ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 30 ਦਸੰਬਰ
ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵੱਲੋਂ ਸੱਤ ਦਿਨ, ਸੱਤ ਲੇਖਕ, ਸੱਤ ਥਾਵਾਂ ਸਮਾਗਮ ਤਹਿਤ ਲੇਖਕਾਂ ਦਾ ਹਫਤਾਜ਼ ਲੜੀ ਤਹਿਤ ਕਰਵਾਏ ਗਏ ਸਮਾਗਮ ਦਾ ਸਮਾਪਤੀ ਸਮਾਰੋਹ ਪੰਜਾਬੀ ਨਾਟਕ ਦੇ ਨਾਂ ਰਿਹਾ। ਇਸ ਵਿੱਚ ਨਾਟਕਕਾਰ ਜਗਦੀਸ਼ ਸਚਦੇਵਾ ਦਰਸ਼ਕਾਂ ਦੇ ਰੂਬਰੂ ਹੋਏ ਜਦੋਂਕਿ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਅਤੇ ਪਰਵਾਸੀ ਰੰਗ ਕਰਮੀ ਜੋੜੀ ਪਰਮਜੀਤ ਸਿੰਘ ਤੇ ਰੇਨੂੰ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ ਜਦਕਿ ਡਾ. ਜਗਜੀਤ ਕੌਰ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਵਿੱਚ ਹੋਏ ਇਸ ਸਮਾਗਮ ਦਾ ਸੰਚਾਲਨ ਸ਼ਾਇਰ ਦੇਵ ਦਰਦ ਨੇ ਕੀਤਾ ਅਤੇ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਸਾਹਿਤਕਾਰ ਦੇਸ਼ ਰਾਜ ਕਾਲੀ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਰੂਪਰੇਖਾ ਸਾਂਝੀ ਕੀਤੀ। ਮਹਿਮਾਨ ਨਾਟਕਕਾਰ ਜਗਦੀਸ਼ ਸਚਦੇਵਾ ਨੇ ਆਪਣੇ ਬਹੁਚਰਚਿਤ ਨਾਟਕ ਚੌਂਕ ਢੋਲੀਆਂ, ਵਣਜਾਰੇ, ਖੁਸਰੇ, ਅਖਾੜਾ, ਸਾਵੀ ਅਤੇ ਸ਼ੂਗਰ ਫ੍ਰੀ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਨਾਟਕੀ ਸਫਰ ਰਾਹੀਂ ਉਨ੍ਹਾਂ ਜ਼ਿੰਦਗੀ ਨੂੰ ਨੇੜਿਓਂ ਸਮਝਿਆ ਹੈ ਅਤੇ ਪੇਸ਼ ਕੀਤਾ ਹੈ। ਸ੍ਰੀ ਕੇਵਲ ਧਾਲੀਵਾਲ ਨੇ ਪੰਜਾਬ ਸਾਹਿਤ ਅਕੈਡਮੀ ਵਲੋਂ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਸਮਾਜ ਅੰਦਰਲੀਆਂ ਬਹੁਤ ਸਾਰੀਆਂ ਅਲਾਮਤਾਂ ਨੂੰ ਦੂਰ ਕਰਨ ਵਿਚ ਸਹਾਈ ਹੁੰਦੇ ਹਨ। ਪਰਵਾਸੀ ਰੰਗ ਕਰਮੀ ਜੋੜੀ ਪਰਮਜੀਤ ਸਿੰਘ ਤੇ ਰੇਨੂੰ ਸਿੰਘ ਦੀ ਸਾਂਝੀ ਜੁਗਲਬੰਦੀ ਨਾਲ ਪੇਸ਼ ਕੀਤੀ ਨਜ਼ਮ ਨੇ ਮਾਹੌਲ ਨੂੰ ਅਦਬੀ ਰੰਗਤ ਦਿੱਤੀ। ਡਾ. ਕਸ਼ਮੀਰ ਸਿੰਘ ਅਤੇ ਮਲਵਿੰਦਰ ਨੇ ਧੰਨਵਾਦ ਕੀਤਾ। ਇਸ ਮੌਕੇ ਸੁਮਿਤ ਸਿੰਘ, ਧਰਵਿੰਦਰ ਔਲਖ, ਗੁਰਵੇਲ ਕੁਹਾਲਵੀ, ਮਨਮੋਹਨ ਬਾਸਰਕੇ, ਚੰਨ ਅਮਰੀਕ, ਰਘਂਬੀਰ ਸਿੰਘ ਸੋਹਲ ਵੀ ਹਾਜ਼ਰ ਸਨ।