾਣ ਦਾ ਘੇਰਾ ਵਿਸ਼ਾਲ ਹੁੰਦਾ ਜਾਵੇਗਾ। ਵਿਕਾਸ ਭਾਵੇਂ ਹੌਲੀ ਅਤੇ ਛੋਟਾ ਹੋਵੇ, ਇਹ ਨਿਰੰਤਰ ਵਾਪਰਨਾ ਚਾਹੀਦਾ ਹੈ। ਆਪਣੇ ਆਪ ਵਿਚ ਵਾਪਰ ਰਿਹਾ ਪਰਿਵਰਤਨ, ਆਪਣੇ ਸਨੇਹੀਆਂ ਨਾਲ ਸਾਂਝਾ ਕਰਨ ਨਾਲ ਇਹ ਪੱਕਾ ਹੋ ਜਾਂਦਾ ਹੈ। ਸਵੈ-ਕਾਬੂ ਅਤੇ ਸਵੈ-ਵਿਕਾਸ ਵਿਚ ਦਿਲਚਸਪੀ ਲੈਣ ਵਾਲੇ ਵਿਅਕਤੀਆਂ ਲਈ ਵਰਜਣਾਵਾਂ ਦੇ ਕੋਈ ਅਰਥ ਨਹੀਂ ਹੁੰਦੇ। ਤੁਸੀਂ ਵਿਲੱਖਣ ਹੋ, ਆਪਣੀ ਵਿਲੱਖਣਤਾ ਨੂੰ ਪਛਾਣੋ, ਹੋਰਾਂ ਦੇ ਹੁਕਮ ਮੰਨਣ ਦੀ ਥਾਂ ਆਪਣੇ ਨਿਰਣੇ ਆਪ ਕਰੋ, ਆਪਣੇ ਮਲਾਹ ਆਪ ਬਣੋ।